ਗੱਗੋਮਾਹਲ/ਰਮਦਾਸ, 31 ਜੁਲਾਈ (ਡਾ. ਸਵਿੰਦਰ ਸਿੰਘ, ਸੁਰਿੰਦਰਪਾਲ)-ਅੱਜ ਦਿਨ ਦਿਹਾੜੇ ਫਤਿਹਗੜ੍ਹ ਚੂੜੀਆਂ ਸੜਕ ‘ਤੇ ਸਥਿਤ ਕਿਸਾਨ ਫਿਲਿੰਗ ਸਟੇਸ਼ਨ ‘ਤੇ ਮੋਟਰ ਸਾਇਕਲ ‘ਤੇ ਸਵਾਰ ਦੋ ਨੌਜਵਾਨਾਂ ਵੱਲੋਂ ਪੰਪ ਦੇ ਕਰਿੰਦੇ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਕਰੀਬ 3.30 ‘ਤੇ ਕਾਲੇ ਰੰਗ ਦੇ ਮੋਟਰ ਸਾਇਕਲ ‘ਤੇ ਸਵਾਰ ਦੋ ਮੋਨੇ ਨੌਜਵਾਨ ਕਿਸਾਨ ਫਿਲਿੰਗ ਸਟੇਸ਼ਨ ‘ਤੇ ਤੇਲ ਪਵਾਉਣ ਲਈ ਆਏ, ਤਾਂ ਪੰਪ ਦੇ ਕਰਿੰਦੇ ਬਲਜਿੰਦਰ ਸਿੰਘ ਨੇ ਤੇਲ ਪਾਉਣਾ ਸ਼ੁਰੂ ਕੀਤਾ। ਮੋਟਰ ਸਾਇਕਲ ਵਿੱਚ 727 ਰੁਪਏ ਦਾ ਪੈਟਰੋਲ ਪੈ ਜਾਣ ‘ਤੇ ਜਦੋਂ ਕਰਿੰਦੇ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਮੋਟਰ ਸਾਇਕਲ ਦੇ ਪਿੱਛੇ ਬੈਠੇ ਨੌਜਵਾਨ ਜੋ ਮੋਟਰ ਸਾਇਕਲ ਤੋਂ ਉੱਤਰਿਆ ਹੋਇਆ ਸੀ ਨੇ ਕਰਿੰਦੇ ਬਲਜਿੰਦਰ ਸਿੰਘ ਦੇ ਗੋਲੀ ਮਾਰ ਦਿੱਤੀ ਜਿਸ ਨਾਲ ਕਰਿੰਦਾ ਜ਼ਮੀਨ ‘ਤੇ ਡਿੱਗ ਪਿਆ। ਇਸ ਤੋਂ ਬਾਅਦ ਉਕਤ ਦੋਸ਼ੀ ਉਸ ਦੀ ਜੇਬ ਵਿੱਚੋਂ ਕੈਸ਼ ਕੱਢ ਕੇ ਫਰਾਰ ਹੋ ਗਏ, ਜਿਸ ਨੂੰ ਹਸਪਤਾਲ ਲੈ ਕੇ ਜਾਂਦਿਆ ਉਸ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੇ ਡੀ.ਐੱਸ.ਪੀ. ਅਜਨਾਲਾ ਸ੍ਰੀ ਤਿਲਕ ਰਾਜ ਤੇ ਐੱਸ.ਐੱਚ.ਓ. ਇੰਸਪੈਕਟਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਵਾਰਦਾਤ ਵਿੱਚ ਵਰਤੀ ਗਈ ਗੋਲੀ ਦਾ ਖੋਲ੍ਹ ਪੁਆਂਇੰਟ 32 ਬੋਰ ਪਿਸਟਲ ਦਾ ਹੈ ਤੇ ਪੁਲਿਸ ਮੁਸ਼ਤੈਦੀ ਨਾਲ ਕਾਤਲਾਂ ਦੀ ਭਾਲ ਕਰ ਰਹੀ ਹੈ।