ਸੁਨਾਮ, 31 ਜੁਲਾਈ (ਸੁਰਜੀਤ ਸਿੰਘ)-ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਪ੍ਰਮੁੱਖ ਧਰਮ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂ ਸਾਹਿਬ ਵਾਲਿਆਂ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਵੱਡੀਆਂ ਪ੍ਰਾਪਤੀਆਂ ਲਈ ਬਾਣੀ ਅਤੇ ਬਾਣੇ ਨਾਲ ਜੁੜੇ ਤਾਂ ਜੋ ਗੁਰੂ ਸਾਹਿਬਾਨ ਦੀ ਕ੍ਰਿਪਾ ਹਮੇਸ਼ਾ ਕੌਮ ਦੇ ਨਾਲ ਰਹੇ। ਉਹ ਏਥੇ ਸ਼ਹੀਦ ਉੱਧਮ ਸਿੰਘ ਪ੍ਰਾਈਮਰੀ ਸਕੂਲ ਅਤੇ ਗੁਰਦੁਆਰਾ ਪਾਤਸ਼ਾਹੀ ਪਹਿਲੀ ਵਿਖੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਗੁਰਮਤਿ ਚੇਤਨਾ ਸਮਾਗਮ ਵਿੱਚ ਬੋਲ ਰਹੇ ਸਨ।

ਇਹ ਤਿੰਨ ਰੋਜਾ ਸਮਾਗਮ 30-31 ਜੁਲਾਈ ਅਤੇ 1 ਅਗਸਤ ਤੱਕ ਹੋ ਰਿਹਾ ਹੈ। ਸਮਾਗਮ ਦੇ ਅਖੀਰਲੇ ਦਿਨ ਸਵੇਰੇ 10.00 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਇਲਾਕੇ ਦੀਆਂ ਸਿੱਖ ਸੰਗਤਾਂ ਵੱਲੋਂ ਇਸ ਸਮਾਗਮ ਵਿੱਚ ਹੁੰਮ ਹੁਮਾ ਕੇ ਹਾਜਰੀ ਭਰੀ ਜਾ ਰਹੀ ਹੈ। ਬਾਬਾ ਜੀ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿੱਚ ਵੀ ਕਾਫੀ ਹਫੜਾ-ਤਫ਼ੜੀ ਦਾ ਮਾਹੌਲ ਹੈ। ਪੁਲਿਸ ਵੱਲੋਂ ਕੱਲ੍ਹ ਇੱਥੇ ਕਾਲੇ ਕੱਪੜਿਆਂ ਵਾਲੇ ਹਥਿਆਰਬੰਦ ਕਮਾਡੋ ਵੀ ਤਾਇਨਾਤ ਕੀਤੇ ਗਏ ਸਨ। ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਸੰਗਤ ਵਿੱਚ ਦਹਿਸ਼ਤ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪ੍ਰੰਤੂ ਸੰਗਤਾਂ ਬੇਖੌਫ ਸੰਤ ਦਾਦੂਵਾਲ ਜੀ ਦੇ ਸਮਾਗਮ ਵਿੱਚ ਹਾਜਰੀ ਭਰਨ ਲਈ ਆ ਰਹੀਆਂ ਹਨ। ਸਮਾਗਮ ਦੌਰਾਨ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ ਲਈ ਲਗਾਤਾਰ ਲੜੀਵਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਖੇਤਰ ਵਿੱਚ ਸੰਤ ਦਾਦੂਵਾਲ ਜੀ ਦਾ ਕਾਫ਼ੀ ਪ੍ਰਭਾਵ ਹੈ। ਇਲਾਕੇ ਦੀਆਂ ਸੰਗਤਾਂ ਉਨ੍ਹਾਂ ਦੇ ਸਮਾਗਮ ਦੀ ਉਡੀਕ ਕਰਦੀਆਂ ਰਹਿੰਦੀਆਂ ਹਨ। ਪ੍ਰਬੰਧਕਾਂ ਦੀ ਤਰਜ ਤੋਂ ਸਮਾਗਮ ਦਾ ਬਹੁਤ ਹੀ ਸ਼ਾਨਦਾਰ ਪ੍ਰਬੰਧ ਕੀਤਾ ਗਿਆ ਹੈ। ਬਾਬਾ ਜੀ ਦੀਆਂ ਹਦਾਇਤਾਂ ਮੁਤਾਬਿਕ ਸੰਗਤਾਂ ਦੀ ਹਰ ਸੁੱਖ ਸਹੂਲਤ ਦਾ ਖਿਆਲ ਰੱਖਿਆ ਜਾ ਰਿਹਾ ਹੈ। ਸਮਾਰੋਹ ਦੇ ਆਖਰੀ ਦਿਨ 1 ਅਗਸਤ ਨੂੰ ਭਾਰੀ ਇਕੱਠ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਪ੍ਰਾਣੀ ਅੰਮ੍ਰਿਤ ਛਕਣਗੇ।