ਫਤਿਹਗੜ੍ਹ ਸਾਹਿਬ /ਅਮਲੋਹ 31ਜੁਲਾਈ (ਗੁਰਬਖਸ਼ ਸਿੰਘ, ਰਣਜੀਤ ਘੁੰਮਣ)-ਲੰਘੀ ਦੇਰ ਰਾਤ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਪਨਬਸ ਦੀ ਬੱਸ ਸਰਹਿੰਦ ਨੇੜਲੇ ਫ਼ਲੋਟਿੰਗ ਰੈਸਟੋਰੈਂਟ ਪੁਲ ਤੋਂ ਭਾਖੜਾ ਨਹਿਰ ‘ਚ ਡਿੱਗ ਗਈ, ਜੋ ਕਰੀਬ 4 ਕਿਲੋਮੀਟਰ ਦੂਰ ਸੌਂਢਾ ਹੈਡ ‘ਤੇ ਸਵੇਰੇ ਬਰਾਮਦ ਕੀਤੀ ਗਈ।

ਗੋਤਾਖ਼ੋਰਾਂ ਨੇ ਹੁਣ ਤੱਕ ਦੋ ਲਾਸ਼ਾਂ ਬਰਾਮਦ ਕੀਤੀਆਂ ਹਨ। ਬਾਕੀ ਸਵਾਰੀਆਂ ਦੀ ਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ। ਉਧਰ ਪੰਜਾਬ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਲੋਕ ਸੰਪਰਕ ਤੇ ਮਾਲ ਮੰਤਰੀ ਨੇ ਇਸ ਮੰਦਭਾਗੀ ਘਟਨਾ ‘ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ।ਮੌਕੇ ‘ਤੇ ਪੁੱਜੇ ਡਿਪਟੀ ਕਮਿਸ਼ਨਰ ਸ੍ਰੀ ਅਰੁਣ ਸੇਖੜੀ ਨੇ ਦੱਸਿਆ ਕਿ ਸਵੇਰੇ ਕਰੀਬ 6.30 ਵਜੇ ਸੌਂਢਾ ਹੈਡ ਨੇੜੇ ਸੈਰ ਕਰ ਰਹੇ ਲੋਕਾਂ ਵੱਲੋਂ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਅੰਮ੍ਰਿਤਸਰ ਡਿਪੂ-1 ਦੀ ਪਨਬਸ ਨੰਬਰ (ਪੀ.ਬੀ.-02-ਬੀ.ਐਸ.-9837) ਬਾਰੇ ਦਿੱਤੀ ਸੂਚਨਾ ਪਿੱਛੋਂ ਪ੍ਰਸ਼ਾਸਨ ਨੇ ਰਾਹਤ ਕਾਰਜ ਅਰੰਭੇ ਅਤੇ ਕਰੀਬ 10.30 ਵਜੇ ਬੱਸ ਨੂੰ ਕੱਢਿਆ ਗਿਆ। ਬੱਸ ਵਿੱਚੋਂ ਮੌਕੇ ‘ਤੇ ਇਕ ਲਾਸ਼ ਤੇ 10 ਬੈਗ ਬਰਾਮਦ ਹੋਏ ਹਨ ਅਤੇ ਲਾਸ਼ ਨੂੰ ਸ਼ਨਾਖ਼ਤ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਹੋਰ ਲਾਸ਼ ਨਰਵਾਣਾ ਬ੍ਰਾਂਚ ਵਿੱਚੋਂ ਗੰਢੂਆਂ ਖੇੜੀ ਨੇੜੇ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਰਵਾਰਕ ਮੈਂਬਰਾਂ ਦੇ ਆਉਣ ‘ਤੇ ਹੀ ਲਾਸ਼ਾਂ ਦੀ ਸ਼ਨਾਖ਼ਤ ਸੰਭਵ ਹੋ ਸਕੇਗੀ। ਸ੍ਰੀ ਸੇਖੜੀ ਨੇ ਦੱਸਿਆ ਕਿ ਹੋਰਨਾਂ ਸਵਾਰੀਆਂ ਦੀ ਜੰਗੀ ਪੱਧਰ ‘ਤੇ ਭਾਲ ਕਰਨ ਲਈ ਗੋਤਾਖ਼ੋਰਾਂ ਨੂੰ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਨਬਸ ਦੇ ਜਨਰਲ ਮੈਨੇਜਰ ਤੋਂ ਪ੍ਰਾਪਤ ਹੋਈ ਰਿਪੋਰਟ ਮੁਤਾਬਕ ਬੱਸ ਵਿੱਚ ਦਿੱਲੀ ਤੋਂ ਡਰਾਈਵਰ ਤੇ ਕੰਡਕਟਰ ਸਣੇ ਕੁਲ 27 ਸਵਾਰੀਆਂ ਬੈਠੀਆਂ ਸਨ। ਉਨ੍ਹਾਂ ਦੱਸਿਆ ਕਿ ਸ਼ੰਭੂ ਟੌਲ ਪਲਾਜ਼ਾ ਤੋਂ ਸੀ.ਸੀ.ਟੀ.ਵੀ. ਫ਼ੁਟੇਜ ਹਾਸਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਬੱਸ ਵਿੱਚ ਬੈਠੀਆਂ ਸਵਾਰੀਆਂ ਦੀ ਸਹੀ ਗਿਣਤੀ ਬਾਰੇ ਪਤਾ ਲੱਗ ਸਕੇ।
ਸ੍ਰੀ ਸੇਖੜੀ ਨੇ ਦੱਸਿਆ ਕਿ ਪੀੜਤ ਪਰਵਾਰਾਂ ਨੂੰ ਸੂਚਨਾ ਦੇ ਅਦਾਨ-ਪ੍ਰਦਾਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੈਲਪਲਾਈਨ ਨੰਬਰ 01763-232838 ਅਤੇ ਐਸ.ਐਸ.ਪੀ. ਦਫ਼ਤਰ ਵਿੱਚ ਹੈਲਪਲਾਈਨ ਨੰਬਰ 01763-223100 ਸਥਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ (ਟੈਲੀਫ਼ੋਨ ਨੰਬਰ-01763-232205) ਸਣੇ ਲੁਧਿਆਣਾ ਸਿਵਲ ਹਸਪਤਾਲ (ਟੈਲੀਫ਼ੋਨ ਨੰਬਰ-0161-2610502) ਅਤੇ ਖੰਨਾ ਸਿਵਲ ਹਸਪਤਾਲ (ਟੈਲੀਫ਼ੋਨ ਨੰਬਰ-01628-220102) ਦੇ ਡਾਕਟਰਾਂ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵਾਰਸਾਂ ਦੇ ਹਵਾਲੇ ਕਰਨ ਤੱਕ ਲਾਸ਼ਾਂ ਦੀ ਸੰਭਾਲ ਕਰਨ। ਘਟਨਾ ਵਾਲੀ ਥਾਂ ਪੁੱਜੇ ਐਸ.ਐਸ.ਪੀ. ਸ੍ਰੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਸ਼ੰਭੂ ਟੌਲ ਪਲਾਜ਼ਾ ‘ਤੇ ਤੜਕੇ 1.10 ਵਜੇ ਬੱਸ ਦਾ ਇੰਦਰਾਜ ਕੀਤਾ ਗਿਆ ਹੈ। ਇਸ ਮੁਤਾਬਕ ਬੱਸ ਨਾਲ ਹਾਦਸਾ ਕਰੀਬ 2.30 ਵਜੇ ਹਾਦਸਾ ਵਾਪਰਿਆ ਹੋ ਸਕਦਾ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੀੜਤ ਪਰਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਜ਼ਿਲ੍ਹੇ ਦੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਨਿਰਦੇਸ਼ ਦਿੱਤੇ ਹਨ ਕਿ ਬਚਾਅ ਕਾਰਜਾਂ ਨੂੰ ਹੋਰ ਤੇਜ਼ ਕੀਤਾ ਜਾਵੇ ਅਤੇ ਪੀੜਤ ਪਰਵਾਰਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਅਤੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਵੀ ਹਾਲਾਤ ਦਾ ਜਾਇਜ਼ਾ ਲੈਣ ਲਈ ਹਾਦਸੇ ਵਾਲੀ ਥਾਂ ‘ਤੇ ਪੁੱਜੇ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਬੱਸੀ ਪਠਾਣਾਂ ਤੋਂ ਵਿਧਾਇਕ ਜਸਟਿਸ (ਸੇਵਾ ਮੁਕਤ) ਸ੍ਰੀ ਨਿਰਮਲ ਸਿੰਘ, ਸਾਬਕਾ ਮੰਤਰੀ ਸ. ਰਣਧੀਰ ਸਿੰਘ ਚੀਮਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਜਗਦੀਪ ਸਿੰਘ ਚੀਮਾ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਅਜੇ ਸਿੰਘ ਲਿਬੜਾ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ।