ਪੰਜਾਬ ਟਾਇਮਜ਼ ਦੀ ਖ਼ਬਰ ਨਾਲ ਪੁਲਿਸ ਨੂੰ ਵਖ਼ਤ ਪਿਆ
ਲੁਧਿਆਣਾ, 18 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ਸੀਲ ਬਜ਼ੁਰਗ ਸਿੱਖ ਆਗੂ ਜਥੇਦਾਰ ਸੂਰਤ ਸਿਘ ਖਾਲਸਾ ਨੇ ਐਲਾਨ ਕੀਤਾ ਹੈ ਕਿ ਉਹ ਸੰਗਤ ਨਾਲ ਵਾਅਦੇ ਮੁਤਾਬਿਕ ਆਪਣੇ ਸੰਘਰਸ਼ ਨੂੰ ਜਾਰੀ ਰੱਖਣਗੇ ਅਤੇ ਸਿੰਘਾਂ ਦੀ ਰਿਹਾਈ ਤੱਕ ਚੁੱਪ ਨਹੀਂ ਰਹਿਣਗੇ। ਜਥੇਦਾਰ ਖਾਲਸਾ ਨੂੰ ਪੰਜਾਬ ਪੁਲਿਸ ਨੇ 16 ਜਨਵਰੀ ਤੋਂ ਇਥੋਂ ਨੇੜੇ ਪੈਂਦੇ ਪਿੰਡ ਹਸਨਪੁਰ ਵਿਖੇ ਘਰ ਵਿੱਚ ਨਜ਼ਰਬੰਦ ਕਰ ਰੱਖਿਆ ਸੀ ਪਰ ਪੰਜਾਬ ਟਾਇਮਜ਼ ਵਿੱਚ ਲੱਗੀ ਖਬਰ ਕਾਰਨ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈੇ। ਗੈਰਕਾਨੂੰਨੀ ਨਜ਼ਰਬੰਦੀ ਵਿੱਚ ਸ਼ਾਮਿਲ ਪੁਲਿਸ ਪਾਰਟੀ ਅੱਜ ਸਵੇਰੇ ਅਚਾਨਕ ਗਾਇਬ ਹੋ ਗਈ। ਇਸ ਦੌਰਾਨ ਜਥੇਦਾਰ ਸੂਰਤ ਸਿੰਘ ਖਾਲਸਾ ਨੇ ਘਰ ਤੋਂ ਬਾਹਰ ਆ ਕੇ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਮਿਲਣੀ ਕੀਤੀ ਅਤੇ ਸਮੁੱਚੀ ਹਾਲਤ ਤੋਂ ਜਾਣੂ
ਕਰਵਾਇਆ। ਇਸ ਮੌਕੇ ’ਤੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਜੇਕਰ ਉਹ ਸਿੱਖ ਪੰਥ ਦੀਆਂ ਮੰਗਾਂ ਪ੍ਰਤੀ ਸੁਹਿਰਦ ਹਨ ਤਾਂ ਉਨ੍ਹਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਘੱਟੋ-ਘੱਟ 4 ਸਿੱਖ ਨਜ਼ਰਬੰਦ ਰਿਹਾਅ ਕਰ ਦਿੱਤੇ ਜਾਣ। ਇਨ੍ਹਾਂ ਚਾਰਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਪਿਛਲੇ ਸਾਲ ਭਰੋਸਾ ਦਿੱਤਾ ਗਿਆ ਸੀ। ਇਸ ਦੌਰਾਨ ਭਾਈ ਖਾਲਸਾ ਦੀ ਘਰ ਨਜ਼ਰਬੰਦੀ ਖਿਲਾਫ ਸਿੱਖ ਪੰਥ ਵਿੱਚ ਰੋਹ ਵਧ ਰਿਹਾ ਹੈ।



