ਸੰਗਰੂਰ, 13 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਕਾਲਾ ਧਨ ਵਾਪਿਸ ਲਿਆਉਣ ਸੰਬੰਧੀ ਬੀਤੇਂ ਦਿਨੀਂ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵਲੋਂ ਦਿੱਲੀ ਵਿਖੇ ਅਸਮਰਥਤਾ ਦੀ ਝਲਕ ਭਰੇ ਦਿੱਤੇ ਬਿਆਨ ਤੋਂ ਨਾਰਾਜ਼ ਹੋਏ ਕਾਂਗਰਸੀਆਂ ਨੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਬੀਬੀ ਪੂਨਮ ਕਾਂਗੜਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਖ਼ਿਲਾਫ ਆਪਣੀ ਭੜ੍ਹਾਸ ਕੱਢੀ। ਇਸ ਮੌਕੇ ਜਾਹਿਰ ਕਰਦਿਆਂ ਕਾਂਗਰਸੀਆਂ ਭਾਜਪਾ ਨੂੰ ਇੱਕ ਅਸਫ਼ਲ ਤੇ ਲੋਕ ਵਿਰੋਧੀ ਫੈਸਲੇ ਲੈਣ ਵਾਲੀ ਪਾਰਟੀ ਕਰਾਰਿਆ। ਇਸ ਮੌਕੇ ਬੀਬੀ ਕਾਂਗੜਾ ਨੇ ਕਿਹਾ ਕਿ 100 ਦਿਨ’ਚ ਕਾਲਾ ਧਨ ਵਾਪਿਸ ਲਿਆਉਣ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸੱਤਾ ਸੰਭਾਲਦਿਆਂ ਕਰੀਬ 200 ਤੋਂ ਵੱਧ ਦਿਨ ਹੋਣ ’ਤੇ ਵੀ ਆਪਣਾ ਵਾਅਦਾ ਪੂਰਾ ਨਹੀਂ ਕਰ
ਸਕੇ ਤੇ ਹੁਣ ਉਸ ਮੁੱਦੇ ਨੂੰ ਛੇੜਨਾ ਤੱਕ ਨਹੀਂ ਚਾਹੁੰਦੇ ਜਦਕਿ ਆਪਣੇ ਲੱਛੇਦਾਰ ਬਿਆਨਾਂ ’ਚ ਜਨਤਾ ਨੂੰ ਅਜੇ ਵੀ ਭਰਮਾਉਣ ਦੇ ਯਤਨ ਕਰ ਰਹੇ ਹਨ, ਜਿਸ ਵਿਚ ਨਾਕਾਮ ਹੀ ਹੋਣਗੇ ਕਿਉਂਕਿ ਦੇਸ਼ ਦੀ ਜਨਤਾ ਹੁਣ ਭਾਜਪਾ ਦਾ ਅਸਲ ਚਿਹਰਾ ਦੇਖ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬੀ ਪੀ ਦਾ ਪੂਰਾ ਨਾਮ ਹੀ ਬੜੀ ਝੂਠੀ ਪਾਰਟੀ ਹੈ ਜਿਸ ਨੂੰ ਪਿਛਲੇ ਦਿਨੀਂ ਅਮਿਤ ਸ਼ਾਹ ਵੱਲੋਂ ਦਿੱਤੇ ਬਿਆਨ ਨੇ ਸਾਬਿਤ ਕਰ ਦਿੱਤਾ ਹੈ। ਜਿਨ੍ਹਾਂ ਨੇ ਦੇਸ਼ ਦਾ ਕਾਲਾ ਧਨ ਵਾਪਿਸ ਲਿਆਉਣ ਸੰਬਧੀ ਕੋਰੀ ਅਸਮਰਥਤਾ ਦਿਖਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਸਭਾ ਚੋਣਾਂ ਸਮੇਂ ਭਾਜਪਾਈਆਂ ਨੇ ਵੱਡੇ ਵੱਡੇ ਜਨਤਾ ਨਾਲ ਝੂਠੇ ਵਾਅਦੇ ਕੀਤੇ ਅਤੇ ਹੁਣ ਸੱਤਾ ਹਾਸਲ ਕਰਨ ਤੋਂ ਬਾਅਦ ਵੀ ਜਨਤਾ ਨੂੰ ਬੇਵਕੁੂਫ ਬਣਾਉਣ ’ਤੇ ਲੱਗੇ ਹੋਏ ਹਨ, ਜਿਨ੍ਹਾਂ ਕਾਲੇ ਧਨ ਦੀ ਰਾਸ਼ੀ ਜਨਤਾ ’ਚ ਵੰਡਣ ਲਈ ਜਨ ਧਨ ਸਕੀਮ ਤਹਿਤ ਵੱਡੇ ਪੱਧਰ ’ਤੇ ਲੋਕਾਂ ਦੇ ਬੈਂਕ ਖਾਤੇ ਖੋਲ੍ਹੇ ਗਏ ਸਨ। ਉਨ੍ਹਾਂ ਨੂੰ ਉਨ੍ਹ੍ਹਾਂ ਖਾਤਿਆਂ ’ਚ ਰਾਸ਼ੀ ਤਾਂ ਕੀ ਜਾਰੀ ਕਰਨੀ ਸੀ। ਅਜੇ ਤੱਕ ਵੱਖ ਵੱਖ ਬੈਂਕਾਂ ਵੱਲੋਂ ਜਨਤਾ ਨੂੰ ਖੋਲ੍ਹੇ ਖਾਤਿਆਂ ਦੀ ਪਾਸ ਬੁੱਕ ਤੱਕ ਜਾਰੀ ਨਹੀਂ ਕੀਤੀ ਗਈ, ਜਿਸ ਕਾਰਨ ਸੰਬਧਿਤ ਲੋਕ ਆਪਣਾ ਕੰਮ ਕਾਰ ਛੱਡ ਕੇ ਪਾਸ ਬੁੱਕ ਲੈਣ ਲਈ ਬੈਂਕਾਂ ਦੇ ਵਾਰ ਵਾਰ ਗੇੜੇ ਕੱਟ ਰਹੇ ਹਨ। ਇਸ ਮੌਕੇ ਦਲਵਾਰਾ ਸਿੰਘ ,ਗੁਰਦੇਵ ਸਿੰਘ, ਜਗਦੇਵ ਸਿੰਘ ,ਗੁਰਚਰਨ ਸਿੰਘ, ਜ਼ਸਵੰਤ ਸਿੰਘ, ਇਕਬਾਲ ਸਿੰਘ, ਕੁਲਵਿੰਦਰ ਸਿੰਘ, ਹਰਚਰਨ ਸਿੰਘ, ਰਾਜਬੀਰ ਸਿੰਘ, ਜ਼ਸਵੀਰ ਕੌਰ, ਬੇਅੰਤ ਕੌਰ, ਹਰਪਾਲ ਕੌਰ, ਬਲਜੀਤ ਕੌਰ, ਕਿਰਨਪਾਲ ਕੌਰ, ਰਾਣੀ ਕੌਰ ਤੋਂ ਇਲਾਵਾ ਹੋਰ ਵੀ ਭਾਰੀ ਗਿਣਤੀ ਵਿਚ ਕਾਂਗਰਸੀ ਆਦਿ ਹਾਜ਼ਰ ਸਨ।



