June 21, 2026 5:16 am

ਕਾਲਾ ਕੱਛਾ ਗਿਰੋਹ ਦੀ ਦਹਿਸ਼ਤ ਅਤੇ ਪੁਲਿਸ ਦੀ ਧੱਕੇਸ਼ਾਹੀ ਤੋਂ ਭੜਕੇ ਲੋਕਾਂ ਨੇ ਐਸ.ਐਸ.ਪੀ. ਦਫ਼ਤਰ ਘੇਰਿਆ

ਬਟਾਲਾ, 31 ਜੁਲਾਈ (ਸਰਵਣ ਸਿੰਘ ਘੁਮਾਣ, ਪਵਨ ਤ੍ਰੇਹਨ)-ਕਾਲੇ ਕੱਛੇ ਗਿਰੋਹ ਦੀ ਦਹਿਸ਼ਤ ਅਤੇ ਪੁਲਸ ਦੀ ਧੱਕੇਸ਼ਾਹੀ ਤੋਂ ਅੱਕੇ ਬਟਾਲਾ ਵਾਸੀਆਂ ਨੇ ਅੱਜ ਐਸ.ਐਸ.ਪੀ ਦਫ਼ਤਰ ਅੱਗੇ ਪੁਲਸ ਖਿਲਾਫ਼ ਜੰਮਕੇ ਨਾਅਰੇਬਾਜੀ ਕੀਤੀ। ਭੜਕੇ ਹੋਏ ਲੋਕਾਂ ਨੇ ਪੁਲਸ ਪ੍ਰਸ਼ਾਸਨ ਮੁਰਦਾਬਾਦ ਦੀ ਨਾਅਰੇਬਾਜੀ ਕੀਤੀ ਅਤੇ ਚੱਕਾ ਜਾਮ ਕਰਕੇ ਅੰਮ੍ਰਿਤਸਰ-ਗੁਰਦਾਸਪੁਰ ਹਾਈਵੇ ਨੂੰ ਜਾਮ ਕਰ ਦਿੱਤਾ ਜਿਸ ਕਾਰਨ ਗੱਡੀਆਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗ ਗਈਆਂ।
peopleproblum
ਇਸ ਮੌਕੇ ਧਰਨੇ ਦੀ ਅਗਵਾਈ ਪਿਆਰਾ ਲਾਲ ਸਾਬਕਾ ਐਮ.ਸੀ ਦੀ ਅਗਵਾਈ ਹੇਠ ਸਥਾਨਕ ਸਿੰਬਲ ਚੌਂਕ ਅਤੇ ਹਰਨਾਮ ਨਗਰ ਦੇ ਲੋਕਾਂ ਨੇ ਦੱਸਿਆ ਕਿ ਬੀਤੀ ਦੇਰ ਰਾਤ ਕਾਲਾ ਕੱਛਾ ਗਿਰੋਹ ਦੀ ਦਹਿਸ਼ਤ ਕਾਰਨ ਨੌਜਵਾਨਾਂ ਵਲੋਂ ਰਾਤ ਸਮੇਂ ਪਹਿਰਾ ਦਿੱਤਾ ਜਾ ਰਿਹਾ ਸੀ ਤਾਂ ਡੀ.ਐਸ.ਪੀ ਸ. ਮਨਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਪਹਿਰਾ ਦੇ ਰਹੇ ਨੌਜਵਾਨਾਂ ਨੂੰ ਚੁੱਕ ਕੇ ਗੱਡੀਆਂ ਵਿੱਚ ਪਾ ਲਿਆ ਅਤੇ ਪਹਿਰਾ ਦੇ ਰਹੇ ਨੌਜਵਾਨਾਂ ਕੋਲ ਜੋ ਸੁਰੱਖਿਆ ਹਥਿਆਰ ਸਨ ਉਨ੍ਹਾਂ ਨੂੰ ਵੀ ਆਪਣੇ ਕਬਜੇ ਵਿੱਚ ਲੈ ਲਿਆ, ਜਦੋਂ ਰਾਤ ਸਮੇਂ ਲੋਕ ਇਕੱਠੇ ਹੋਏ ਤਾਂ ਉਨ੍ਹਾਂ ਨੇ ਪੁਲਸ ਖਿਲਾਫ਼ ਨਾਅਰੇਬਾਜੀ ਕੀਤੀ ਤਾਂ ਪੁਲਸ ਨੇ ਉਕਤ ਨੌਜਵਾਨਾਂ ਨੂੰ ਮੌਕੇ ਤੇ ਰਿਆਹ ਕਰਕੇ ਖੁੱਦ ਚਲਦੇ ਬਣੇ। ਇੱਥੇ ਇਹ ਦੱਸਣਯੋਗ ਹੈ ਕਿ ਪੁਲਸ ਦੀ ਇਸ ਕਾਰਵਾਈ ਨਾਲ ਇਲਾਕੇ ਦੇ ਨੌਜਵਾਨਾਂ ਅਤੇ ਲੋਕਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੁਲਸ ਰਾਤ ਸਮੇਂ ਨੌਜਵਾਨਾਂ ਨੂੰ ਆਪਣੇ ਨਾਲ ਲੈ ਜਾਂਦੀ ਤਾਂ ਉਨ੍ਹਾਂ ਉਪਰ ਝੂਠੇ ਪਰਚੇ ਬਣਾ ਕੇ ਉਨ੍ਹਾਂ ਨੂੰ ਵੀ ਲੁੱਟ ਖੋਹ ਦੇ ਦੋਸ਼ੀ ਬਣਾ ਦੇਣਾ ਸੀ। ਧਰਨਾ ਦੇ ਰਹੇ ਲੋਕਾਂ ਨੇ ਪੁਲਸ ‘ਤੇ ਇਹ ਵੀ ਦੋਸ਼ ਲਗਾਇਆ ਕਿ ਇਲਾਕੇ ਅੰਦਰ ਜੋ ਕਾਲੇ ਕੱਛੇ ਗਿਰੋਹ ਦੀ ਦਹਿਸ਼ਤ ਪਾਈ ਜਾ ਰਹੀ ਹੈ ਉਸ ਪਿੱਛੇ ਪੁਲਸ ਦੀ ਪੂਰੀ ਸ਼ਹਿ ਹੈ ਅਤੇ ਪੁਲਸ ਜਾਣ ਬੁੱਝ ਕੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਰਹੀ ਹੈ। ਧਰਨਾਕਾਰੀਆਂ ਨੇ ਪੁਲਸ ਤੇ ਦੋਸ਼ ਲਗਾਇਆ ਕਿ ਪੁਲਸ ਆਮ ਲੋਕਾਂ ਦੀ ਰਖਵਾਲੀ ਕਰਨ ਦੀ ਬਜਾਏ ਉਨ੍ਹਾਂ ਅੰਦਰ ਦਹਿਸ਼ਤ ਪੈਦਾ ਕਰ ਰਹੀ ਹੈ ਅਤੇ ਚੋਰਾਂ ਅਤੇ ਲੁਟੇਰਿਆਂ ਨੂੰ ਸ਼ਹਿ ਦੇ ਰਹੀ ਹੈ। ਧਰਨਾਕਾਰੀਆਂ ਨੇ ਕਿਹਾ ਕਿ ਸਾਡੇ ਨੌਜਵਾਨ ਦਿਨ ਵੇਲੇ ਕੰਮਾਂ ਕਾਰਾਂ ਤੋਂ ਥੱਕੇ ਟੁੱਟੇ ਆਉਂਦੇ ਹਨ ਅਤੇ ਰਾਤ ਨੂੰ ਦਹਿਸ਼ਤ ਦੇ ਸਾਏ ਹੇਠ ਠੀਕਰੀ ਪਹਿਰਾ ਦਿੰਦੇ ਹਨ ਜੋ ਕਿ ਪੁਲਸ ਦਾ ਕੰਮ ਹੈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਪੁਲਸ ਉਨ੍ਹਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਹੈ ਨਾ ਕਿ ਉਨ੍ਹਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ। ਇਸ ਮੌਕੇ ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ,ਬੱਚੇ, ਨੌਜਵਾਨ ਸਮੇਤ ਸੈਂਕੜੇ ਲੋਕ ਹਾਜ਼ਰ ਸਨ ਜਿੰਨ੍ਹਾਂ ਨੇ ਪੁਲਸ ਖਿਲਾਫ਼ ਜੰਮਕੇ ਭੜਾਸ ਕੱਢੇ। ਇੱਥੇ ਇਹ ਦੱਸਣਯੋਗ ਹੈ ਕਿ ਭੜਕੇ ਹੋਏ ਲੋਕਾਂ ਨੂੰ ਸ਼ਾਂਤ ਕਰਨ ਦੀ ਬਜਾਏ ਪੁਲਸ ਮੁਲਾਜਮ ਨੇ ਲੋਕਾਂ ਧਰਨੇ ਨੂੰ ਚੁੱਕਣ ਲਈ ਸਖ਼ਤ ਨਿਰਦੇਸ਼ ਦਿੱਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ, ਗੁਰਦੀਪ ਸਿੰਘ, ਲਵਪ੍ਰੀਤ ਸਿੰਘ, ਸਤਨਾਮ ਸਿੰਘ, ਗੁਰਦੀਪ ਸਿੰਘ, ਮੇਜਰ ਸਿੰਘ, ਮਨਜੀਤ ਸਿੰਘ, ਰਾਜ ਕੁਮਾਰ, ਸਰਵਨ ਕੁਮਾਰ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਹਰਜੀਤ ਸਿੰਘ, ਤਰਸੇਮ ਸਿੰਘ, ਮਨੋਹਰ ਲਾਲ, ਹੀਰਾ ਸਿੰਘ ਸਮੇਤ ਕਈ ਲੋਕ ਹਾਜ਼ਰ ਸਨ।

Send this to a friend