June 21, 2026 6:38 am

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਦਾ ਦੇਹਾਂਤ

ਅਨੰਦਪੁਰ ਸਾਹਿਬ, 30 ਜੁਲਾਈ (ਦਵਿੰਦਰ ਪਾਲ ਸਿੰਘ)-ਸ੍ਰੀ ਆਨੰਦਪੁਰ ਸਾਹਿਬ ਦੇ ਤਖ਼ਤ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਅਚਾਨਕ ਦਿਲ ਦਾ ਦੋਰਾ ਪੈ ਜਾਣ ਕਾਰਨ ਬੀਤੀ ਰਾਤ 1.00 ਵਜੇ ਸਤਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ ਹਨ, ਗਿਆਨੀ ਤਰਲੋਚਨ ਸਿੰਘ ਜੀ ਤਕਰੀਬਨ 9.00 ਵਜੇ ਤਖਤ ਸ੍ਰੀ ਦਮਦਮਾਂ ਸਾਹਿਬ ਸਾਹਿਬ ਤੋਂ ਇਕ ਸਮਾਗਮ ਵਿੱਚ ਸ਼ਿਰਕਤ ਕਰਕੇ ਘਰ ਵਾਪਿਸ ਪਹੁੰਚੇ ਸਨ ਅਚਾਨਕ 1 ਵਜੇ ਦਿਲ ਦਾ ਦੋਰਾ ਪਿਆ  ਜੋ ਉਨ੍ਹਾਂ ਲਈ ਜਾਨਲੇਵਾ ਸਾਬਿਤ ਹੋਇਆ। ਉਨ੍ਹਾਂ ਨੂੰ ਤੁਰੰਤ ਸ੍ਰੀ ਗੁਰੂ ਤੇਗ ਬਹਾਦਰ ਮਲਟੀਸਪੈਸ਼ਲਿਟੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾ: ਪਲਵਿੰਦਰਜੀਤ ਸਿੰਘ ਕੰਗ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਅਤੇ ਸਾਰਾ ਸਟਾਫ ਹਾਜ਼ਰ ਸੀ।
gayanitarlochansingh
ਇਸ ਅਚਾਨਕ ਮੌਤ ਦਾ ਦੁਖ ਪਰਿਵਾਰ ਵਾਲਿਆਂ ਲਈ ਜਰਨਾ ਬਹੁਤ ਹੀ ਔਖਾ ਹੋ ਗਿਆ ਹੈ ਕਿਉਂਕਿ ਅਜੇ 2 ਹਫਤੇ ਪਹਿਲਾਂ ਹੀ ਉਨ੍ਹਾਂ ਦੇ ਭਰਾਤਾ ਕਿਲ੍ਹਾ ਆਨੰਦਗੜ ਦੇ ਸੇਵਾਦਾਰ ਬਾਬਾ ਜਰਨੈਲ ਸਿੰਘ ਦੇ ਜੁਆਈ ਦੀ ਮੌਤ ਹੋ ਗਈ ਸੀ ਉਨ੍ਹਾਂ ਦਾ ਦੁਖ ਅਜੇ ਭੁਲਿਆ ਨਹੀਂ ਤੇ ਦੂਜਾ ਦੁਖ ਸਾਹਮਣੇ ਆ ਖਲੋਤਾ। ਸਿੰਘ ਸਾਹਿਬ ਤਰਲੋਚਨ ਸਿੰਘ ਜੀ ਦੀ ਉਮਰ ਲਗਭਗ 58 ਸਾਲ ਅਤੇ ਪੂਰੀ ਤਰ੍ਹਾਂ ਤੰਦਰੁਸਤ ਦਸਿਆ ਗਿਆ ਹੈ। ਉਨ੍ਹਾਂ ਦੇ ਕਾਰਜਕਾਲ ਵਿਚ ਉਨ੍ਹਾਂ ਨੂੰ ਪਹਿਲਾਂ ਐਸ.ਜੀ.ਪੀ.ਸੀ. ਦੇ ਮੈਂਬਰ ਨਿਯੁਕਤ ਕੀਤਾ ਗਿਆ ਫਿਰ ਉਸ ਤੋਂ ਬਾਅਦ ਉਨ੍ਹਾਂ ਨੇ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਹੈਡ ਗ੍ਰੰਥੀ ਦੀ ਸੇਵਾ ਨਿਭਾਈ ਤੇ 2003 ਵਿਚ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬ ਦੀ ਉਪਾਧੀ ਮਿਲੀ ਜੋ ਹੁਣ ਤਕ ਸੇਵਾ ਨਿਭਾ ਰਹੇ ਸਨ, ਗਿਆਨੀ ਤਰਲੋਚਨ ਸਿੰਘ ਵਾਕੈ ਹੀ ਇਕ ਨੇਕ ਦਿਲ ਇਨਸਾਨ ਸਨ ਜਿੰਨਾਂ ਦਾ ਸਤਿਕਾਰ ਹਰ ਕੋਈ ਦਿਲੋ ਕਰਦਾ ਸੀ। ਉਹ ਬੜੇ ਹੀ ਜਿੰਦਾ ਦਿਲ ਇਨਸਾਨ ਸਨ। ਉਹਨਾਂ ਦੀ ਖਾਸੀਅਤ ਇਹ ਸੀ ਕਿ ਉਹ ਜਦ ਬਚਿਆਂ ਵਿਚ ਹੁੰਦੇ ਤਾਂ ਬਚਿਆਂ ਵਾਂਗ ਕਲੋਲਾਂ ਕਰਦੇ, ਨੌਜਵਾਨਾਂ ਨਾਲ ਗਲਬਾਤ ਦੌਰਾਣ ਉਹਨਾਂ ਦੇ ਭਵਿਖ ਪ੍ਰਤੀ ਚਿੰਤਤ, ਤੇ ਬਜੁਰਗਾਂ ਨਾਲ ਗਲਬਾਤ ਦੌਰਾਣ ਇਕ ਸੁਲਝੇ ਹੋਏ ਬਜੂਰਗ ਵਾਂਗ। ਹਮੇਸ਼ਾਂ ਹਕ ਸੱਚ ਤੇ ਨਿਆਂ ਪ੍ਰਤੀ ਉਹ ਸੁਚੇਤ ਸਨ। ਸਿੰਘ ਸਾਹਿਬਾਨ ਦੀਆਂ ਮੀਟਿੰਗਾ ਵਿਚ ਵੀ ਉਹ ਹਰੇਕ ਮਾਮਲੇ ਤੇ ਗੰਭੀਰ ਰਾਏ ਦਿੰਦੇ ਸਨ।ਇਸ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਨੂੰ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਦੀਵਾਨ ਹਾਲ ਵਿਚ ਅੰਤਿਮ ਦਰਸ਼ਨਾਂ ਲਈ ਲਿਆਂਦਾ ਗਿਆ ਜਿਸ ਵਿਚ ਪਰਿਵਾਰ ਵਾਲਿਆਂ ਨਾਲ ਦੁਖ ਦਾ ਪ੍ਰਗਟਾਵਾ ਕਰਨ ਲਈ ਪੰਜਾਬ ਦੇ ਮੁਖ ਮੰਤਰੀ ਸ੍ਰ:ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਅਵਤਾਰ ਸਿੰਘ ਮੱਕੜ, ਦਲਜੀਤ ਸਿੰਘ ਚੀਮਾ, ਜਨਰਲ ਸਕੱਤਰ ਸੁਖਦੇਵ ਸਿੰਘ ਭੋਰ, ਅਮਰਜੀਤ ਸਿੰਘ ਚਾਵਲਾ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਗੁਰਵਿੰਦਰ ਸਿੰਘ ਗੋਗੀ, ਜਗਤਾਰ ਸਿੰਘ ਭੈਣੀ, ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ ਸਾਹਿਬ ਵਾਲੇ, ਬਾਬਾ ਜਰਨੈਲ ਸਿੰਘ, ਐਸ.ਡੀ,ਐਮ. ਅਮਰਜੀਤ ਸਿੰਘ ਸ਼ਾਹੀ, ਡੀ.ਐਸ.ਪੀ. ਸੰਤ ਸਿੰਘ ਧਾਲੀਵਾਲ, ਤਹਿਸੀਲਦਾਰ ਸੁਰਿੰਦਰ ਪਾਲ ਸਿੰਘ, ਬੀਬੀ ਗੁਰਚਰਨ ਕੋਰ, ਬੀਬੀ ਸੁਰਿੰਦਰ ਪਾਲ ਕੋਰ, ਬੀਬੀ ਕੁਲਵਿੰਦਰ ਕੋਰ, ਬੀਬੀ ਰਾਜਿੰਦਰ ਕੋਰ, ਬੀਬੀ ਹਰਮੀਤ ਕੋਰ, ਮਨਿੰਦਰ ਪਾਲ ਸਿੰਘ ਮਨੀ ਆਦਿ ਨੇ ਸ਼ਮੂਲੀਅਤ ਕੀਤੀ ਅਤੇ ਉਹਨਾਂ ਦੇ ਅੰਤਿਮ ਦਰਸ਼ਨਾਂ ਮੋਕੇ ਸ਼ਰਧਾਂਜਲੀਆਂ ਭੇਂਟ ਕਰਦੇ ਹੋਏ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ ਗਈ।

Send this to a friend