Skip to content
Independent perspectives. Global stories.
BREAKING

ਆਜ਼ਾਦ ਪੱਤਰਕਾਰੀ ਲਈ ਸੰਕਟ

Share this story

ਸਮਕਾਲੀ ਦ੍ਰਿਸ਼ਟੀਕੋਣ
ਡਾ. ਬਰਜਿੰਦਰ ਸਿੰਘ ਹਮਦਰਦ
ਮੁਖ ਸੰਪਾਦਕ
ਅਜੀਤ ਗਰੁੱਪ (ਜਲੰਧਰ)
Page-1_33 ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਇਕ ਸਪਤਾਹਿਕ ਪੱਤਰ ਚਾਰਲੀ ਹੈਬਡੋ ਦੇ ਸੰਪਾਦਕ ਸਮੇਤ 10 ਦੇ ਕਰੀਬ ਪੱਤਰਕਾਰਾਂ ਨੂੰ ਮਾਰ ਦੇਣ ਨਾਲ ਹਾਲਾਤ ਬੇਹੱਦ ਨਾਜ਼ੁਕ ਬਣੇ ਨਜ਼ਰ ਆਉਂਦੇ ਹਨ। ਬੁਰਕਾਧਾਰੀ ਕਾਤਲ ਕੈਲੇ ਸ਼ਕੋਫ ਨੇ ਇਹ ਕਿਹਾ ਸੀ ਕਿ ਪੈਗੰਬਰ ਦੀ ਹੱਤਕ ਦਾ ਬਦਲਾ ਲੈ ਲਿਆ ਗਿਆ ਹੈ। ਕੁਝ ਸਾਲ ਪਹਿਲਾਂ ਡੈਨਮਾਰਕ ਦੇ ਇਕ ਅਖ਼ਬਾਰ ਵੱਲੋਂ ਪੈਗੰਬਰ ਮੁਹੰਮਦ ਦਾ ਕਾਰਟੂਨ ਛਾਪਿਆ ਗਿਆ ਸੀ, ਜਿਸ ‘ਤੇ ਦੁਨੀਆ ਭਰ ‘ਚ ਮੁਸਲਮਾਨ ਜਗਤ ਵੱਲੋਂ ਬੇਹੱਦ ਇਤਰਾਜ਼ ਕੀਤਾ ਗਿਆ ਸੀ। ਚਾਰਲੀ ਹੈਬਡੋ ਨੇ ਵੀ ਬਾਅਦ ‘ਚ ਇਸ ਕਾਰਟੂਨ ਨੂੰ ਛਾਪਿਆ ਸੀ ਪਰ ਹੁਣ ਇਸ ਫਰਾਂਸੀਸੀ ਪੱਤਰ ਵੱਲੋਂ ਆਈ.ਐਸ.ਆਈ.ਐਸ. ਅੱਤਵਾਦੀ ਜਥੇਬੰਦੀ ਜਿਸ ਨੇ ਇਰਾਕ ਤੇ ਸੀਰੀਆ ‘ਚ ਸਖ਼ਤ ਹਿੰਸਾ ਫੈਲਾਈ ਹੋਈ ਹੈ, ਦੇ ਆਗੂ ਅਬੂ ਬਕਰ ਅਲ ਬਗਦਾਦੀ ਦਾ ਇਕ ਕਾਰਟੂਨ ਛਾਪਿਆ। ਇਸ ਤੋਂ ਬਾਅਦ ਪੈਰਿਸ ‘ਚ ਇਸ ਪੱਤਰ ਦੇ ਦਫ਼ਤਰ ‘ਤੇ ਹਮਲਾ ਕੀਤਾ ਗਿਆ।

ਅੱਜ ਦੁਨੀਆ ਦੇ ਵੱਖ-ਵੱਖ ਕੋਨਿਆਂ ‘ਚ ਜਿਥੇ ਇਸਲਾਮਿਕ ਅੱਤਵਾਦ ਫੈਲਿਆ ਹੋਇਆ ਹੈ, ਉਥੇ ਕੰਮ ਕਰਦੇ ਪੱਤਰਕਾਰਾਂ ਲਈ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਬਹੁਤੇ ਅੱਤਵਾਦੀ ਗਰੁੱਪ ਆਪਣੀ ਕਿਸੇ ਵੀ ਤਰ੍ਹਾਂ ਦੀ ਆਲੋਚਨਾ ਸੁਣਨ ਲਈ ਤਿਆਰ ਨਹੀਂ ਹਨ। ਹੁਣ ਤੱਕ ਅਰਬ ਦੇਸ਼ਾਂ ‘ਚ ਛਿੜੀ ਲੜਾਈ ‘ਚ ਇਕ ਹਜ਼ਾਰ ਤੋਂ ਵਧੇਰੇ ਪੱਤਰਕਾਰ ਕਿਸੇ ਨਾ ਕਿਸੇ ਕਾਰਨ ਕਰਕੇ ਮਾਰੇ ਜਾ ਚੁੱਕੇ ਹਨ ਅਤੇ ਦਰਜਨਾਂ ਹੀ ਲਾਪਤਾ ਹਨ। ਅਬੂ ਬਕਰ ਦੀ ਅਗਵਾਈ ਵਾਲੇ ਇਸ ਹਿੰਸਕ ਟੋਲੇ ਦੀ ਉਸ ਸਮੇਂ ਹੋਰ ਵੀ ਵੱਡੀ ਚਰਚਾ ਹੋਈ ਸੀ ਜਦੋਂ ਸੀਰੀਆ ਦੀ ਲੜਾਈ ਸਬੰਧੀ ਰਿਪੋਰਟਿੰਗ ਕਰਦੇ ਇਕ ਅਮਰੀਕੀ ਪੱਤਰਕਾਰ ਜੇਮਸ ਫੋਲੇ ਨੂੰ ਫੜ ਲਿਆ ਗਿਆ ਸੀ। ਬਾਅਦ ‘ਚ ਉਸ ਨੂੰ ਮਾਰਨ ਦੀ ਵੀਡੀਓ ਬਣਾ ਕੇ ਦੁਨੀਆ ਭਰ ‘ਚ ਨਸ਼ਰ ਕੀਤੀ ਗਈ ਸੀ। ਇਸੇ ਹੀ ਢੰਗ ਨਾਲ ਇਕ ਹੋਰ ਅਮਰੀਕੀ ਪੱਤਰਕਾਰ ਸਟੀਵਨ ਸੈਟਲਾਫ ਦਾ ਸਿਰ ਵੱਢ ਕੇ ਉਸ ਦੀਆਂ ਫ਼ਿਲਮਾਂ ਦੀ ਚਰਚਾ ਕਰਵਾਈ ਗਈ ਸੀ। ਅੱਜ ਅਜਿਹੀ ਰਿਪੋਰਟਿੰਗ ਕਰਦੇ ਪੱਤਰਕਾਰ ਬੇਹੱਦ ਖ਼ਤਰੇ ‘ਚੋਂ ਗੁਜ਼ਰ ਰਹੇ ਹਨ। ਅੱਤਵਾਦੀ ਗਰੁੱਪ ਉਨ੍ਹਾਂ ਨੂੰ ਕਿਸੇ ਨਾ ਕਿਸੇ ਢੰਗ-ਤਰੀਕੇ ਨਾਲ ਫੜ ਕੇ ਅਤੇ ਫਿਰ ਉਨ੍ਹਾਂ ਨੂੰ ਮਾਰਨ ਦੀ ਵੀਡੀਓ ਜਾਰੀ ਕਰਕੇ ਵੱਧ ਤੋਂ ਵੱਧ ਚਰਚਾ ਕਰਵਾ ਰਹੇ ਹਨ। ਹੁਣ ਫਰਾਂਸ ‘ਚ ਅਬੂ ਬਕਰ ਅਲ ਬਗਦਾਦੀ ਦੇ ਕਾਰਟੂਨ ਨੂੰ ਲੈ ਕੇ ਜੋ ਕਾਰਾ ਕੀਤਾ ਗਿਆ ਹੈ, ਉਸ ਨਾਲ ਪੱਤਰਕਾਰ ਜਗਤ ‘ਚ ਸੋਗ ਅਤੇ ਗੁੱਸਾ ਹੀ ਨਹੀਂ ਫੈਲਿਆ, ਸਗੋਂ ਉਨ੍ਹਾਂ ਦੇ ਮਨਾਂ ‘ਚ ਇਕ ਸਹਿਮ ਵੀ ਪੈਦਾ ਹੋਇਆ ਹੈ ਕਿ ਭਵਿੱਖ ‘ਚ ਉਹ ਬੇਧੜਕ ਹੋ ਕੇ ਆਪਣੇ ਫ਼ਰਜ਼ਾਂ ਦੀ ਪਾਲਣਾ ਕਿਵੇਂ ਕਰ ਸਕਣਗੇ? ਜੋ ਅਜਿਹਾ ਕਰੇਗਾ, ਉਹ ਵੱਡੇ ਖ਼ਤਰੇ ‘ਚੋਂ ਗੁਜ਼ਰ ਰਿਹਾ ਹੋਵੇਗਾ। ਅਜਿਹੇ ਕਾਰਿਆਂ ਸਬੰਧੀ ਦੁਨੀਆ ਭਰ ‘ਚ ਵੱਡੀ ਪੱਧਰ ‘ਤੇ ਆਲੋਚਨਾ ਹੀ ਨਹੀਂ ਹੋਣੀ ਚਾਹੀਦੀ, ਸਗੋਂ ਸਾਰੇ ਦੇਸ਼ਾਂ ਨੂੰ ਮਿਲ ਕੇ ਇਸ ਸਬੰਧੀ ਕੋਈ ਚਾਰਾਜੋਈ ਵੀ ਕਰਨੀ ਚਾਹੀਦੀ ਹੈ। ਜੇਕਰ ਕਿਸੇ ਵੀ ਤਰ੍ਹਾਂ ਡਰਾ-ਧਮਕਾ ਕੇ ਪੱਤਰਕਾਰਾਂ ਨੂੰ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨ ਤੋਂ ਰੋਕਿਆ ਗਿਆ ਤਾਂ ਇਹ ਪੱਤਰਕਾਰਾਂ ਦੀ ਆਜ਼ਾਦੀ ‘ਤੇ ਹੀ ਹਮਲਾ ਨਹੀਂ ਹੋਏਗਾ, ਸਗੋਂ ਲੋਕਤੰਤਰ ਲਈ ਵੀ ਇਕ ਵੱਡਾ ਖ਼ਤਰਾ ਹੋਵੇਗਾ। ਅੱਜ ਜਦੋਂ ਕਿ ਛੋਟੀ ਤੋਂ ਛੋਟੀ ਗੱਲ ਨੂੰ ਲੈ ਕੇ ਵੱਡੀ ਭੜਕਾਹਟ ਪੈਦਾ ਕੀਤੀ ਜਾਣ ਲੱਗੀ ਹੈ ਤਾਂ ਪੱਤਰਕਾਰੀ ਇਕ ਹੋਰ ਵੀ ਜੋਖ਼ਮ ਭਰਿਆ ਕੰਮ ਬਣਦਾ ਜਾ ਰਿਹਾ ਹੈ।
ਹੁਣ ਇਹ ਗੱਲ ਬੇਹੱਦ ਜ਼ਰੂਰੀ ਬਣੀ ਨਜ਼ਰ ਆਉਂਦੀ ਹੈ ਕਿ ਜੇਕਰ ਇਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਨੱਥ ਨਾ ਪਾਈ ਜਾ ਸਕੀ ਤਾਂ ਇਹ ਦੁਨੀਆ ਭਰ ਦੇ ਵਾਤਾਵਰਨ ਨੂੰ ਜ਼ਹਿਰੀ ਬਣਾਉਣ ਦੇ ਸਮਰੱਥ ਹੋ ਸਕਦੇ ਹਨ। ਇਸ ਲਈ ਸਾਰੇ ਦੇਸ਼ਾਂ ਨੂੰ ਸਮੂਹਿਕ ਰੂਪ ‘ਚ ਇਕੱਠੇ ਹੋ ਕੇ ਅੱਤਵਾਦ ਦੇ ਇਸ ਖ਼ਤਰੇ ਦਾ ਸਾਹਮਣਾ ਕਰਨ ਲਈ ਕੰਮ ਕਰਨਾ ਪਵੇਗਾ। ਮਨੁੱਖੀ ਆਜ਼ਾਦੀ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਲਈ ਇਹ ਦੁਨੀਆ ਭਰ ਦੇ ਦੇਸ਼ਾਂ ਦਾ ਇਕ ਵੱਡਾ ਫ਼ਰਜ਼ ਬਣ ਜਾਂਦਾ ਹੈ।
(ਸੰਪਾਦਕੀ ਅਜੀਤ 9 ਜਨਵਰੀ 2015)

WRITTEN BY