Skip to content
Independent perspectives. Global stories.
BREAKING

ਬੁਲੰਦੀਆਂ ਨੂੰ ਛੂੰਹਦੀ ਸ਼ਾਨਦਾਰ ਕਲਮ

Share this story

ਮਨਜੀਤ ਕੌਰ ਮੀਤ
ਆਪਣੀਆਂ ਵੱਖ-ਵੱਖ ਕਲਾਵਾਂ, ਯੋਗਤਾਵਾਂ ਅਤੇ ਵਿਦਵਤਾ  ਸਦਕਾ   ਪੂਰਨੇ ਪਾਉਣ ਵਾਲੀਆਂ ਸ਼ਾਨਾ ਮੱਤੀਆਂ ਸ਼ਖਸ਼ੀਅਤਾਂ ਦੀ ਲੜੀ ਵਿਚ ਆਂਉਂਦਾ ਇਕ ਖੂਬਸੂਰਤ ਨਾਓਂ ਮਨਜੀਤ ਕੌਰ ਮੀਤ ਇਕ ਐਸਾ ਨਾਂਓਂ ਹੈ, ਜਿਸ ਨੂੰ   ਬੁਲੰਦੀਆਂ ਨੂੰ ਛੂੰਹਦੀ ਸ਼ਾਨਦਾਰ ਕਲਮ, ਜਾਨਦਾਰ ਅਦਾਕਾਰੀ, ਖੂਬਸੂਰਤੀ, ਸੁਹੱਪਣ, ਵਿਦਵਤਾ, ਮਜਾਜ-ਰਹਿਤ  ਅਫਸਰੀ-ਅਹੁੱਦਾ, ਸਾਦਗੀ ਭਰਪੂਰ ਜਿਓਣ-ਜਾਚ ਅਤੇ ਇਸ ਤੋਂ ਵੀ ਉਪਰ ਇਨਸਾਨੀਅਤ ਦੇ ਗੁਣਾਂ ਭਰੀ ਅਮੀਰੀ ਬਖਸ਼ ਰੱਖੀ ਹੈ, ਓਸ ਬਖਸ਼ਣਹਾਰ ਮਾਲਕ ਨੇ।  ਚੰਡੀਗੜ੍ਹ ਦੀ ਬੁੱਕਲ ’ਚ ਘੁੱਗ ਵਸਦੇ ਪਿੰਡ ਮਲੋਆ ਵਿਚ ਪਿਤਾ ਸਵ: ਗੁਰਨਾਮ ਸਿੰਘ  ਜੀ ਦੇ ਗ੍ਰਹਿ ਵਿਖੇ ਮਾਤਾ ਨਿਰੰਜਣ ਕੌਰ ਜੀ ਦੀ ਪਾਕਿ ਕੁੱਖ ਨੂੰ ਭਾਗ ਲਾਉਣ ਵਾਲੀ ਮਨਜੀਤ ਨੇ ਸਕੂਲ ਤੇ ਕਾਲਿਜ ਦੀਆਂ ਸੱਭਿਆਚਾਰਕ ਸਰਗਰਮੀਆਂ ਵਿਚ ਆਪਣਾ ਨਾਂਓਂ ਕਮਾਉਂਦਿਆਂ  4 ਮਾਰਚ, 1983 ਨੂੰ  ਭਾਸ਼ਾ ਵਿਭਾਗ ਵਿਚ ਸਰਕਾਰੀ ਸਰਵਿਸ ਵਿਚ ਜੁਆਇੰਨ ਕੀਤਾ।  ਕਲਾਕਾਰਾਂ ਅਤੇ ਰੰਗ-ਕਰਮੀਆਂ ਦਾ ਗੜ੍ਹ ਅਖਵਾਂਉਂਦੇ ਪਟਿਆਲਾ ਸ਼ਹਿਰ ਵਿਚ ਪੁੱਜਣ ਤੇ ਉਨ੍ਹਾਂ ਦਾ ਵਾਸਤਾ ਥੀਏਟਰ ਦੇ ਨਾਮਵਰ ਨਾਟਕਕਾਰ ਸਤਿੰਦਰ ਨੰਦਾ ਜੀ ਦੁਆਰਾ ਰੰਗ-ਕਰਮੀ ਸ੍ਰੀ ਗਿਆਨ ਗੱਖੜ ਜੀ ਨਾਲ ਪਿਆ, ਜਿਨ੍ਹਾਂ ਦੀ ਨਿਰਦੇਸ਼ਨਾ ਹੇਠ ‘ਆਦਮੀ ਕਾ ਗੋਸ਼ਤ’, ‘ਗਰੀਬੀ ਹਟਾਓ’ ਆਦਿ ਕਈ  ਨਾਟਕ ਖੇਡਕੇ ਵਿਲੱਖਣ ਪਛਾਣ ਬਣਾਈ। ਇਵੇਂ ਹੀ ਕਿਰਪਾਲ ਸਿੰਘ ਕਸੇਲ ਦੀਆਂ ਜਲੰਧਰ ਦੂਰ-ਦਰਸ਼ਨ ਤੋਂ ਪ੍ਰਸਾਰਿਤ ਹੋਈਆਂ ਕਹਾਣੀਆਂ ਵਿਚ ਪਾਤਰ ਦੇ ਤੌਰ ਤੇ, ਪੰਜਾਬ ਸਿਵਿਲ ਸਕੱਤਰੇਤ ਵਿਖੇ ਜਰਨੈਲ ਹੁਸ਼ਿਆਰਪੁਰੀ ਜੀ ਦੀ ਟੀਮ ਵਿਚ ਟੈਲੀ ਫਿਲਮ ਵਿਚ ਅਤੇ  ਡਾ: ਸੁਖਵਿੰਦਰ ਸੇਖੋਂ ਪਟਿਆਲਾ ਦੀ

ਨਿਰਦੇਸ਼ਨਾ ਹੇਠ  ‘ਜਰਾ ਸਾ ਗਮ’ ਟੈਲੀ ਫਿਲਮ ਵਿਚ ਕੰਮ ਕਰਨ ਦਾ ਮੌਕਾ ਮਿਲਿਆ।
ਕਲਮੀ ਖੇਤਰ ਵਿਚ ਭਾਂਵੇਂ ਕਿ ਮੀਤ  ਜੀ ਨੇ ਕਵਿਤਾ ਅਤੇ ਗਜਲ ਤੇ ਵੀ ਵਧੀਆ ਹੱਥ-ਅਜਮਾਈ ਕੀਤੀ ਹੈ, ਪਰ ਕਹਾਣੀ ਖੇਤਰ ਵਿਚ ਤਾਂ ਉਨ੍ਹਾਂ ਇਕ ਸ਼ਾਨਾਂ-ਮੱਤਾ  ਮੁਕਾਮ ਹੀ ਹਾਸਲ  ਕੀਤਾ ਹੈ। ਆਪਣੀਆਂ  ਕਹਾਣੀਆਂ ਵਿਚ ਸਮਾਜਿਕ  ਬੁਰਾਈਆਂ ਦੀ ਵਿਰੋਧਤਾ ਕਰਨ ਵਾਲੀ ਮੀਤ ਜੀ ਵਲੋਂ ਖੁਦ ਇਕ ਫੌਜਣ ਵਾਲੀ ਜਿੰਦਗੀ ਹੰਢਾਂਉਂਣ ਸਦਕਾ  ਫੌਜੀਆਂ ਦੀ ਦੇਸ਼, ਕੌਮ ਤੇ ਸਮਾਜ ਪ੍ਰਤੀ ਸੇਵਾ, ਦੇਸ਼-ਭਗਤੀ ਅਤੇ ਕੁਰਬਾਨੀਆਂ ਭਰੇ ਜਜਬੇ ਨੇ ਤਾਂ ਜਾਣੋਂ ਉਨ੍ਹਾਂ ਦੀ ਕਲਮ  ਨੂੰ  ਫੌਜੀਆਂ ਅਤੇ ਫੌਜਣਾਂ ਦੀ ਚਹੇਤੀ ਸ਼ਾਹ-ਸਵਾਰ ਕਲਮ ਹੀ ਬਣਾ ਕੇ ਰੱਖ ਦਿੱਤਾ।  ‘ਫੌਜੀ ਹੁੰਦੇ ਰੱਬ ਵਰਗੇ’ ਨਾਂਓਂ ਦੇ ਪੰਜਾਬੀ ਟ੍ਰਿਬਿਊਨ  ਵਿਚ ਛਪੇ  ਲੇਖ ਨੇ  ਦੇਸ਼ ਦੇ ਕੋਨੇ-ਕੋਨੇ ਵਿਚ ਬੈਠੇ ਪੰਜਾਬੀ ਫੌਜੀਆਂ ਅਤੇ ਫੌਜਣਾਂ ਦੇ ਵਿਹੜਿਆਂ ਵਿਚ ਅਲਖ ਜਗਾਈ ਅਤੇ ਉਨ੍ਹਾਂ ਲੋਕਾਂ ਨੇ ਧੰਨਵਾਦ ਦੇ ਰੂਪ ਵਿਚ ਬੇਅੰਤ ਸ਼ਬਦਾਵਲੀ ਰੂਪੀ ਮਾਇਆ ਮੀਤ ਜੀ ਦੀ ਝੋਲੀ ਪਾਈ। ਮੀਤ ਜੀ  ਜਿੱਥੇ ਕਈ ਸਾਂਝੀਆਂ ਕਾਵਿ-ਪ੍ਰਕਾਸ਼ਨਾਵਾਂ ਵਿਚ ਛਪ ਚੁੱਕੇ ਹਨ, ਉਥੇ   ਆਪਣਾ ਮੌਲਿਕ ਕਹਾਣੀ-ਸੰਗ੍ਰਹਿ  ‘ਫੌਜੀ ਹੁੰਦੇ ਰੱਬ ਵਰਗੇ’ ਵੀ  ਸਾਹਿਤ-ਜਗਤ ਦੀ ਝੋਲੀ ਪਾ ਚੁੱਕੇ ਹਨ। ਇਸ ਤੋਂ ਇਲਾਵਾ  ‘ਕਾਰਗਿਲ’ ਦੇ ਸ਼ਹੀਦ ਫੌਜੀਆਂ ਦੀਆਂ ਪਤਨੀਆਂ ਅਤੇ ਪਰਿਵਾਰਾਂ ਦਾ ਵਿਰਲਾਪ ਅਲਾਪਦੇ,  ਮੀਤ ਜੀ  ਦੇ ਘਰ ਦੀ ਅਲਮਾਰੀ ਚ ਪਏ  ਦੋ ਕਹਾਣੀ-ਸੰਗ੍ਰਹਿ  ਦੇ   ਖਰੜੇ ਪੁਸਤਕ-ਲਾਇਬਰੇਰੀ ਦਾ  ਸ਼ਿੰਗਾਰ ਬਣਨ ਲਈ ਅਜੇ  ਸਮੇਂ ਦੀ ਉਡੀਕ ਕਰ ਰਹੇ ਹਨ।
ਮੀਤ ਜੀ ਜਿੱਥੇ  ਜਿੰਦਗੀ ਦੀਆਂ ਉ¤ਚੀਆਂ ਬੁਲੰਦੀਆਂ ਨੂੰ ਛੂੰਹਦੇ ਹੋਏ  ਭਾਸ਼ਾ ਵਿਭਾਗ ਦੇ ਉਚ-ਅਧਿਕਾਰੀ ਵਜੋਂ ਤਾਇਨਾਤ  ਹਨ ਉਥੇ ਸਾਹਿਤਕ ਖੇਤਰ ਵਿਚ ਉਹ  ਪਿਛਲੇ ਪੰਜ ਵਰ੍ਹਿਆਂ ਤੋਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਮੀਤ ਪ੍ਰਧਾਨ  ਦੇ ਨਾਲ-ਨਾਲ ਕੇਂਦਰੀ ਪੰਜਾਬੀ ਲੇਖਕ ਸਭਾ ਵਿਚ ਵੀ ਮੀਤ ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਹੋਏ ਕਈ ਵੱਖ-ਵੱਖ ਸਾਹਿਤਕ ਅਤੇ  ਸਮਾਜਿਕ ਜਥੇਬੰਦੀਆਂ ਨਾਲ ਜੁੜੇ ਚਲੇ ਆ  ਰਹੇ ਹਨ। ਸਿੱਧੂ ਸਾਹਿਬ  ਨੂੰ ਆਪਣੇ ‘ਗੁਰੂ’  ਦਾ ਖਿਤਾਬ  ਦੇਣ ਵਾਲੀ  ਮੀਤ ਜੀ  ਬੜੇ ਹੀ ਸਤਿਕਾਰਤ  ਲਹਿਜੇ ਵਿਚ ਕਹਿੰਦੇ ਹਨ,   ‘ਮੈਂ ਰਿਣੀ ਹਾਂ ਸਿੱਧੂ ਸਾਹਿਬ ਦੀ:  ਜਿਨ੍ਹਾਂ ਨੇ  ਗਿਆਨ ਦੇ ਸਾਗਰ ਵਿਚੋਂ ਸਿੱਪੀਆਂ ਚੋਂ ਮੋਤੀ ਕਿਵੇਂ ਕੱਢੀਦੇ ਹਨ, ਕੱਢਣ ਦੇ ਮੈਨੂੰ ਗੁਰ ਸਿਖਾਏ।  ਜਿਨ੍ਹਾਂ  ਦੀ ਬਦੌਲਤ ਹੀ ਗਰੀਬਾਂ ਦੇ ਮਸੀਹਾ  ਅਤੇ ਸੱਚ ਦੀ ਅਵਾਜ ਨੂੰ ਬੁਲੰਦ ਕਰਨ ਵਾਲੀਆਂ ਮਹਾਨ ਸ਼ਖਸ਼ੀਅਤਾਂ -ਮਰਹੂਮ ਗਜਲਗੋ ਉਲਫਤ ਬਾਜਵਾ, ਗੁਰਦਿਆਲ ਰੋਸ਼ਨ, ਮੱਖਣ ਕਰਾਂਤੀ, ਸੋਢੀ ਰਾਣਾ, ਕਾਮਰੇਡ ਗੁਰਨਾਮ ਕੰਵਰ, ਡਾ. ਸੁਖਦੇਵ ਸਰਸਾ, ਡਾ: ਲਾਭ ਸਿੰਘ ਖੀਵਾ, ਅਤੇ ਡਾ: ਸਰਬਜੀਤ ਸਿੰਘ ਜੀ ਦੇ ਲੂੰ-ਕੰਡੇ ਖੜ੍ਹੇ ਕਰਨ ਵਾਲੇ ਭਾਸ਼ਨਾਂ ਨੂੰ ਸੁਣ ਕੇ ਵਹਿਮਾਂ-ਭਰਮਾਂ ਵਿਚ ਫਸੀ ਅਤੇ  ਸਹਿਮੀ ਹੋਈ ਮੇਰੀ ਰੂਹ ਨੇ ਅਜਾਦ ਹੋ ਕੇ  ਇਕ ਨਵਾਂ ਜਨਮ ਲਿਆ। ਜਿਸ ਉਪਰੰਤ ਮੈਂ ਸਾਹਿਤਕ ਖੇਤਰ ਦੇ ਵਗਦੇ ਦਰਿਆਵਾਂ ਦੀਆਂ  ਛੱਲਾਂ ਨਾਲ ਸਾਂਝਾਂ ਪਾਈਆਂ।’
ਇਕ ਸਵਾਲ ਦਾ ਜੁਵਾਬ ਦਿੰਦਿਆਂ ਮੀਤ ਜੀ ਨੇ  ਕਿਹਾ, ਪਰਿਵਾਰਕ ਜਿੰਦਗੀ ਵਿਚ ਵਿਚਰਦੇ ਹੋਏ ਜੇ ਮੈਂ ਸੱਚ ਕਹਾਂ ਤਾਂ ਮੇਰੇ ਫੌਜੀ ਪਤੀ ਗੁਰਦੇਵ ਰੋਮੀਓ ਨੇ ਜਿਵੇਂ ਆਪਣੇ ਦੇਸ਼ ਤੇ ਕੌਮ ਲਈ ਫਰਜ ਨਿਭਾਇਆ ਹੈ, ਉਵੇਂ ਹੀ ਮੇਰੇ ਪੈਰ ਨੂੰ ਕਦੀ  ਮਿੱਟੀ ਤੱਕ ਵੀ ਨਹੀ ਲੱਗਣ ਦਿੱਤੀ।  ਰੋਜਾਨਾ ਸੂਰਜ ਦੀ ਪਹਿਲੀ ਕਿਰਨ ਸਾਡੀਆਂ ਮੁਹੱਬਤਾਂ ਦੀਆਂ ਬਾਤਾਂ ਪਾਉਂਦੀ ਹੈ।…..
ਰੱਬ ਕਰੇ!  ਚਾਨਣ ਦੀਆਂ ਕਿਰਨਾਂ ਵੰਡਦੀ ਇਹ ਲਾ-ਜੁਵਾਬ ਕਲਮ ਇਵੇਂ ਹੀ ਸਾਹਿਤ, ਸੱਭਿਆਚਾਰ ਅਤੇ ਸਮਾਜ ਲਈ ‘ਰਾਹ-ਦਸੇਰਾ’  ਬਣੀ ਫੌਜੀ-ਫੌਜਣਾਂ ਦੀਆਂ ਅਸੀਸਾਂ ਖੱਟਦੀ ਸਰਗਰਮੀ ਨਾਲ ਤੁਰੀ ਰਵ੍ਹੇ, ਦਿਲੀ ਦੁਆਵਾਂ ਤੇ ਇਛਾਵਾਂ ਹਨ, ਮੇਰੀਆਂ !
-ਪ੍ਰੀਤਮ ਲੁਧਿਆਣਵੀ (ਚੰਡੀਗੜ੍ਹ)
ਸੰਪਰਕ : 98764-28641

WRITTEN BY