Skip to content
Independent perspectives. Global stories.
BREAKING

ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੇ ਵਿਖਾਏ ਮਾਰਗ ‘ਤੇ ਚੱਲਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ-ਘੁਬਾਇਆ

Share this story

ਫਿਰੋਜਪੁਰ, 31 ਜੁਲਾਈ (ਚਾਵਲਾ)- ਭਾਰਤ ਦੇਸ਼ ਹਮੇਸ਼ਾ ਤੋਂ ਆਪਣੀ ਅਮੀਰ ਪ੍ਰੰਪਰਾ ਅਤੇ ਵਿਰਾਸਤ ਵਜੋਂ ਜਾਣਿਆਂ ਜਾਂਦਾ ਰਿਹਾ ਹੈ ਪ੍ਰੰਤੂ ਇਸ ਦੇਸ਼ ਦੇ ਵਾਸੀਆਂ ਨੇ ਸੈਂਕੜੇ ਸਾਲ ਜਾਲਮ ਅੰਗਰੇਜ ਸਰਕਾਰ ਦੀ ਗੁਲਾਮੀ ਵੀ ਸਹੀ ਹੈ ਉਸੇ ਗੁਲਾਮੀ ਤੋਂ ਆਜਾਦੀ ਦਿਵਾਉਣ ਲਈ ਸਾਡੇ ਕਈ ਮਹਾਨ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਕੀਤੀ । ਸਾਨੂੰ ਸਭ ਨੂੰ ਆਪਣੇ ਉਨ੍ਹਾਂ ਮਹਾਨ ਦੇਸ਼ ਭਗਤਾਂ ਵੱਲੋਂ ਵਿਖਾਏ ਮਾਰਗ ਤੇ ਚੱਲਦਿਆਂ ਆਪਣੇ ਦੇਸ਼ ਅਤੇ ਰਾਜ ਦੇ ਵਿਕਾਸ ਤੇ ਤਰੱਕੀ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਲੋਕ ਸਭਾ ਸ. ਸ਼ੇਰ ਸਿੰਘ ਘੁਬਾਇਆ ਨੇ ਸ਼ਹੀਦ ਉਧਮ ਸਿੰਘ ਚੌਕ ਵਿਖੇ ਸ਼ਹੀਦ ਉਧਮ ਸਿੰਘ ਟਰੱਸਟ ਵੱਲੋਂ ਉਧਮ ਸਿੰਘ ਦੇ 73ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸ: ਘੁਬਾਇਆ ਨੇ ਕਿਹਾ ਕਿ ਦੇਸ਼ ਦੀ ਆਜਾਦੀ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੇ ਵਿਖਾਏ ਮਾਰਗ ਤੇ ਚੱਲਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਅੱਜ ਸਾਡੇ ਸਮਾਜ ਵਿੱਚ ਭਰੂਣ ਹੱਤਿਆ ਅਤੇ ਨਸ਼ਿਆਂ ਵਰਗੀਆਂ ਲਾਹਣਤਾਂ ਤੇਜੀ ਨਾਲ ਸਿਰ ਚੁੱਕ ਰਹੀਆਂ ਹਨ ਜੇਕਰ ਇਨ੍ਹਾਂ ਨੂੰ ਇਥੇ ਹੀ ਖਤਮ ਨਾ ਕੀਤਾ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਪ੍ਰਤੀ ਸਾਨੂੰ ਜਵਾਬਦੇਹ ਹੋਣਾ ਪਵੇਗਾ । ਇਸ ਮੌਕੇ ਸ. ਘੁਬਾਇਆ ਨੇ ਟਰੱਸਟ ਨੂੰ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਨਾਰੰਗ ਆਈ.ਏ.ਐਸ. ਅਤੇ ਵਿਧਾਇਕ ਸ: ਜੋਗਿੰਦਰ ਸਿੰਘ ਜਿੰਦੂ ਤੋਂ ਇਲਾਵਾ ਹੋਰ ਪਤਵੰਤਿਆਂ ਨੇ ਵੀ ਸ਼ਹੀਦ ਦੇ ਬੁੱਤ ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਨਾਰੰਗ ਨੇ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ 13 ਅਪ੍ਰੈਲ 1919 ਨੂੰ ਜਲ੍ਹਿਆਂ ਵਾਲੇ ਬਾਗ ਵਿੱਚ ਜੁੜੇ ਵਿਸ਼ਾਲ ਨਿਰਦੋਸ਼ ਭਾਰਤੀਆਂ ਉਪਰ ਜਰਨਲ ਡਾਇਰ ਨੇ ਆਪਣੇ ਦਸਤੇ ਨਾਲ ਗੋਲੀਆਂ ਚਲਾਈਆਂ ਅਤੇ ਅਨੇਕਾਂ ਨਿਰਦੋਸ਼ ਭਾਰਤੀ ਸ਼ਹੀਦ ਹੋ ਗਏ ਇਸ ਖੂਨੀ ਸਾਕੇ ਦਾ ਛੋਟੀ ਉਮਰ ਵਾਲੇ ਸ਼ਹੀਦ ਉਧਮ ਸਿੰਘ ਦੇ ਮਨ ‘ਤੇ ਡੂੰਘਾ ਅਸਰ ਪਿਆ ਅਤੇ ਉਨ੍ਹਾ ਨੇ ਇਸ ਖੂਨੀ ਸਾਕੇ ਦਾ ਬਦਲਾ ਦੁਸ਼ਮਣ ਦੇ ਘਰ ਜਾ ਕੇ ਲਿਆ । ਉਨ੍ਹਾਂ ਕਿਹਾ ਕਿ ਦੇਸ਼ ਦੀ ਆਜਾਦੀ ਲਈ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ ਅਤੇ ਚੰਦਰ ਸ਼ੇਖਰ ਆਜਾਦ ਵਰਗੇ ਅਨੇਕਾਂ ਦੇਸ਼ ਭਗਤਾਂ ਨੇ ਆਪਣਾ ਆਪਾ ਵਾਰ ਦਿੱਤਾ ਅਤੇ ਸ਼ਹੀਦ ਉਧਮ ਸਿੰਘ ਜੋ ਕਿ ਸ. ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦੇ ਸਨ ਨੇ ਕਿਹਾ ਸੀ ਕਿ ਮੈਂ ਆਪਣੀਆਂ ਅੱਖਾਂ ਨਾਲ ਅਨੇਕਾਂ ਦੇਸ਼ਵਾਸੀਆਂ ਨੂੰ ਕੁਰਬਾਨ ਹੁੰਦੇ ਵੇਖਿਆ ਹੈ ਅਤੇ ਮੈਨੂੰ ਜਨਰਲ ਡਾਇਰ ਦੇ ਮਾਰੇ ਜਾਣ ਦਾ ਕੋਈ ਗਮ ਨਹੀਂ ਹੈ ਅਤੇ ਉਨ੍ਹਾਂ ਹੱਸਦਿਆਂ-ਹੱਸਦਿਆਂ ਫਾਂਸੀ ਦਾ ਰੱਸਾ ਚੁੰਮਿਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹੀਦ ਉਧਮ ਸਿੰਘ ਨੂੰ 31 ਜੁਲਾਈ 1940 ਵਿੱਚ ਲੰਡਨ ਵਿਖੇ ਫਾਂਸੀ ਦਿੱਤੀ ਗਈ ਅਤੇ ਅਜਿਹੀ ਲਾਸਾਨੀ ਕੁਰਬਾਨੀ ਦੀ ਮਿਸਾਲ ਕਿਧਰੇ ਨਹੀਂ ਮਿਲਦੀ।ਇਸ ਮੌਕੇ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਕਿ ਅੱਜ ਅਸੀਂ ਜਿਸ ਆਜਾਦੀ ਦਾ ਨਿੱਘ ਮਾਣ ਰਹੇ ਹਾਂ ਉਹ ਸਾਨੂੰ ਬਹੁਤ ਕੁਰਬਾਨੀਆਂ ਤੋਂ ਬਾਅਦ ਨਸੀਬ ਹੋਈ ਹੈ ਇਸ ਲਈ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਸੱਚੇ ਦਿਲੋਂ ਯਾਦ ਕਰਦੇ ਹੋਏ ਸ਼ਰਧਾਂਜਲੀਆਂ ਭੇਂਟ ਕਰੀਏ ਅਤੇ ਸਮਾਜ ਵਿੱਚ ਫੈਲੀਆਂ ਲਾਹਣਤਾਂ ਨੂੰ ਜੜ੍ਹੋਂ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾਈਏ । ਉਨ੍ਹਾਂ ਕਿਹਾ ਕਿ ਸ਼ਹੀਦ ਕਿਸੇ ਧਰਮ ਜਾਂ ਮਜ੍ਹਬ ਦੇ ਨਹੀਂ ਹੁੰਦੇ ਸਗੋਂ ਉਹ ਸਮੁੱਚੀ ਕੌਮ ਦੇ ਹੁੰਦੇ ਹਨ ਅਤੇ ਉਨ੍ਹਾਂ ਦੀ ਕੁਰਬਾਨੀ ਵੀ ਸਮੁੱਚੀ ਕੌਮ ਲਈ ਦਿੱਤੀ ਹੈ। ਇਸ ਮੌਕੇ ਸ: ਜਿੰਦੂ ਨੇ ਸ਼ਹੀਦ ਉਧਮ ਸਿੰਘ ਟਰੱਸਟ ਨੂੰ ਇੱਕ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਐਸ.ਜੀ.ਪੀ.ਸੀ. ਮੈਂਬਰ ਸ: ਦਰਸ਼ਨ ਸਿੰਘ ਸ਼ੇਰਖਾਂ, ਸ; ਭਗਵਾਨ ਸਿੰਘ ਨੂਰਪੁਰ ਸੇਠਾਂ, ਜਿਲ੍ਹਾ ਪ੍ਰੀਸ਼ਦ ਬੀਬੀ ਬਲਵਿੰਦਰ ਕੌਰ, ਸ: ਕਰਤਾਰ ਸਿੰਘ, ਐਡਵੋਕੇਟ ਬਲਜੀਤ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫਸਰ ਸ: ਅਮਰੀਕ ਸਿੰਘ, ਸ: ਦਿਲਬਾਗ ਸਿੰਘ ਵਿਰਕ, ਸ. ਕਿੱਕਰ ਸਿੰਘ, ਭਾਈ ਜਸਪਾਲ ਸਿੰਘ, ਸ: ਮਹਿੰਦਰ ਸਿੰਘ ਵਿਰਕ, ਸ: ਸੁਖਚੈਨ ਸਿੰਘ ਲਾਇਲਪੁਰੀ ਸਮੇਤ ਵੱਡੀ ਗਿਣਤੀ ਵਿੱਚ ਸ਼ਹੀਦ ਉਧਮ ਸਿੰਘ ਟਰੱਸਟ ਦੇ ਆਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਸੰਗਤਾਂ ਨੇ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।

WRITTEN BY