Skip to content
Independent perspectives. Global stories.
BREAKING

ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਲਈ ਕੇਂਦਰ ‘ਚ ਕੌਮੀ ਜਮਹੂਰੀ ਗਠਜੋੜ ਦੀ ਸਰਕਾਰ ਲਿਆਂਦੀ ਜਾਵੇ-ਬਾਦਲ

Share this story

ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ (ਹਰਿੰਦਰ ਖਾਲਸਾ/ਰਾਜ ਵਰਮਾ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ  ਕਿ ਉਹ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ  ਕਰਨ ਲਈ ਆਗਾਮੀ ਲੋਕ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਨੂੰ ਹੂੰਝਾਫੇਰ ਜਿੱਤ ਦਿਵਾਉਣ ਤਾਂ ਜੋ ਕੇਂਦਰ ਵਿੱਚ ਕੌਮੀ ਜਮਹੂਰੀ ਗਠਜੋੜ ਦੀ ਸਰਕਾਰ ਲਿਆਂਦੀ ਜਾਵੇ।
parkash singh badal @ sunam
ਸਥਾਨਕ ਅਨਾਜ ਮੰਡੀ ਵਿਖੇ ਸ਼ਹੀਦ ਊਧਮ ਸਿੰਘ ਦੇ 74ਵੇਂ ਸ਼ਹੀਦੀ ਦਿਹਾੜੇ ਸਬੰਧੀ  ਮਨਾਏ ਗਏ ਰਾਜ ਪੱਧਰੀ ਸਮਾਗਮ  ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ  ਤੋਂ ਬਾਅਦ ਬਣੀਆਂ ਕਾਂਗਰਸ ਦੀ ਅਗਵਾਈ ਵਾਲੀਆਂ ਕੇਂਦਰ ਸਰਕਾਰਾਂ ਨੇ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ। ਕਾਂਗਰਸ  ਸਰਕਾਰਾਂ ਵੱਲੋਂ ਸਮੇਂ-ਸਮੇਂ ‘ਤੇ ਬਣਾਈਆਂ  ਗਈਆਂ ਲੋਕ ਤੇ ਦੇਸ਼ ਵਿਰੋਧੀ ਨੀਤੀਆਂ ਦਾ ਸਿੱਟਾ ਇਹ ਨਿਕਲਿਆ ਹੈ ਕਿ ਅੱਜ  ਦੇਸ਼ ਵਿੱਚ ਮਹਿੰਗਾਈ, ਭ੍ਰਿਸ਼ਟਾਚਾਰ, ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਹੋਰ ਸਮਾਜਿਕ ਅਸਮਾਨਤਾਵਾਂ ਦਾ ਬੋਲਬਾਲਾ ਹੈ। ਇਸ ਲਈ  ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ  ਲਈ ਅੱਜ ਲੋੜ ਹੈ ਕਿ ਕੇਂਦਰ ਵਿੱਚੋਂ ਕਾਂਗਰਸ ਦੀ ਅਗਵਾਈ ਸਰਕਾਰ ਨੂੰ ਚੱਲਦਾ  ਕੀਤਾ ਜਾਵੇ ਅਤੇ ਕੌਮੀ ਜਮਹੂਰੀ ਗਠਜੋੜ  ਦੀ ਸਰਕਾਰ ਲਿਆਂਦੀ ਜਾਵੇ। ਉਨ੍ਹਾਂ ਦੇਸ਼  ਦੀ ਅਜ਼ਾਦੀ ‘ਚ ਪੰਜਾਬੀਆਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਦੀ ਕੁੱਲ ਅਬਾਦੀ  ਦਾ ਢਾਈ ਫੀਸਦੀ ਹਿੱਸਾ ਹੋਣ ਦੇ ਬਾਵਜੂਦ ਪੰਜਾਬੀਆਂ ਨੇ ਦੇਸ਼ ਦੇ ਅਜ਼ਾਦੀ ਸੰਗਰਾਮ ‘ਚ 80 ਫੀਸਦੀ ਹਿੱਸਾ ਪਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਦੇਸ਼  ਦੀ ਅਜ਼ਾਦੀ ਦੀ ਲੜਾਈ ‘ਚ ਅਹਿਮ ਰੋਲ  ਅਦਾ ਕੀਤਾ। ਜ਼ਿਲ੍ਹਿਆਂ ਵਾਲਾ ਬਾਗ  ਸਾਕੇ ਦੀ ਘਟਨਾ ਦਾ 21 ਸਾਲ ਬਾਅਦ ਜਨਰਲ ਅਡਵਾਇਰ  ਦੀ ਮੌਤ ਨਾਲ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦਾ ਨਾਮ ਦੇਸ਼ ਦੇ ਸ਼ਹੀਦੀ  ਇਤਿਹਾਸ ‘ਚ ਸੁਨਿਹਰੀ ਅੱਖਰਾਂ ‘ਚ ਲਿਖਿਆ ਹੋਇਆ ਹੈ। ਪੰਜਾਬੀਆਂ ਨੇ ਆਪਣੇ ਨਿਡਰ ਸੁਭਾਅ  ਅਤੇ ਦਲੇਰੀ ਨਾਲ ਆਪਣਾ ਵਿਲੱਖਣ ਨਾਮ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਇਤਿਹਾਸਕ ਦਿਹਾੜੇ ‘ਤੇ ਸ਼ਹੀਦ ਊਧਮ ਸਿੰਘ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ  ਆਪਣਾ ਸਿਰ ਨਿਵਾਉਂਦੇ ਹਨ। ਪੰਜਾਬ  ਸਰਕਾਰ ਵੱਲੋਂ ਸ਼ਹੀਦਾਂ ਦੀਆਂ ਯਾਦਾਂ ਨੂੰ  ਤਾਜ਼ਾ ਰੱਖਣ ਦੇ ਮਕਸਦ ਨਾਲ ਹੀ ਜਲੰਧਰ ਨੇੜੇ ਕਰਤਾਰਪੁਰ ਵਿਖੇ ‘ਜੰਗ-ਏ-ਅਜ਼ਾਦੀ’ ਯਾਦਗਾਰ ਦੀ ਉਸਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕੇਂਦਰ  ਦੀ ਕਾਂਗਰਸ ਸਰਕਾਰ ਹੈ, ਜਿਸ ਨੇ ਦੇਸ਼  ਨੂੰ ਅਜ਼ਾਦ ਕਰਾਉਣ ਵਾਲੇ ਸੂਰਮਿਆਂ ਨੂੰ ਮੁੱਢੋਂ ਹੀ ਵਿਸਾਰ ਦਿੱਤਾ ਹੈ।
ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ  ਗਰਗ, ਮੁੱਖ ਸੰਸਦੀ ਸਕੱਤਰ ਫਰਜ਼ਾਨਾ ਆਲਮ, ਮੁੱਖ ਸੰਸਦੀ ਸਕੱਤਰ ਸ੍ਰ. ਬਲਬੀਰ ਸਿੰਘ ਘੁੰਨਸ, ਅਕਾਲੀ ਆਗੂ ਸ੍ਰ. ਦਰਬਾਰਾ ਸਿੰਘ ਗੁਰੂ, ਵਿਧਾਇਕ ਇਕਬਾਲ ਸਿੰਘ ਝੂੰਦਾਂ, ਭਾਜਪਾ  ਆਗੂ ਸ੍ਰੀ ਜਤਿੰਦਰ ਕਾਲੜਾ, ਸ਼੍ਰੋਮਣੀ ਅਕਾਲੀ  ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਘਬੀਰ  ਸਿੰਘ ਜਖੇਪਲ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸ. ਗੋਬਿੰਦ ਸਿੰਘ ਲੌਂਗੋਵਾਲ, ਪੰਜਾਬ ਮੰਡੀ ਬੋਰਡ ਦੇ ਵਾਈਸ ਚੇਅਰਮੈਨ  ਸ. ਰਵਿੰਦਰ ਸਿੰਘ ਚੀਮਾ, ਯੂਥ ਅਕਾਲੀ ਆਗੂ ਸ੍ਰ. ਅਮਨਵੀਰ ਸਿੰਘ ਚੈਰੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰ. ਕੇ. ਜੇ. ਐੱਸ. ਚੀਮਾ, ਡਾਇਰੈਕਟਰ  ਪੇਡਾ ਸ. ਵਿਨਰਜੀਤ ਸਿੰਘ ਗੋਲਡੀ, ਗੁਰਮੀਤ ਸਿੰਘ ਜੌਹਲ, ਸ੍ਰੀ ਨਰੇਸ਼ ਜਿੰਦਲ, ਭਾਜਪਾ ਆਗੂ ਸ੍ਰੀ ਪ੍ਰੇਮ ਗੁਗਲਾਨੀ ਅਤੇ ਹੋਰ ਵੀ ਕਈ ਪ੍ਰਮੁੱਖ ਸਖਸ਼ੀਅਤਾਂ ਅਤੇ ਵਰਕਰ ਹਾਜ਼ਰ ਸਨ।

WRITTEN BY