ਮੋਗਾ, 3 ਜਨਵਰੀ (ਰੋਹਿਤ ਸ਼ਰਮਾ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੁੱਚੇ ਪਿੰਡਾਂ ਵਿੱਚ ਜਲ ਸਪਲਾਈ ਪ੍ਰੋਜੈਕਟ ਸਥਾਪਿਤ ਕਰਕੇ ਘਰ-ਘਰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਪਖਾਨੇ ਬਣਾਉਣ ਦਾ ਕੰਮ ਜਲਦੀ ਮੁਕੰਮਲ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ੍ਰ. ਸੁਰਜੀਤ ਸਿੰਘ ਰੱਖੜਾ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਪੰਜਾਬ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਚੋਟੀਆਂ ਖੁਰਦ ਵਿਖੇ 1.18 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਸੀਵਰੇਜ ਪ੍ਰੋਜੈਕਟ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਜੱਥੇਦਾਰ ਤੋਤਾ ਸਿੰਘ ਖੇਤੀਬਾੜੀ ਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਪੰਜਾਬ, ਸ੍ਰ. ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਸ੍ਰੀ ਜੋਗਿੰਦਰ ਪਾਲ ਜੈਨ ਐਮ.ਐਲ.ਏ ਮੋਗਾ ਵੀ ਮੌਜੂਦ ਸਨ। ਸ. ਰੱਖੜਾ ਨੇ ਦੱਸਿਆ ਕਿ 1200 ਕਰੋੜ ਰੁਪਏ ਦੀ ਲਾਗਤ ਨਾਲ ਰਾਜ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਅਤੇ
ਸੀਵਰੇਜ਼ ਸਹੂਲਤਾਂ ਪ੍ਰਦਾਨ ਕਰਨ ਲਈ ਪਹਿਲਾ ਪੜਾਅ ਮੁਕੰਮਲ ਕਰ ਲਿਆ ਗਿਆ ਹੈ, ਜਦ ਕਿ ਵਿਸ਼ਵ ਬੈਂਕ ਦੀ ਸਹਾਇਤਾ ਨਾਲ 2200 ਕਰੋੜ ਰੁਪਏ ਦਾ ਦੂਸਰਾ ਪੜਾਅ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਰਾਜ ਦੇ ਪਿੰਡਾਂ ਵਿੱਚ ਲਗਭੱਗ 800 ਸੀਵਰੇਜ਼ ਸਕੀਮਾਂ, 800 ਜਲ ਸਪਲਾਈ ਸਕੀਮਾਂ, ਸੇਮ ਵਾਲੇ ਇਲਾਕਿਆਂ ਦੀਆਂ 108 ਜਲ ਸਪਲਾਈ ਸਕੀਮਾਂ ਨੂੰ ਚਾਲੂ ਕਰਨਾ, 1000 ਜਲ ਸਪਲਾਈ ਸਕੀਮਾਂ ਦਾ ਸਰਬ-ਪੱਖੀ ਸੁਧਾਰ ਕਰਨਾ ਅਤੇ 250 ਪਿੰਡਾਂ ਵਿੱਚ ਆਰ.ਓ. ਪਲਾਂਟ ਲਗਾਉਣੇ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਸਕੀਮਾਂ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਵਿਕਾਸ ਕਾਰਜਾਂ ਲਈ ਧੜੇਬੰਦੀ ਤੋਂ ਉ¤ਪਰ ਉਠ ਕੇ ਪੰਜਾਬ ਸਰਕਾਰ ਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸੀਵਰੇਜ ਸਕੀਮ ਨਾਲ ਪਿੰਡ ਦੇ 703 ਵਿਅਕਤੀਆਂ ਦੀ ਆਬਾਦੀ ਨੂੰ ਸੀਵਰੇਜ ਦਾ ਲਾਭ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਪਿੰਡ ਦੇ ਸੀਵੇਜ਼ ਨੂੰ ਸੀਵਰੇਜ਼ ਟ੍ਰੀਟਮੈਂਟ ਪਲਾਂਟ(ਐਸ.ਟੀ.ਪੀ) ਤੱਕ ਪਹੁੰਚਾਉਣ ਲਈ ਲਗਭੱਗ 2200 ਮੀਟਰ ਲੰਬੀ ਪਾਈਪ ਲਾਈਨ ਵਿਛਾਈ ਗਈ ਹੈ।ਉਨ੍ਹਾਂ ਦੱਸਿਆ ਕਿ ਇਹ ਸਕੀਮ ਪਿੰਡ ਵਾਸੀਆਂ ਵੱਲੋਂ ਬਣੀ ਗਰਾਮ ਪੰਚਾਇਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ (ਜੀ.ਪੀ.ਡਬਲਿਯੂ.ਐਸ.ਸੀ.) ਅਤੇ ਨਿਰਮਾਣ ਕਰਨ ਵਾਲੀ ਏਜੰਸੀ ਦੁਆਰਾ 5 ਸਾਲ ਤੱਕ ਚਲਾਉਣ ਉਪਰੰਤ ਜੀ.ਪੀ.ਡਬਲਿਯੂ.ਐਸ.ਸੀ. ਨੂੰ ਟਰਾਂਸਫਰ ਕੀਤੀ ਜਾਵੇਗੀ ਅਤੇ ਇਹ ਕਮੇਟੀ ਹੀ ਇਸ ਸਕੀਮ ਦੀ ਸਲਾਨਾ ਦੇਖ-ਭਾਲ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਸੀਵਰੇਜ਼ ਪ੍ਰੋਜੈਕਟ ‘ਤੇ ਸੀਵਰੇਜ਼ ਟਰੀਟਮੈਂਟ ਪਲਾਂਟ ‘ਚ ਬਣੇ ਮੈਚੂਰੇਸ਼ਨ ਪੌਂਡ ਵਿਚਲੇ ਪਾਣੀ ਨੂੰ ਖੇਤਾਂ ਦੀ ਸਿੰਚਾਈ ਲਈ ਵੀ ਵਰਤਿਆ ਜਾ ਸਕਦਾ ਹੈ। ਜੱਥੇਦਾਰ ਤੋਤਾ ਸਿੰਘ ਖੇਤੀਬਾੜੀ ਮੰਤਰੀ ਪੰਜਾਬ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਕਾਰਜ-ਕਾਲ ਦੌਰਾਨ ਹੀ ਸੂਬੇ ਦਾ ਸਰਬ-ਪੱਖੀ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਸੂਬੇ ਦੇ ਨਾਲ-ਨਾਲ ਜ਼ਿਲ੍ਹਾ ਮੋਗਾ ਦੇ ਵਿਕਾਸ ਲਈ ਹਮੇਸ਼ਾ ਪਹਿਲ-ਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪਿੰਡ ‘ਚ ਹੁਣ ਤੱਕ ਤਕਰੀਬਨ 79 ਘਰਾਂ ਨੂੰ ਇੰਟਰਸੈਪਟਿਕ ਟੈਂਕਾਂ ਰਾਹੀਂ ਪਿੰਡ ਦੇ ਸੀਵਰੇਜ਼ ਨਾਲ ਜੋੜ ਕੇ ਕੁਨੈਕਸ਼ਨ ਦਿੱਤੇ ਗਏ ਹਨ, ਜਿਸ ਨਾਲ ਪਿੰਡ ਨੂੰ ਸਾਫ਼-ਸੁਥਰਾ ਰੱਖਣ ਵਿੱਚ ਮੱਦਦ ਮਿਲੇਗੀ। ਉਨ੍ਹਾਂ ਪਿੰਡ ਦੇ ਲੋਕਾਂ ਨੂੰ ਇਸ ਸੀਵਰੇਜ਼ ਪ੍ਰੋਜੈਕਟ ਦੀ ਸਾਂਭ-ਸੰਭਾਲ ਲਈ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ‘ਚ ਯੂਰੀਆ ਖਾਦ ਦੀ ਕੋਈ ਕਮੀ ਨਹੀਂ ਹੈ, ਕਿਉਂਕਿ ਪੰਜਾਬ ‘ਚ ਦੂਸਰੇ ਸੂਬਿਆਂ ਨਾਲੋਂ ਸਭ ਤੋਂ ਵੱਧ ਖਾਦ ਆਈ ਹੈ। ਉਨ੍ਹਾਂ ਕਿਹਾ ਕਿ ਖਾਦ ਦੀ ਬਲੈਕ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੈਗਾ, ਸ੍ਰ. ਅਜਮੇਰ ਸਿੰਘ ਲੱਖੋਵਾਲ ਨੇ ਧੰਨਵਾਦ ਕਰਦਿਆਂ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਆਰੰਭੇ ਗਏ ਵਿਕਾਸ ਪ੍ਰੋਜੈਕਟਾਂ ਨੂੰ ਇੱਕ ਪਲੇਟਫ਼ਾਰਮ ‘ਤੇ ਇਕੱਠੇ ਹੋ ਕੇ ਨੇਪਰੇ ਚਾੜ੍ਹਨ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਵਿਕਾਸ ਕਾਰਜਾਂ ਲਈ ਅੱਗੇ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਵੀ ਕੀਤਾ। ਵਿਧਾਇਕ ਮੋਗਾ ਸ੍ਰੀ ਜੈਨ ਨੇ ਪਿੰਡ ਵਾਸੀਆਂ ਲਈ ਸੀਵਰੇਜ਼ ਪ੍ਰੋਜੈਕਟ ਸਥਾਪਿਤ ਕਰਨ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਜੱਥੇਦਾਰ ਤੀਰਥ ਸਿੰਘ ਮਾਹਲਾ, ਬੂਟਾ ਸਿੰਘ ਦੌਲਤਪੁਰਾ ਮੈਂਬਰ ਜ਼ਿਲਾ ਪ੍ਰੀਸ਼ਦ, ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ ਪਨਸੀਡ ਪੰਜਾਬ, ਤਰਸੇਮ ਸਿੰਘ ਰੱਤੀਆਂ ਮੈਂਬਰ ਐਸ.ਜੀ.ਪੀ.ਸੀ, ਜਗਰੂਪ ਸਿੰਘ ਤਖਤੂਪੁਰਾ, ਸਰਪੰਚ ਭੁਪਿੰਦਰ ਸਿੰਘ, ਨਿਰਮਲ ਸਿੰਘ ਮਾਣੂੰਕੇ, ਭੁਪਿੰਦਰ ਸਿੰਘ ਮਹੇਸ਼ਵਰੀ, ਗੁਲਜ਼ਾਰ ਸਿੰਘ ਘੱਲ ਕਲਾਂ, ਗੁਰਮਿੰਦਰਜੀਤ ਸਿੰਘ ਬਬਲੂ, ਦਵਿੰਦਰ ਸਿੰਘ ਤਿਵਾੜੀ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਇੰਜੀਨੀਅਰ ਆਰ.ਐਲ. ਕੌਲਧਰ, ਕਾਰਜਕਾਰੀ ਇੰਜੀਨੀਅਰ ਬਲਬੀਰ ਸਿੰਘ, ਉਪ ਮੰਡਲ ਇੰਜੀਨੀਅਰ ਚਰਨਦੀਪ ਸਿੰਘ, ਸਹਾਇਕ ਇੰਜੀਨੀਅਰ ਸ੍ਰੀ ਸੁਧੀਰ ਕੁਮਾਰ ਅਤੇ ਇਲਾਕੇ ਦੇ ਸਰਪੰਚ-ਪੰਚ ਆਦਿ ਮੌਜੂਦ ਸਨ।



