ਬਰਨਾਲਾ, 26 ਦਸੰਬਰ (ਰਾਮ ਸਿੰਘ ਧਨੌਲਾ)- ਪੰਜਾਬੀ ਰਾਬਤਾ ਗਰੁੱਪ ਵੱਲੋਂ ਅੰਧ-ਵਿਸ਼ਵਾਸ, ਵਹਿਮ-ਭਰਮ, ਲਾਈਲੱਗ ਮਾਨਸਿਕਤਾ ਅਤੇ ਹੋਰ ਸਮਾਜਿਕ ਅਲਾਮਤਾਂ ਦੇ ਖਾਤਮੇ ਲਈ ਪਿੰਡ ਖੁੱਡੀ ਕਲਾਂ ਵਿਖੇ ਲੋਕ-ਪੱਖੀ, ਅਗਾਂਹਵਧੂ ਗੀਤ-ਸੰਗੀਤ ਅਤੇ ਨਾਟਕਾਂ ਭਰੀ ਰਾਤ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਲੋਕ ਕਲਾ ਮੰਚ ਜ਼ੀਰਾ ਦੀ ਟੀਮ ਵੱਲੋਂ ਮਾਸਟਰ ਮੇਘ ਰਾਜ ਰੱਲਾ ਦੀ ਨਿਰਦੇਸ਼ਨਾ ਵਿਚ ‘ਚੰਦ ਜਦੋਂ ਰੋਟੀ ਲੱਗਦਾ ਹੈ’, ‘ਇਹ ਲਹੂ ਕਿਸ ਦਾ ਹੈ’ ਨਾਟਕਾਂ ਤੋਂ ਇਲਾਵਾ ਭਰੂਣ ਹੱਤਿਆ, ਡੁੱਬਦੀ ਕਿਸਾਨੀ, ਨਸ਼ੇ ਅਤੇ ਅੰਧ-ਵਿਸ਼ਵਾਸ, ਵਹਿਮਾਂ-ਭਰਮਾਂ ਬਾਰੇ ਸੁਚੇਤ ਕਰਨ ਲਈ ਕੋਰੀਓਗ੍ਰਾਫੀਆਂ ਵੀ ਪੇਸ਼ ਕੀਤੀਆਂ ਗਈਆਂ। ਪ੍ਰੀਤ ਗਰੁੱਪ ਢੱਡੇ ਕਵੀਸ਼ਰੀ ਜੱਥੇ ਵੱਲੋਂ ਆਪਣੀਆਂ ਇਤਿਹਾਸਕ, ਮਜਾਹੀਆ ਅਤੇ ਸਮਾਜਿਕ ਚੇਤਨਾ ਪੈਦਾ ਕਰਨ ਵਾਲੀਆਂ ਕਵੀਸ਼ਰੀਆਂ ਨਾਲ ਲੋਕਾਂ ਦਾ ਭਰਪੂਰ ਮੰਨੋਰੰਜਨ ਕੀਤਾ ਗਿਆ। ਇਸ ਸਮੇਂ ਸਰਕਾਰੀ ਹਾਈ ਸਕੂਲ ਹੰਡਿਆਇਆ ਦੇ ਬੱਚਿਆਂ ਵੱਲੋਂ ਮੈਡਮ ਅੰਮ੍ਰਿਤਪਾਲ ਕੌਰ ਦੀ ਨਿਰਦੇਸ਼ਨਾ ਵਿਚ ਸਕਿੱਟ ‘ਪੜ੍ਹਨ ਸਕੂਲੇ ਜਾਣਾ’ ਅਤੇ ਧੀਆਂ ਬਾਰੇ ਕੋਰੀਓਗ੍ਰਾਫੀ ਪੇਸ਼ ਕੀਤੀ ਗਈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਦੀਆਂ ਵਿਦਿਆਰਥਣਾਂ ਵੱਲੋਂ ਕਵੀਸ਼ਰੀਆਂ ਅਤੇ ਗੀਤ ਪੇਸ਼ ਕੀਤੇ ਗਏ। ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਸਮੁੱਚੀ ਗ੍ਰਾਮ ਪੰਚਾਇਤ
, ਸ਼ਹੀਦ ਏ ਆਜ਼ਮ ਸਪੋਰਟਸ ਕਲੱਬ ਅਤੇ ਆਜ਼ਾਦ ਵੈਲਫੇਅਰ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਮੇਲੇ ਦਾ ਮੰਚ ਸੰਚਾਲਨ ਕਰਦੇ ਹੋਏ ਸੁਖਵੀਰ ਜੋਗਾ ਨੇ ਕਿਹਾ ਕਿ ਅਸੀਂ ਰਿਵਾਇਤੀ ਮੇਲਿਆਂ ਵਾਂਗ ਝੂੰਮਣ ਲਾਉਣ ਲਈ ਨਹੀਂ ਬਲਕਿ ਤੁਹਾਨੂੰ ਸੋਚਣ ਲਾਉਣ ਲਈ, ਤੁਹਾਡੇ ਮਨਾਂ ਵਿਚ ਵਿਚਾਰ ਪੈਦਾ ਕਰਨ ਲਈ ਇਹ ਪ੍ਰੋਗਰਾਮ ਕਰਵਾ ਰਹੇ ਹਾਂ। ਤਾਂ ਕਿ ਭਰਮ ਭੁਲੇਖਿਆਂ ਵਿਚ ਪਾ ਕੇ ਤੁਹਾਡੀ ਕੋਈ ਲੁੱਟ ਨਾ ਕਰ ਸਕੇ। ਅੰਤ ਵਿਚ ਪੰਜਾਬੀ ਰਾਬਤਾ ਗਰੁੱਪ ਵੱਲੋਂ ਸੁਖਵੀਰ ਜੋਗਾ, ਹਰਬੰਸ ਸਿੰਘ ਖੁੱਡੀ ਅਤੇ ਸੁਖਦੀਪ ਤਪਾ ਵੱਲੋਂ ਪੇਸ਼ਕਾਰੀਆਂ ਕਰਨ ਵਾਲੇ ਸਾਰੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ। ਪ੍ਰੋਗਰਾਮ ਨੂੰ ਲੈਕਚਰਾਰ ਹਰੀਸ਼ ਬਾਂਸਲ ਨੇ ਵੀ ਸੰਬੋਧਨ ਕੀਤਾ। ਮਾਸਟਰ ਅਰਵਿੰਦ ਹੰਡਿਆਇਆ ਤੋਂ ਇਲਾਵਾ ਸਮਾਗਮ ਵਿਚ ਪਿੰਡ ਦੀਆਂ ਸਮੁੱਚੀਆਂ ਰਾਜਨੀਤਿਕ, ਸਮਾਜਿਕ ਧਿਰਾਂ ਦੇ ਆਗੂਆਂ, ਗਰਾਮ ਪੰਚਾਇਤ, ਹੋਰ ਅਹਿਮ ਸਖਸ਼ੀਅਤਾਂ ਅਤੇ ਸਮੁੱਚੇ ਨਗਰ ਨੇ ਭਰਵੀਂ ਸਮੂਲੀਅਤ ਕੀਤੀ।



