ਹਿਸਾਰ, 24 ਦਸੰਬਰ (ਮਨਵਿੰਦਰ ਸਿੰਘ ਗਿਆਸਪੁਰ)- 2 ਨਵੰਬਰ 1984 ਨੂੰ ਹੋਦ ਚਿੱਲੜ ਵਿੱਚ ਕਤਲ ਕੀਤੇ ਸਿੱਖਾਂ ਦੇ, ਮਾਰਚ 2011 ਤੋਂ ਜਸਟਿਸ ਟੀ.ਪੀ. ਗਰਗ ਦੀ ਅਦਾਲਤ ਵਿੱਚ ਚੱਲ ਰਹੇ ਕੇਸਾ ਦਾ ਤੀਸਰਾ ਪੜਾਅ ਸਮਾਪਤ ਹੋ ਗਿਆ ਹੈ । ਹੁਣ 20 ਜਨਵਰੀ ਤੋਂ ਬਹਿਸ ਸ਼ੁਰੂ ਹੋਵੇਗੀ ਇਹਨਾਂ ਗੱਲਾਂ ਦਾ ਪ੍ਰਗਟਾਵਾ ਪੱਤਰਕਾਰਾ ਨਾਲ਼ ਗੱਲਬਾਤ ਕਰਦਿਆਂ ਹੋਦ ਚਿੱਲੜ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਨੇ ਕੀਤਾ । ਉਹਨਾਂ ਕਿਹਾ ਕਿ ਉਹਨਾਂ ਵਲੋਂ ਪੀੜਤਾਂ ਨੂੰ ਪ੍ਰੇਰ ਕੇ 90 ਦੇ ਲੱਗਭੱਗ ਪਟੀਸ਼ਨਾ ਪਾਈਆਂ ਗਈਆਂ ਸਨ ਅਤੇ ਕੇਸ ਨਾਲ਼ ਸਬੰਧਿਤ ਕੁੱਝ ਪ੍ਰਮੁੱਖ ਗਵਾਹ ਵੀ ਖੜੇ ਕੀਤੇ ਗਏ ਸਨ ਜਿਹਨਾਂ ਨੇ ਕੋਰਟ ਵਿੱਚ ਬੜੀ ਨਿਡਰਤਾ ਪੂਰਵਕ ਗਵਾਹੀਆਂ ਦਿੱਤੀਆਂ । ਉਹਨਾ ਕਿਹਾ ਕਿ ਇਹ ਘਟਨਾ ਸਰਕਾਰੀ ਤੰਤਰ ਦੀ ਲਾਪਰਵਾਹੀ ਜਾਂ ਮਿਲੀਭੁਗਤ ਦਾ ਹੀ ਨਤੀਜਾ ਸੀ । ਉਹਨਾਂ ਕਿਹਾ ਕਿ ਉਹਨਾਂ ਦੀ ਟੀਮ ਵਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਗੱਲ ਹਿਸਾਰ ਦੀ ਕੋਰਟ ਵਿੱਚ ਸਿੱਧ ਕੀਤੀ ਜਾ ਚੁੱਕੀ ਹੈ ਕਿ ਇਹ ਦੰਗੇ ਨਹੀਂ ਸਿੱਖਾਂ ਦਾ ਸਮੂਹਿਕ ਕਤਲੇਆਮ ਸੀ । ਪੁਲਿਸ ਵਲੋਂ ਇਕੱਲੇ ਇਕੱਲੇ ਨੂੰ ਸਨਮਾਨ ਪੂਰਵਕ ਸਸਕਾਰ ਨਾਲ਼ੋਂ ਦੂਸਰੇ ਦਰਜੇ ਦੇ ਸ਼ਹਿਰੀਆਂ ਦੀ ਤਰਾਂ ਸਮੂਹਿਕ ਜਲਾਇਆ ਗਿਆ ਸੀ ਜੋ ਕਿ ਸਰਕਾਰੀ
ਤੰਤਰ ਦੀ ਕਰੂਰਤਾ ਦੀ ਹੱਦ ਕਹੀ ਜਾ ਸਕਦੀ ਹੈ । ਉਹਨਾਂ ਕਿਹਾ ਕਿ ਇਹਨਾ ਗੱਲਾਂ ਦਾ ਪ੍ਰਗਟਾਵਾ ਉਦੋਂ ਦੇ ਡੀ.ਸੀ. ਐਸ.ਸੀ.ਚੌਧਰੀ ਵਲੋਂ ਜ਼ਿਰਾ ਦੌਰਾਨ ਕੀਤਾ ਗਿਆ । ਅੱਜ ਦੀ ਸੁਣਵਾਈ ਵਿੱਚ ਪੀੜਤ ਧਿਰ ਵਲੋਂ ਕੋਈ ਨਵੀਂ ਗਵਾਹੀ ਨਹੀਂ ਦਿੱਤੀ ਗਈ ਅਤੇ ਜੱਜ ਸਾਹਿਬ ਨੇ ਬਹਿਸ ਲਈ ਅਗਲੀ ਤਰੀਕ 20 ਜਨਵਰੀ ਤੇ ਪਾਈ । ਇਸ ਮੌਕੇ ਉਹਨਾ ਨਾਲ਼ ਸ੍ਰੋਮਣੀ ਕਮੇਟੀ ਦੇ ਨੁਮਾਇੰਦੇ ਕੁਲਵੰਤ ਸਿੰਘ ਫੌਜੀ ਤੇ ਹਰਜਿੰਦਰ ਸਿੰਘ, ਜਗੀਰ ਸਿੰਘ ਖਾਲਸਾ, ਲਖਵੀਰ ਸਿੰਘ ਰੰਡਿਆਲ਼ਾ, ਸੁਬੇਗ ਸਿੰਘ ਖਾਲਸਾ ਆਦਿ ਹਾਜਿਰ ਸਨ ।



