ਨਥਾਣਾ, 20 ਦਸੰਬਰ (ਇੰਦਰਜੀਤ ਨਥਾਣਾ)- ਸਾਂਝੇ ਫੋਰਮ ਦੇ ਸੱਦੇ ਤੇ ਬਲਾਕ ਨਥਾਣਾ ਦੀ ਟੈਕਨੀਕਲ ਸਰਵਿਸ਼ਜ਼ ਯੂਨੀਅਨ ਅਤੇ ਪੀ ਐਸ ਈ ਬੀ ਇੰਪਲਾਇਜ਼ ਫੈਡਰੇਸ਼ਨ ਸਬ ਡਵੀਜ਼ਨ ਨਥਾਣਾ ਦੇ ਬਿਜਲੀ ਮੁਲਾਜ਼ਮਾਂ ਨੇ ਹੜਤਾਲ ਕਰਨ ਦੀ ਧਮਕੀ ਦਿੱਤੀ ਹੈ। ਸਮਸ਼ੇਰ ਸਿੰਘ ਅਤੇ ਰਾਜੇਸ ਕੁਮਾਰ ਨੇ ਦੱਸਿਆ ਕਿ ਸਾਂਝੇ ਫੋਰਮ ਦੇ ਸੱਦੇ ਤੇ ਵਰਕ ਟੂ ਰੂਲ ਸਬੰਧੀ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਕੋਈ ਮਸਲਾ ਹੱਲ ਨਾ ਕੀਤਾ ਤਾਂ ਜਲਦੀ ਸਾਰੇ ਕਰਮਚਾਰੀ ਇਕ ਰੋਜ਼ਾ ਹੜਤਾਲ ਕਰਨ ਲਈ ਮਜ਼ਬੂਰ ਹੋਣਗੇ। ਉਨ੍ਹਾਂ ਕਿਹਾ ਕਿ ਨਥਾਣਾ ਸਬ ਡਵੀਜ਼ਨ ਤੇ ਚਾਰ ਗਰਿੱਡਾਂ ਦੀ ਸਪਲਾਈ ਪੈਂਤੀ ਫੀਡਰਾਂ ਰਾਹੀਂ ਪਿੰਡਾਂ ਅਤੇ ਖੇਤਾਂ ਨੂੰ ਦਿੱਤੀ ਜਾਂਦੀ ਹੈ ਪਰ ਇਥੇ ਕੰਮ ਕਰਨ ਲਈ ਪੂਰੇ ਲਾਇਨਮੈਨ ਨਹੀਂ ਹਨ। ਲਾਇਨਮੈਨ ਦੀ ਡਿਉਟੀ ਸਹਾਇਕ ਲਾਇਨਮੈਨ ਕਰ ਰਹੇ ਹਨ। ਇਸ ਡਵੀਜ਼ਨ ਤੇ 15 ਲਾਇਨਮੈਨ, ਛੇ ਜੂਨੀਅਰ ਇੰਜਨੀਅਰ, ਇਕ ਜੇ ਈ ਵਨ ਅਤੇ ਇਕ ਐਸ ਡੀ ਓ ਦੀ ਅਸਾਮੀ ਖਾਲੀ ਪਈ ਹੈ।
ਉਨਾਂ ਆਪਣੀਆਂ ਮੰਗਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਪੇ ਬੈਂਡ ਵਿਚ ਵਾਧਾ, 23 ਸਾਲਾਂ ਐਕਰੀਮੈਂਟ, ਖਾਲੀ ਪੋਸਟਾਂ ਦੀ ਰੈਗੂਲਰ ਭਰਤੀ,ਮ੍ਰਿਤਕ ਕਰਮਚਾਰੀਆਂ ਦੇ ਵਾਰਸ਼ਾਂ ਨੂੰ ਨੌਕਰੀ ਦੇਣਾ, ਕੰਟਰੈਕਟ ਤੇ ਰੱਖੇ ਕਰਮਚਾਰੀਆਂ ਨੂੰ ਪੱਕੇ ਕਰਨਾ ਅਤੇ ਠੇਕੇਦਾਰੀ ਸਿਸਟਮ ਬੰਦ ਕਰਨਾ ਆਦਿ ਹਨ।



