ਚੰਡੀਗੜ੍ਹ, 20 ਦਸੰਬਰ (ਪੀ. ਟੀ.)- ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਅਤਿ-ਆਧੁਨਿਕ ਤਕਨੀਕ ਦੀ ਸਹਾਇਤਾ ਨਾਲ ਪੇਸ਼ੇਵਰ ਸਿਖਲਾਈ ਦੇ ਕੇ ਹੁਨਰਮੰਦ ਬਣਾਇਆ ਜਾ ਰਿਹਾ ਹੈ ਤਾਂ ਜੋ ਉਦਯੋਗ ਜਗਤ ਦੀਆਂ ਅਜੋਕੇ ਸਮੇਂ ਮੁਤਾਬਿਕ ਲੋੜਾਂ ਅਨੁਸਾਰ ਨੌਜਵਾਨ ਹੁਨਰਮੰਦ ਬਣ ਸਕਣ। ਇਹ ਜਾਣਕਾਰੀ ਦਿੰਦੇ ਹੋਏ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਨੌਜਵਾਨਾਂ ਨੂੰ ਟਾਟਾ-ਮੋਟਰਜ ਦੀ ਸਹਾਇਤਾ ਨਾਲ ਮੋਟਰ ਮਕੈਨਿਕ, ਰੈਫਰਿਜਰੇਸ਼ਨ ਅਤੇ ਏ ਇਲੈਕਟ੍ਰੀਸ਼ਨ, ਵੈਲਡਰ, ਆਟੋ ਮੋਟਿਵ ਡਰਾਈਵਰ (ਭਾਰੀ ਅਤੇ ਹਲਕੇ ਵਾਹਨ ਸਬੰਧੀ) ਅਤੇ ਡੀਜ਼ਲ ਮਕੈਨਿਕ ਆਦਿ ਵਿਸ਼ਿਆਂ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ। ਸਾਲ 2013-14 ਦੌਰਾਨ ਇਨ੍ਹਾਂ ਵਿਸ਼ਿਆਂ ਵਿੱਚ ਸੂਬੇ ਦੇ ਵੱਖੋ-ਵੱਖਰੇ ਸੰਸਥਾਨਾਂ ਵਿਖੇ 100 ਵਿਅਕਤੀਆਂ ਨੂੰ ਸਿਖਲਾਈ ਦਿੱਤੀ ਗਈ ਅਤੇ 2014-15 ’ਚ ਹੁਣ ਤੱਕ 74 ਵਿਅਕਤੀ ਸਿਖਿਅਤ ਕੀਤੇ ਜਾ ਚੁੱਕੇ ਹਨ। ਬੁਲਾਰੇ ਨੇ ਅਗਾਂਹ ਕਿਹਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ
ਲੰਬੀ ਬਲਾਕ ਦੇ ਪਿੰਡ ਅਬੁਲ ਖੁਰਾਣਾ ਵਿਖੇ ਲਾਰਸਨ ਐਂਡ ਟਿਊਬਰੋ ਕੰਪਨੀ ਦੀ ਮਦਦ ਨਾਲ ਕੰਸਟਰਕਸਨ ਸਕਿਲ ਡਿਵੈਲਪਮੈਂਟ ਸੈਂਟਰ ਸਥਾਪਿਤ ਕੀਤਾ ਗਿਆ ਹੈ ਜਿਸ ਵਿੱਚ ਨੌਜਵਾਨਾਂ ਨੂੰ ਮੈਸਨ, ਬਾਰਬੈਂਡਰ, ਕਾਰਪੇਂਟਰ, ਪਲੰਬਰ, ਵੈਲਡਰ ਅਤੇ ਇਲੈਕਟ੍ਰੀਸ਼ਨ ਦੀ ਸਿਖਲਾਈ ਮੁਹੱਈਆ ਕਰਵਾਈ ਜਾਂਦੀ ਹੈ। 2014-15 ਵਿੱਚ ਹੁਣ ਤੱਕ 74 ਵਿਅਕਤੀ ਉਪਰੋਕਤ ਵਿਸ਼ਿਆਂ ਵਿਚ ਸਿੱਖਿਆ ਲੈ ਚੁੱਕੇ ਹਨ ਅਤੇ 2013-14 ਦਾ ਇਹੀ ਅੰਕੜਾ 80 ਵਿਅਕਤੀਆਂ ਦਾ ਹੈ। ਬੁਲਾਰੇ ਅਨੁਸਾਰ ਹੁਸ਼ਿਆਰਪੁਰ ਦੇ ਜਹਾਂ ਖੇਲਾਂ ਵਿਖੇ ਪੰਜਾਬ ਪੁਲਿਸ ਸਕਿਊਰਿਟੀ ਕਾਰਪੋਰੇਸ਼ਨ ਦੀ ਮਦਦ ਨਾਲ ਪੁਲਿਸ ਟ੍ਰੇਨਿੰਗ ਕੇਂਦਰਾਂ ਵਿੱਚ ਸੁਰੱਖਿਆ ਸੇਵਾਵਾਂ ਸਬੰਧੀ ਸਿਖਲਾਈ ਦਿੱਤੀ ਜਾਂਦੀ ਹੈ। ਸਾਲ 2013-14 ਵਿੱਚ 1180 ਅਤੇ 2014-15 ਵਿੱਚ ਹੁਣ ਤੱਕ 224 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ।



