ਸੰਗਰੁੂਰ, 18 ਦਸੰਬਰ (ਹਰਜੀਤ ਸਿੰਘ ਹਸਨਪੁਰੀ)- ਪਿੰਡ ਹੇੜੀਕੇ ਵਿੱਚ ਇੱਕ ਕਿਸਾਨ ਆਗੂ ਦੇ ਘਰ ਦਾ ਬਿਜਲੀ ਕੁਨੈਕਸ਼ਨ ਪਾਵਰਕੌਮ ਦੇ ਇੱਕ ਅਧਿਕਾਰੀ ਵੱਲੋਂ ਬਿਨਾਂ ਕੋਈ ਨੋਟਿਸ ਦਿੱਤਿਆਂ ਕੱਟ ਦਿੱਤੇ ਜਾਣ ਵਿਰੁੱਧ ਜਿੱਥੇ ਕਿਸਾਨ ਆਗੂ ਨੇ ਸਬੰਧਤ ਐਸਡੀੳ ਖਿਲਾਫ ਉੱਚ ਅਧਿਕਾਰੀਆਂ ਨੂੰ ਪੱਤਰ ਭੇਜਕੇ ਇਨਸਾਫ ਦੀ ਮੰਗ ਕੀਤੀ ਹੈ ਉਥੇ ਇਨਸਾਫ ਨਾ ਮਿਲਣ ’ਤੇ ਖਪਤਕਾਰ ਫੋਰਮ ਵਿੱਚ ਜਾਣ ਦੀ ਚਿਤਾਵਨੀ ਦਿੱਤੀ ਹੈ। ਕਿਸਾਨ ਆਗੂ ਅਤੇ ਪੰਚਾਇਤੀ ਨੁਮਾਇੰਦੇ ਕੀਰਤ ਸਿੰਘ ਹੇੜੀਕੇ ਨੇ ਦੋਸ਼ ਲਾਇਆ ਕਿ ਐਸਡੀਓ ਰੰਗੀਆਂ ਨੇ 2 ਦਸੰਬਰ ਨੂੰ ਬਿਨ੍ਹਾਂ ਕੋਈ ਨੋਟਿਸ ਦਿੱਤਿਆਂ ਉਸਦੇ ਘਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ।ਜਿਸ ਕਰਕੇ ਪਿਛਲੇ ਪੰਦਰਾਂ ਦਿਨਾਂ ਤੋਂ ਉਸਦਾ ਪਰਿਵਾਰ ਆਲੇ -ਦੁਆਲੇ ਤੋਂ ਬਿਜਲੀ ਦਾ ਇੱਕ ਬਲੱਬ ਜਗਾਕੇ ਸਮਾਂ ਗੁਜ਼ਾਰ ਰਿਹਾ ਹੈ। ਉਸਨੇ ਦੱਸਿਆ ਕਿ ਉਸਦਾ ਦੋਸ਼ ਇਹ ਸੀ ਕਿ ਉਸਨੇ ਪਾਵਰਕੌਮ ਦੇ ਸਬੰਧਤ ਅਧਿਕਾਰੀ ਨੂੰ ਕਿਹਾ ਸੀ ਕਿ ਉਸਦਾ ਮੀਟਰ ਨੇੜਲੇ ਮੀਟਰ ਬਾਕਸ ਵਿੱਚ ਲਗਾ ਦਿੱਤਾ ਜਾਵੇ ਜਦਕਿ ਸੰਬਧਤ ਅਧਿਕਾਰੀ ਠੇਕੇਦਾਰ ਤੋਂ ਇਹ ਮੀਟਰ ਦੂਰ ਦੁਰਾਡੇ ਵਾਲ ਮੀਟਰ ਬਕਸੇ ਵਿੱਚ ਲਗਵਾਉਣ ਲਈ ਬਜਿੱ ਸਨ।
ਆਗੂ ਨੇ ਦੱਸਿਆ ਕਿ ਉਸਨੇ ਦੂਰ ਵਾਲੇ ਮੀਟਰ ਬਕਸੇ ਵਿੱਚ ਮੀਟਰ ਲਾਉਦ ਤੋਂ ਇਨਕਾਰ ਕੀਤਾ ਤਾਂ ਐਸਡੀਓ ਨੇ ਬਿਨ੍ਹਾਂ ਕਿਸੇ ਅਗਾਉੂਂ ਨੋਟਿਸ ਦੇ ਸ਼ੇਰਪੁਰ ਪੁਲੀਸ ਦੀ ਮਦਦ ਨਾਲ ਉਸਦੇ ਮੀਟਰ ਦਾ ਕੁਨੈਕਸ਼ਨ ਹੀ ਕੱਟ ਦਿੱਤਾ।ਆਗੂ ਨੇ ਦੱਸਿਆ ਕਿ ਉਸਨੇ ਘਰਾਂ ਤੋਂ ਮੀਟਰ ਬਾਹਰ ਕੱਢਣ ਦਾ ਵਿਰੋਧ ਕਰਦੀ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਵੀ ਇਸ ਧੱਕੇਸ਼ਾਹੀ ਤੋਂ ਜਾਣੂ ਕਰਵਾਇਆ ਪਰ ਜਥੇਬੰਦੀ ਨੇ ਉਸਦੀ ਕੋਈ ਮਦਦ ਨਹੀਂ ਕੀਤੀ। ਆਗੂ ਨੇ ਦਾਅਵਾ ਕੀਤਾ ਉਸਨੇ ਪਾਵਰਕੌਮ ਦੇ ਚੇਅਰਮੈਨ ਸਮੇਤ ਹੋਰ ਅਧਿਕਾਰੀਆਂ ਨੂੰ ਪੱਤਰ ਭੇਜਕੇ ਇਨਸਾਫ ਦੀ ਮੰਗ ਕੀਤੀ ਹੈੇ। ਉਨ੍ਹਾਂ ਕਿਹਾ ਕਿ ਇਨਸਾਫ ਨਾ ਮਿਲਣ ’ਤੇ ਉਹ ਖਪਤਕਾਰ ਫੋਰਮ ਜਾਵੇਗਾ।



