ਪੇਸ਼ਾਵਰ, 17 ਦਸੰਬਰ (ਪੀ. ਟੀ.)- ਅੱਛੇ ਅਤੇ ਬੁਰੇ ਤਾਲਿਬਾਨ ਵਿੱਚ ਫਰਕ ਨਹੀਂ ਕਰਨ ਦੀ ਪ੍ਰਤੀਬਧਤਾ ਨੂੰ ਜਤਾਉਂਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਨਵਾਜ਼ ਸ਼ਰੀਫ ਨੇ ਐਲਾਨ ਕੀਤਾ ਹੈ ਕਿ ਅੱਤਵਾਦ ਦੇ ਨਾਲ ਲੜਨ ਲਈ ਪਾਕਿਸਤਾਨ ਦੇ ਕੋਲ ਇੱਕ ਹਫਤੇ ਵਿੱਚ ਕੌਮੀ ਯੋਜਨਾ ਹੋਵੇਗੀ। ਪੇਸ਼ਾਵਰ ਵਿੱਚ ਤਾਲਿਬਾਨੀ ਅੱਤਵਾਦੀਆਂ ਵੱਲੋਂ ਹਮਲੇ ਦੀ ਬੱਚਿਆਂ ਸਮੇਤ 141 ਵਿਅਕਤੀਆਂ ਦੇ ਮਾਰੇ ਜਾਣ ਦੇ ਇੱਕ ਦਿਨ ਬਾਅਦ ਉਨ੍ਹਾਂ ਨੇ ਇਹ ਐਲਾਨ ਕੀਤਾ। ਇਸ ਘਿਨੌਣੀ ਵਾਰਦਾਤ ਉੱਤੇ ਸਰਬਪਾਰਟੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਨਵਾਜ਼ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਅੱਤਵਾਦੀਆਂ ਦੇ ਵਿਰੁੱਧ ਕਾਰਵਾਈ ਦਾ ਮਸੌਦਾ ਤਿਆਰ ਕੀਤਾ ਜਾਵੇ ਅਤੇ ਇਸ ਉੱਪਰ ਤੁਰੰਤ ਅਮਲ ਕੀਤਾ ਜਾਵੇ। ਮੀਡੀਆ ਨੂੰ ਸੰਬੋਧਨ ਕਰਦੇ ਹੋਏ ਨਵਾਜ਼ ਸ਼ਰੀਫ ਨੇ ਹਮਲੇ ਦੀ ਘੋਰ ਨਿੰਦਾ ਕੀਤੀ ਅਤੇ ਇਸ ਨੂੰ ਪਾਕਿਸਤਾਨ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਹਮਲਾ ਕਰਾਰ ਦਿੱਤਾ।
ਉਨ੍ਹਾਂ ਦੇ ਨਾਲ ਕੌਮੀ ਐਸੰਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਖੁਰਸ਼ੀਦ ਸ਼ਾਹ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਵੀ ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਸਨ। ਨਵਾਜ਼ ਸ਼ਰੀਫ ਨੇ ਕਿਹਾ ਅਸੀਂ ਐਲਾਨ ਕਰਦੇ ਹਾਂ ਕਿ ਅੱਛੇ ਅਤੇ ਬੁਰੇ ਤਾਲਿਬਾਨ ਵਿੱਚ ਫਰਕ ਨਹੀਂ ਕੀਤਾ ਜਾਵੇਗਾ ਅਤੇ ਅੰਤਿਮ ਅੱਤਵਾਦੀ ਖਾਤਮਾ ਕੀਤੇ ਜਾਣ ਤੱਕ ਅਸੀਂ ਅੱਤਵਾਦ ਦੇ ਵਿਰੁੱਧ ਲੜਾਈ ਦੇ ਪ੍ਰਤੀ ਪ੍ਰਤੀਬਧਤਾ ਜਤਾਉਂਦੇ ਹਾਂ। ਅੱਤਵਾਦ ਦੇ ਵਿਰੁੱਧ ਲੜਾਈ ਸਾਡੀ ਲੜਾਈ ਹੈ ਅਤੇ ਇਸ ਨਾਲ ਲੜਨ ਦੇ ਲਈ ਮੁਕੰਮਲ ਰੋਡਮੈਪ ਦੀ ਜ਼ਰੂਰਤ ਹੈ।
ਇਸੇ ਦੌਰਾਨ ਅੱਜ ਹਜ਼ਾਰਾਂ ਅਥਰੂ ਭਿੱਜੀਆਂ ਅੱਖਾਂ ਨਾਲ ਹਮਲੇ ਵਿੱਚ ਮਾਰੇ ਗਏ ਵਿਦਿਆਰਥੀਆਂ ਅਤੇ ਹੋਰਨਾਂ ਵਿਅਕਤੀਆਂ ਨੂੰ ਸਮੂਹਿਕ ਤੌਰ ’ਤੇ ਸਪੁਰਦ-ਏ-ਖਾਕ ਕਰ ਦਿੱਤਾ ਗਿਆ।



