ਅੰਮ੍ਰਿਤਸਰ, 15 ਦਸੰਬਰ (ਪ੍ਰਦੀਪ ਸ਼ਰਮਾ)- ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ ਸ਼ਹਿਰ ਵਿੱਚੋਂ ਅਤੇ ਹੋਰਨਾਂ ਸ਼ਹਿਰਾਂ ’ੋਚੋਂ ਗੱਡੀਆਂ ਚੋਰੀ ਕਰਕੇ, ਉਨ੍ਹਾਂ ਦੇ ਚੈਸੀ ਨੰਬਰ ਟੈਂਪਰ ਕਰਕੇ ਅਤੇ ਨੰਬਰ ਬਦਲ ਕੇ ਅੱਗੇ ਧੋਖੇ ਨਾਲ ਗੱਡੀਆਂ ਵੇਚਣ ਵਾਲੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸੀ.ਆਈ.ਏ.ਸਟਾਫ, ਕਮਿਸ਼ਨਰੇਟ, ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਵੇਲੇ ਭਾਰੀ ਸਫ਼ਲਤਾ ਹਾਸਲ ਹੋਈ ਜਦੋਂ ਸ. ਜਗਜੀਤ ਸਿੰਘ ਵਾਲੀਆ ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਕਰਾਇਮ, ਅੰਮ੍ਰਿਤਸਰ ਦੀਆਂ ਹਦਾਇਤਾਂ ਅਨੁਸਾਰ, ਸ. ਹਰਜੀਤ ਸਿੰਘ ਪੀ.ਪੀ.ਐਸ, ਸਹਾਇਕ ਕਮਿਸ਼ਨਰ ਪੁਲਿਸ, ਕਰਾਇਮ, ਅੰਮ੍ਰਿਤਸਰ ਦੀ ਜੇਰੇ ਨਿਗਰਾਨੀ ਹੇਠ ਇੰਸਪੈਕਟਰ ਸ. ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਸਮੇਤ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਜਰਮਨਜੀਤ ਸਿੰਘ ਉਰਫ ਕਾਲੂ, ਲਖਵਿੰਦਰ ਸਿੰਘ ਉਰਫ ਖਿੱਦੂ, ਬਲਵਿੰਦਰ ਸਿੰਘ ਉਰਫ ਗਿਆਨੀ, ਪਰਮਜੀਤ ਸਿੰਘ ਉਰਫ ਲਾਲੀ ਅਤੇ, ਸੁਖਦੇਵ ਸਿੰਘ ਉਰਫ ਸਿੱਪੀ ਜੋ
ਕਾਰਾਂ ਚੋਰੀ ਕਰਕੇ ਉਨ੍ਹਾਂ ਕਾਰਾਂ ਦੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਇਨ੍ਹਾਂ ਕਾਰਾਂ ਨੂੰ ਧੋਖੇ ਨਾਲ ਅੱਗੇ ਵੇਚਦੇ ਸਨ, ਜੋ ਅੱਜ ਵੀ ਚੋਰੀ ਦੀ ਆਈ 20 ਕਾਰ ਵਿੱਚ ਸਵਾਰ ਹੋ ਕੇ ਮਕਬੂਲਪੁਰਾ ਸਾਈਡ ਵੱਲੋਂ ਆ ਰਹੇ ਸਨ, ਜਿਸ ’ਤੇ ਟੀ ਪੁਆਇੰਟ ਚਮਰੰਗ ਰੋਡ ਵਿੱਖੇ ਨਾਕਾਬੰਦੀ ਕਰਕੇ ਉਕਤ ਗੱਡੀ ਵਿੱਚ ਸਵਾਰ ਹੋ ਕੇ ਆ ਰਹੇ ਨੌਜਵਾਨਾਂ ਵਿੱਚੋਂ ਜਰਮਨਜੀਤ ਸਿੰਘ ਅਤੇ ਲਖਵਿੰਦਰ ਸਿੰਘ ਨੂੰ ਆਈ 20 ਕਾਰ ਨੰਬਰ ਪੀ.ਬੀ.10ਈ.ਏ0875 ਸਮੇਤ ਕਾਬੂ ਕੀਤਾ ਅਤੇ ਬਾਕੀ 3 ਦੋਸ਼ੀ ਮੌਕੇ ਤੋਂ ਭੱਜ ਗਏ। ਗ੍ਰਿਫ਼ਤਾਰ ਜਰਮਨਜੀਤ ਸਿੰਘ ਉਰਫ ਕਾਲੂ ਪਾਸੋਂ ਪੁੱਛ ਗਿੱਛ ਦੌਰਾਨ ਇਕ ਕਾਰ ਆਈ20, ਇਕ ਕਾਰ ਏਸੰਟ ਅਤੇ ਲਖਵਿੰਦਰ ਸਿੰਘ ਉਰਫ ਖਿੱਦੂ ਪਾਸੋਂ ਪੁੱਛਗਿੱਛ ਦੌਰਾਨ ਦੋ ਗੱਡੀਆਂ ਇਕ ਇਨੋਵਾ ਅਤੇ ਇਕ ਸਵਿਫਟ ਬ੍ਰਾਮਦ ਕੀਤੀਆਂ ਗਈਆਂ। ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਇਨ੍ਹਾਂ ਪਾਸੋਂ ਮਜੀਦ ਪੁੱਛ ਗਿੱਛ ਕਰਕੇ ਹੋਰ ਚੋਰੀ ਦੀਆਂ ਗੱਡੀਆਂ ਅਤੇ ਬਾਕੀ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਹੋਰ ਚੋਰੀ ਦੀਆਂ ਕਾਰਾ ਬ੍ਰਾਮਦ ਹੋਣ ਦੀ ਸੰਭਾਵਨਾ ਹੈ।



