ਚੰਡੀਗੜ੍ਹ, 15 ਦਸੰਬਰ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਉਦਯੋਗਿਕ ਅਤੇ ਕੁਦਰਤੀ ਸਾਧਨ ਹੋਣ ਦੇ ਬਾਵਜੂਦ ਵੀ ਯਮੁਨਾਨਗਰ ਜ਼ਿਲ੍ਹੇ ਨੂੰ ਵਿਕਾਸ ਦੇ ਪੱਖੋਂ ਪਿਛਲੀਆਂ ਸਰਕਾਰਾਂ ਨੇ ਪਿਛਾੜੀ ਰੱਖਿਆ ਹੈ, ਪ੍ਰੰਤੂ ਹੁਣ ਭਾਜਪਾ ਸਰਕਾਰ ਜ਼ਿਲ੍ਹੇ ਦੇ ਵਿਕਾਸ ਨੂੰ ਪਹਿਲ ਦੇਵੇਗੀ ਅਤੇ ਇਸ ਕੜੀ ਵਿਚ ਉਨ੍ਹਾਂ ਯਮੁਨਾਨਗਰ ਜ਼ਿਲ੍ਹੇ ਦੇ ਵਿਕਾਸ ਦੇ ਲਈ ਅਨੇਕਾਂ ਪਰਿਯੋਜਨਾਵਾਂ ਦਾ ਐਲਾਨ ਕੀਤਾ। ਜਿਨ੍ਹਾ ਵਿਚ ਨਗਰ ਨਿਗਮ ਨੂੰ ਚਾਲੂ ਮਾਲੀ ਸਾਲ ਦੇ ਲਈ 5 ਕਰੋੜ ਰੁਪਏ ਦੀ ਰਕਮ ਜਾਰੀ ਕਰਨਾ, ਯਮੁਨਾਨਗਰ-ਜਗਾਧਰੀ ਦੇ ਲਈ ਰਿੰਗ ਰੋਡ, ਜਗਾਧਰੀ ਵਿਚ ਨਵੀਂ ਲਕੜੀ ਮੰਡੀ, ਟਰਾਂਸਪੋਰਟ ਨਗਰ ਸਡੌਰਾ ਤੇ ਰਾਦੌਰ ਦੇ ਸਰਕਾਰੀ ਕਾਲਜ, ਖਿਜਰਾਬਾਦ ਨੂੰ ਤਹਿਸੀਲ ਤੇ ਖੰਡ ਬਣਾਉਣ ਅਤੇ 33 ਕੇਵੀ ਸਬ ਸਟੇਸ਼ਨ ਦੇ ਨਿਰਮਾਣ ਅਤੇ ਯਮੁਨਾਨਗਰ ਤੋਂ ਖਜੂਰੀ ਨਵੇਂ ਸੜਕ ਮਾਰਗ ਦੇ ਨਿਰਮਾਣ ਦਾ ਐਲਾਨ ਪ੍ਰਮੁੱਖ ਹੈ। ਮੁੱਖ ਮੰਤਰੀ ਨੇ ਇਹ ਐਲਾਨ ਯਮੁਨਾਨਗਰ ਵਿਚ ਜਨ ਸਮੱਸਿਆਵਾਂ ਸੁਣਵਾਈ ਤੇ ਨਿਵਾਰਣ ਪ੍ਰੋਗਰਾਮ ਦੇ ਦੌਰਾਨ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਮੁੱਖ ਮੰਤਰੀ ਨੇ ਲਗਭਗ 100 ਤੋਂ ਜ਼ਿਆਦਾ ਸ਼ਿਕਾਇਤਾਂ ਵਿਅਕਤੀਗਤ ਤੌਰ ’ਤੇ ਇਕੱਠੀਆਂ ਕਰਕੇ ਹੱਲ ਕਰਨ ਦਾ ਵਿਸ਼ਵਾਸ ਦਿੱਤਾ। ‘ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਯਮੁਨਾਨਗਰ ਨਾਲ ਉਨ੍ਹਾਂ ਦੇ
ਪੁਰਾਣੇ ਸਬੰਧ ਰਹੇ ਹਨ ਇਹ ਉਨ੍ਹਾਂ ਦਾ ਆਰਐਸਐਸ ਦੇ ਪ੍ਰਚਾਰਕ ਤੌਰ ’ਤੇ ਸਾਲ 1983 ਤੋਂ 1990 ਤੱਕ ਅਤੇ ਭਾਰਤੀ ਜਨਤਾ ਪਾਰਟੀ ਵਿਚ ਸੰਗਠਨ ਮੰਤਰੀ ਦੇ ਵਜੋਂ 8 ਸਾਲ ਤੱਕ ਉਨ੍ਹਾਂ ਦਾ ਕੰਮ ਖੇਤਰ ਰਿਹਾ। ਕੁਲ 14 ਸਾਲ ਇਹ ਖੇਤਰ ਉਨ੍ਹਾਂ ਦਾ ਕੰਮ ਖੇਤਰ ਰਿਹਾ ਹੈ, ਇਸ ਕਰਕੇ ਸਥਾਨਕ ਵਿਧਾਇਕਾਂ ਤੋਂ ਵੀ ਜ਼ਿਆਦਾ ਉਨ੍ਹਾਂ ਨੂੰ ਜ਼ਿਲ੍ਹੇ ਦੀ ਸਥਿਤੀ ਦੀ ਜਾਣਕਾਰੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹੁਣੇ ਕੰਮਕਾਜ ਸੰਭਾਲਿਆ ਹੈ ਅਤੇ ਪਿਛਲੀ ਸਰਕਾਰ ਦੇ ਫੈਸਲਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਆਧਾਰ ’ਤੇ ਨੀਤੀਆਂ ਤੇ ਪ੍ਰੋਗਰਾਮ ਬਣਾਏ ਜਾ ਰਹੇ ਹਨ ਅਤੇ ਇਨ੍ਹਾਂ ਦੇ ਚੰਗੇ ਨਤੀਜੇ ਮਿਲਣਗੇ।



