ਚੰਡੀਗੜ੍ਹ, 14 ਦਸੰਬਰ – ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਸਾਰੇ ਖਾਤਾ-ਰਹਿਤ ਪਰਿਵਾਰਾਂ ਦੇ ਬੈਂਕ ਬੱਚਤ ਖਾਤੇ ਖੋਲਣ੍ਹ ਵਾਲਾ ਪੰਜਾਬ ਰਾਜ ਕੇਰਲਾ ਅਤੇ ਮੱਧ ਪ੍ਰਦੇਸ਼ ਤੋਂ ਬਾਅਦ ਦੇਸ਼ ਦਾ ਤੀਜਾ ਸੂਬਾ ਬਣ ਗਿਆ ਹੈ। ਇਸ ਸਬੰਧੀ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਹ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ ਜਿਨਾਂ ਨੇ ਇਸ ਰਾਜ ਵਿਆਪੀ ਮੁਹਿੰਮ ਨੂੰ ਮਿਥੇ ਸਮੇਂ ਅੰਦਰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਰਾਜ ਦੇ 5476724 ਘਰਾਂ ਨੂੰ ਇਸ ਯੋਜਨਾ ਦੇ ਘੇਰੇ ’ਚ ਲਿਆਉਣ ਲਈ ਰਾਜ ਸਰਕਾਰ ਦੀ ਮੱਦਦ ਨਾਲ ਵੱਖ-ਵੱਖ ਬੈਂਕਾਂ ਵੱਲੋਂ ਨਿਰਧਾਰਤ ਸ਼ਹਿਰੀ ਵਾਰਡਾਂ ਅਤੇ ਪਿੰਡਾਂ ਦਾ ਸਰਵੇ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਪ੍ਰਮੁੱਖ ਸਕੱਤਰ ਵਿਤ ਤੇ ਯੋਜਨਾ ਦੇ ਡਾਇਰੈਕਟਰ ਸ੍ਰੀਮਤੀ ਵਿਨੀ ਮਹਾਜਨ, ਸਕੱਤਰ ਖਰਚਾ ਸ੍ਰੀ ਜਸਪਾਲ ਸਿੰਘ, ਰਾਜ ਲੀਡ ਬੈਂਕ ਦੇ ਕਨਵੀਨਰ ਸ੍ਰੀ ਹਰਪਾਲ ਸਿੰਘ, ਪ੍ਰਮੁੱਖ ਬੈਂਕਾਂ ਅਤੇ ਜਿਲ੍ਹਾ ਮੈਨੇਜਰਾਂ ਨੇ ਵਾਧੂ ਸਮਾਂ ਕੰਮ ਕਰਦਿਆਂ ਸਰਵੇਖਣ ਕਰਕੇ ਬੈਂਕ ਖਾਤਾ-ਰਹਿਤ ਘਰਾਂ ਦੇ ਖਾਤੇ ਖੋਲ੍ਹੇ। ਇਸ ਕਾਰਜ ਨੂੰ ਰਿਕਾਰਡ ਸਮੇਂ ’ਚ ਪੂਰਾ ਕਰਨ ਲਈ ਅਪਣਾਈ ਗਈ ਰਣਨੀਤੀ ਬਾਰੇ ਖੁਲਾਸਾ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਸਰਵੇ
ਅਤੇ ਖਾਤੇ ਖੋਲ੍ਹਣ ਸਬੰਧੀ ਕਾਰਵਾਈ ਦਾ ਸ੍ਰੀਮਤੀ ਵਿਨੀ ਮਹਾਜਨ ਵੱਲੋਂ ਸਮੇ-ਸਮੇਂ ’ਤੇ ਡਿਪਟੀ ਕਮਿਸ਼ਨਰਾਂ ਅਤੇ ਬੈਂਕਾਂ ਦੇ ਸਥਾਨਕ ਜਿਲ੍ਹਾ ਮੈਨੇਜਰਾਂ ਨਾਲ ਵੀਡੀਓ ਕਾਨਫਰੰਸਾਂ ਰਾਹੀਂ ਜਾਇਜ਼ਾ ਲਿਆ ਗਿਆ।ਪੜਤਾਲ ਦੌਰਾਨ ਪਤਾ ਲੱਗਾ ਕਿ 45,73,705 ਘਰਾਂ ਦੇ ਪਹਿਲਾਂ ਤੋਂ ਹੀ ਬੈਂਕ ਖਾਤੇ ਸਨ ਜਦੋਂਕਿ 8,63,524 ਘਰਾਂ ਨੂੰ ਇਸ ਯੋਜਨਾ ’ਚ ਸ਼ਾਮਿਲ ਕਰਨ ਦੀ ਜ਼ਰੂਰਤ ਸੀ। ਲੋਕਾਂ ਅੰਦਰ ਇਸ ਯੋਜਨਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਪ੍ਰਤੀ ਪਰਿਵਾਰ ਬੈਂਕ ਖਾਤਾ ਯਕੀਨੀ ਬਨਾਉਣ ਲਈ ਪੰਜਾਬ ਸਰਕਾਰ ਵੱਲੋਂ 23412 ਕੈਂਪ ਲਗਾ ਕੇ 29,17,334 ਬੈਂਕ ਖਾਤੇ ਖੋਲ੍ਹੇ ਗਏ ਜਿਨ੍ਹਾਂ ’ਚ 8,63,524 ਉਹ ਪਰਿਵਾਰ ਵੀ ਸ਼ਾਮਿਲ ਹਨ ਜਿਨ੍ਹਾਂ ਦਾ ਪਹਿਲਾਂ ਕੋਈ ਬੈਂਕ ਖਾਤਾ ਨਹੀਂ ਸੀ।



