ਚੰਡੀਗੜ੍ਹ 14 ਦਸੰਬਰ (ਪੀ. ਟੀ.)- ਪੰਜਾਬ ਸਰਕਾਰ ਹਾੜੀ ਦੀ ਫਸਲ ਦੀ ਫਸਲੀ ਵਿਭਿੰਨਤਾ ਨੂੰ ਉਤਸਾਹਿਤ ਕਰਨ ਲਈ ਰਾਜ ਵਿੱਚ ਅੱਠ ਕਰੋੜ ਰੁਪਏ ਦੀ ਲਾਗਤ ਨਾਲ ਪੰਜ ਮੱਕੀ ਸੁਕਾਈ ਕੇਂਦਰ ਸਥਾਪਿਤ ਕਰੇਗੀ। ਇਸ ਗੱਲ ਦੀ ਜਾਣਕਾਰੀ ਦਿੰਦਿਆ ਖੇਤੀਬਾੜੀ ਮੰਤਰੀ ਸ.ਤੋਤਾ ਸਿੰਘ ਨੇ ਦੱਸਿਆ ਕਿ ਪੰਜ ਤਜਵੀਜ਼ਤ ਯੂਨਿਟਾਂ ਵਿੱਚੋਂ ਮੱਕੀ ਸੁਕਾਈ ਕੇਂਦਰਾਂ ’ਚ ਤਿੰਨ ਕੇਂਦਰ ਫੁਲਗਾਨਾ (ਹੁਸਿਆਰਪੁਰ), ਭੋਗਪੁਰ ਅਤੇ ਨਕੋਦਰ ਵਿਖੇ ਸਥਾਪਿਤ ਕੀਤੇ ਜਾ ਚੁੱਕੇ ਹਨ ਅਤੇ ਦੋ ਕੇਂਦਰ ਕਪੂਰਥਲਾ ਤੇ ਮਾਛੀਵਾੜਾ ਵਿਖੇ ਜਲਦੀ ਸਥਾਪਿਤ ਕੀਤੇ ਜਾ ਰਹੇ ਹਨ। ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਮੱਕੀ ਸੁਕਾਈ ਪਲਾਂਟ 19.27 ਕਰੋੜ ਰੁਪਏ ਦੀ ਲਾਗਤ ਨਾਲ ਹੁਸਿਆਰਪੁਰ ਤੇ ਨਵਾਂਸ਼ਹਿਰ ਵਿਖੇ ਅੰਤਰ-ਰਾਸ਼ਟਰੀ ਮਾਪ ਦੰਡਾਂ ਦੇ ਅਨੁਕੁਲ ਮੱਕੀ ਸੁਕਾਉਣ ਲਈ ਪਹਿਲਾਂ ਹੀ ਸਥਾਪਿਤ ਕੀਤੇ ਜਾ ਚੁੱਕੇ ਹਨ। ਇਸ ਸੁਵਿੱਧਾ ਨਾਲ ਮੱਕੀ ਦੀ ਨਮੀ ਨੂੰ ਖਤਮ ਕਰਕੇ ਕਿਸਾਨ ਚੰਗਾ ਲਾਭ ਲੈ ਸਕਦੇ ਹਨ। ਸਟਾਰਚ ਨਿਰਮਾਤਾ ਅਤੇ ਮੁਰਗੀ ਪਾਲਕਾਂ ਨੂੰ ਮੱਕੀ ਵਿੱਚ 12 ਪ੍ਰਤੀਸਤ ਨਮੀ ਦੀ ਲੋੜ ਹੁੰਦੀ ਹੈ। ਇਹ ਦੋ ਸੈਂਟਰਾਂ ਤੋ ਇਲਾਵਾ ਹੋਰ ਨਵੇਂ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ।
ਮੰਤਰੀ ਨੇ ਕਿਹਾ ਕਿ ਪਿਛਲੇ ਸਾਲਾਂ ਤੋਂ ਮੱਕੀ ਦੀ ਕੀਮਤ ਵਿੱਚ ਵਾਧਾ ਹੋਣ ਕਰਕੇ ਇਸ ਦੀ ਮੰਗ ਵੱਧ ਗਈ ਸੀ ਲੇਕਿਨ ਮੱਕੀ ਦੀ ਫਸਲ ਲੋੜ ਅਨੁਸਾਰ ਨਹੀਂ ਸੀ। ਰਾਜ ਸਰਕਾਰ ਦੇ ਇਸ ਉਦੱਮ ਸਦਕਾ ਕਿਸਾਨਾਂ ਨੂੰ ਮੱਕੀ ਦੀ ਫਸਲ ਜ਼ਿਆਦਾ ਰਕਬੇ ਵਿੱਚ ਬਿਜਣ ਲਈ ਉਤਸਾਹ ਮਿਲੇਗਾ।
ਖੇਤੀ ਮੰਤਰੀ ਨੇ ਕੇਂਦਰ ਸਰਕਾਰ ਤੋਂ ਰਾਜ ਵਿੱਚ ਮੱਕੀ ਦੀ ਬਿਜਾਈ ਨੂੰ ਉਤਸਾਹਤ ਕਰਨ ਲਈ ਮੱਕੀ ਦੇ ਘੱਟੋ ਘੱਟ ਸਮਰਥਨ ਮੁੱਲ 1800 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ ਹੈ। ਉਨਾਂ ਕੇਂਦਰ ਤੋਂ ਘੱਟੋ ਘੱਟ ਸਮਰਥਨ ਮੁੱਲ ਤੇ 100 ਫੀਸਦੀ ਮੱਕੀ ਦੀ ਖਰੀਦ ਕਰਨ ਦੀ ਮੰਗ ਵੀ ਕੀਤੀ।
ਵਿਭਾਗ ਵੱਲੋਂ ਫਸਲ ਵਿਭਿੰਨਤਾ ਪ੍ਰੋਗਰਾਮ ’ਤੇ ਵਿਸਥਾਰ ਪੂਰਵਕ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੱਕੀ ਦੀ ਫਸਲ ਦੇ ਰਕਬੇ ਵਿੱਚ ਇਸ ਸਾਲ ਵਾਧਾ ਹੋਇਆ ਹੈ।



