ਚੰਡੀਗੜ੍ਹ, 18 ਦਸੰਬਰ (ਪੀ. ਟੀ.)- ਪੰਜਾਬ ਸਰਕਾਰ ਵੱਲੋਂ ਦਵਾਈਆਂ ਸਟੋਰ ਕਰਨ ਦੇ 376.39 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਰੀਜਨਲ ਵੇਅਰ ਹਾਊਸ ਅਮ੍ਰਿਤਸਰ,ਬਠਿੰਡਾ ਅਤੇ ਖਰੜ ਵਿਖੇ ਸਥਾਪਿਤ ਕੀਤੇ ਗਏ ਹਨ। ਇਹ ਜਾਣਕਾਰੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦਿੰਦਿਆਂ ਹੋਇਆਂ ਦੱਸਿਆ ਕਿ ਇਹ ਵੇਅਰ ਹਾਊਸ ਸਪੈਸ਼ਲ ਕਿਸਮ ਦੇ ਡਿਜਾਇਨ ਦੇ ਆਧਾਰਤ ਤਿਆਰ ਕੀਤੇ ਗਏ ਹਨ ਤਾਂ ਜੋ ਦਵਾਈਆਂ ਸੁਰਖਿੱਅਤ ਰਹਿ ਸਕਣ। ਸ੍ਰੀ ਜਿਆਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਮੇਂ ਸਰਕਾਰੀ ਹਸਪਤਾਲਾਂ ਵਿੱਚ 300 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ ਅਤੇ ਭਵਿੱਖ ਵਿੱਚ ਇਸ ਨੂੰ ਹੋਰ ਵੀ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਵੇਅਰ ਹਾਊਸ ਦਵਾਈਆਂ ਨੂੰ ਸਟੌਰ ਕਰਨ ਅਤੇ ਇੱਥੋਂ ਦਵਾਈਆਂ ਦੀ ਸਮੇਂ ਸਿਰ ਵੰਡ ਲਈ ਸਥਾਪਿਤ ਕੀਤੇ ਗਏ ਹਨ ਅਤੇ ਅੱਗੇ ਵੱਖ ਵੱਖ ਹਸਪਤਾਲਾਂ ਨੂੰ ਆਨਲਾਈਨ ਦਵਾਈਆਂ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੇਰਕਾ ਦਾ ਵੇਅਰ ਹਾਊਸ 141.21 ਲੱਖ, ਬਠਿੰਡਾ ਦਾ ਵੇਅਰ ਹਾਊਸ 116.53 ਲੱਖ ਅਤੇ ਖਰੜ ਦਾ ਵੇਅਰ ਹਾਊਸ 118. 65 ਲੱਖ ਰੁਪਏ ਨਾਲ ਉਸਾਰਿਆ ਗਿਆ ਹੈ। ਸ੍ਰੀ ਜਿਆਣੀ ਨੇ ਦੱਸਿਆ ਕਿ ਪਿਛਲੇ ਸਾਲ ਸਰਕਾਰੀ ਹਸਪਤਾਲਾਂ ਨੂੰ 70
ਕਰੌੜ ਰੁਪਏ ਦੀਆਂ ਦਵਾਈਆਂ ਲੋਕਾਂ ਨੂੰ ਮੁਫ਼ਤ ਦਿੱਤੀਆਂ ਗਈਆਂ ਸਨ। ਹੁਣੇ ਹੁਣੇ ਹੀ ਪੀ ਜੀ ਆਈ ਚੰਡੀਗੜ੍ਹ ਅਤੇ ਸਰਕਾਰੀ ਮਲਟੀ ਸਪੈਸ਼ਲਟੀ ਹਸਪਤਾਲ ਸੈਕਟਰ 16 ਚੰਡੀਗੜ੍ਹ ਜੋ ਕਿ ਐਂਟੀ ਸਨੇਕ ਵੇਨਮ (ਲਾਈਫ ਸੇਵਿੰਗ ਡਰੱਗ ) ਦੀ ਕਮੀ ਦਾ ਸਾਹਮਣਾ ਕਰ ਰਿਹਾ ਸੀ ਤੇ ਐਸ ਏ ਐਸ ਨਗਰ ਰੀਜਨਲ ਡਰੱਗ ਵੇਅਰ ਹਾਊਸ ਤੋਂ ਇਹ ਦਵਾਈਆਂ ਸਪਲਾਈ ਕੀਤੀਆਂ ਗਈਆਂ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਦੱਸਿਆ ਕਿ ਦਵਾਈਆਂ ਦੀ ਸਪਲਾਈ ਅਤੇ ਖਰੀਦ ਨੂੰ ਪਾਰਦਰਸ਼ੀ ਢੰਗ ਨਾਲ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਵੇਅਰ ਹਾਊਸ ਦਵਾਈਆਂ ਦੀ ਸੁਰੱਖਿਆ ਲਈ ਅਲਟਰਾ ਮਾਡਰਨ ਸਹੂਲਤਾਂ ਨਾਲ ਲੈਸ ਹੋਣਗੇ। ਉਨ੍ਹਾਂ ਦੱਸਿਆ ਕਿ ਰੀਜਨਲ ਵੇਅਰ ਹਾਊਸ ਸਟੇਟ ਹੈਡ ਕੁਆਟਰ ਅਤੇ ਹਸਪਤਾਲਾਂ ਨਾਲ ਆਨਲਾਈਨ ਜੁੜੇ ਰਹਿਣਗੇ।



