ਮੈਂ ਪਿਛਲੇ ਸਾਲ ਇੰਡੀਆ ਆਇਆ ਸੀ ਤੇ ਇਕ ਲੇਖ ਪੰਜਾਬ ਦੇ ਹਾਲਤਾਂ ’ਤੇ ਪੰਜਾਬ ਟਾਇਮਜ਼ ਅਖ਼ਬਾਰ ਵਿੱਚ ਦਿੱਤਾ ਸੀ, ਜਿਸ ਨੂੰ ਪੜ੍ਹ ਕੇ ਮੈਨੂੰ ਬਹੁਤ ਸੱਜਣਾਂ ਦੇ ਫੋਨ ਅਤੇ ਈ-ਮੇਲ ਆਏ ਸਨ। ਮੈਂ ਗੱਲ ਕਰ ਰਿਹਾ ਹਾਂ ਆਪਣੇ ਪਿਆਰੇ ਪੰਜਾਬ ਦੀ, ਆਪਣੀ ਸੋਹਣੀ ਧਰਤੀ ਦੀ ਅਤੇ ਮਾਤ-ਭੂਮੀ ਦੀ। ਮੈਂ ਪਿਛਲੇ ਕੋਈ 34 ਸਾਲਾਂ ਤੋਂ ਅਮਰੀਕਾ ’ਚ ਰਹਿ ਰਿਹਾ ਹਾਂ। ਜਦ ਵੀ ਮੈਨੂੰ ਆਪਣੇ ਵਤਨ ਦੀ ਯਾਦ ਆਈ ਜਿਸ ਦੀ ਮਿੱਟੀ ਦੀ ਖੁਸ਼ਬੂ ਹਮੇਸ਼ਾ ਹੀ ਮੇਰੇ ਹਿਰਦੇ ਵਿੱਚ ਵਸੀ ਹੋਈ ਹੈ, ਇਸ ਧਰਤੀ ਨੂੰ ਸਿਜਦਾ ਕਰਨ ਆ ਜਾਂਦਾ ਹਾਂ ਤੇ ਇਸ ਦੀਆਂ ਮਿੱਠੀਆ ਯਾਦਾਂ ਨੂੰ ਆਪਣੇ ਸੀਨੇ ਵਿੱਚ ਸਮਾ ਕੇ ਆਪਣੇ ਪ੍ਰਦੇਸੀ ਮੁਲਖ ਨੂੰ ਲੈ ਜਾਂਦਾ ਹੈ। ਯੂ.ਐਸ.ਏ. ਵਿੱਚ ਮੇਰੇ ਪਿੰਡ ਮਿਆਣੀ ਦੇ ਬਹੁਤ ਸਾਰੇ ਸੱਜਣ ਰਹਿੰਦੇ ਹਨ ਅਤੇ ਉਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਇਕ ਵੱਖਰੀ ਪਹਿਚਾਣ ਬਣਾਈ ਹੋਈ ਹੈ। ਕੁੱਝ ਕੁ ਸਾਲ ਹੋਏ ਆਪਣੇ ਦੋਸਤਾਂ-ਮਿੱਤਰਾਂ ਨਾਲ ਸਲਾਹ ਕੀਤੀ ਕਿ ਅਸਾਂ ਪੈਸਾ ਤਾਂ ਬਹੁਤ ਕਮਾ ਲਿਆ ਹੈ ਤੇ ਕਿਉਂ ਨਾ ਆਪਣੀ ਮਾਤ-ਭੂਮੀ ਆਪਣੇ ਪਿੰਡ ਜਿਸ ਦੀਆਂ ਗਲੀਆਂ ਵਿੱਚ
ਅਸੀਂ ਬਚਪਨ ਗੁਜ਼ਾਰਿਆ ਹੈ, ਉਸ ਦੀ ਤਰੱਕੀ ਲਈ ਕੁੱਝ ਕੀਤਾ ਜਾਵੇ। ਸਾਰੇ ਸੱਜਣਾਂ ਨੇ ਰਲ ਕੇ ਮਿਆਣੀ ਓਵਰਸੀਜ਼ ਵੈਲਫੇਅਰ ਸੁਸਾਇਟੀ ਦਾ ਗਠਨ ਕੀਤਾ ਤੇ ਦਾਸ ਨੂੰ ਉਸ ਦਾ ਮੁੱਢਲਾ ਤੇ ਫਾਉਂਡਰ ਪ੍ਰੈਜੀਡੈਂਟ ਨਿਯੁਕਤ ਕਰ ਦਿੱਤਾ ਤੇ ਆਪਣੀ ਸੁਸਾਇਟੀ ਦੇ ਮੈਂਬਰਾਂ ਨੇ ਆਪਣੀ ਕਿਰਤ ਕਮਾਈ ਵਿੱਚੋਂ ਲੱਖਾਂ ਰੁਪਏ ਲਾ ਕੇ ਪਿੰਡ ਨੂੰ ਖੂਬਸੂਰਤ ਬਣਾਉਣ ਦਾ ਯਤਨ ਕੀਤਾ। ਪਿੰਡ ਦੀਆਂ ਗਲੀਆਂ ਨੂੰ ਪੱਕਾ ਕੀਤਾ, ਪਿੰਡ ਦੇ ਆਲੇ-ਦੁਆਲੇ ਬੂਟੇ ਲਗਾਏ ਅਤੇ ਲਾਈਟਾਂ ਲਗਾਈਆਂ। ਸ਼ਮਸ਼ਾਨ ਘਾਟ ਨੂੰ ਪੱਕਾ ਕਰਾਇਆ, ਫਿਊਨਰਲ ਹੋਮ ਬਣਵਾਇਆ, ਪੰਚਾਇਤ ਘਰ ਬਣਾਇਆ, ਆਂਗੜਵਾੜੀ ਸਕੂਲ ਬਣਾਏ, ਬੱਚਿਆਂ ਨੂੰ ਵਜ਼ੀਫੇ ਤੇ ਵਰਦੀਆਂ ਦਿੱਤੀਆਂ, ਸਿਲਾਈ ਮਸ਼ੀਨਾਂ ’ਤੇ ਕੰਮ ਸਿਖਾਉਣ ਦਾ ਪੰ੍ਰਬਧ ਕੀਤਾ, ਇੱਕ ਖੂਬਸੂਰਤ ਲਾਇਬਰੇਰੀ ਸਵ: ਬਾਵਾ ਨਰਿੰਜਣ ਸਿੰਘ ਦੀ ਯਾਦ ਵਿੱਚ ਬਣਾਈ। ਹਰ ਸਾਲ ਪਿੰਡ ਵਿੱਚ ਕਬੱਡੀ ਟੂਰਨਾਮੈਂਟ ਤੇ ਕਲਚਰਲ ਪ੍ਰੋਗਰਾਮ ਕਰਵਾਏ। ਆਉਣ ਵਾਲੇ ਸਮੇਂ ਵਿੱਚ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਵਿਆਹਾਂ ਦਾ ਪ੍ਰੋਗਰਾਮ ਬਣਾਇਆ ਹੈ। ਮੇਰੀ ਪ੍ਰਧਾਨਗੀ ਦੇ ਬਾਅਦ ਮੇਰੇ ਸਹਿਯੋਗੀ ਪ੍ਰਧਾਨ ਸੁਖਵਿੰਦਰ ਸਿੰਘ ਮੈਨੇਜਰ, ਬਾਬੂ ਜੋਗਿੰਦਰ ਸਿੰਘ, ਜਗਦੀਸ਼ ਸਿੰਘ ਤੇ ਮੌਜੂਦਾ ਪ੍ਰਧਾਨ ਕਸ਼ਮੀਰ ਸਿੰਘ ਘੌਤੜਾ ਸਭ ਨੇ ਆਪਣੀ ਸੂਝ-ਬੂਝ ਨਾਲ ਪਿੰਡ ਦੀ ਨੁਹਾਰ ਬਦਲਣ ਦਾ ਯਤਨ ਕੀਤਾ। ਸੁਸਾਇਟੀ ਦੇ ਸਰਪ੍ਰਸਤ ਬਾਵਾ ਰਜਿੰਦਰ ਸਿੰਘ ਲਾਲੀ ਨੇ ਬੇਅੰਤ ਮਾਈਕ ਸਹਾਇਤਾ ਦਿੱਤੀ। ਚੇਅਰਮੈਨ ਅਵਤਾਰ ਸਿੰਘ ਬੱਬੀ, ਨਿਹਾਲ ਸਿੰਘ ਤੇ ਜਸਵਿੰਦਰ ਸਿੰਘ ਸ਼ੀਸ਼ਾ ਤੇ ਸੁਸਾਇਟੀ ਦੇ ਸਾਰੇ ਮੈਂਬਰਾਂ ਨੇ ਪੂਰਾ ਸਹਿਯੋਗ ਦਿੱਤਾ। ਇਹ ਤਾਂ ਗੱਲ ਹੈ ਪਿੰਡ ਮਿਆਣੀ ਅਤੇ ਉਥੋਂ ਦੇ ਐਨਆਰਆਈਜ਼ ਦੀ। ਹੁਣ ਮੈਂ ਅਸਲੀ ਮੁੱਦੇ ਵੱਲ ਆ ਰਿਹਾ ਹਾਂ। ਇਹ ਗੱਲ ਹੈ ਮੇਰੇ ਸੋਹਣੇ ਦੇਸ਼ ਪੰਜਾਬ ਦੀ, ਗੁਰੂਆਂ ਪੀਰ-ਪੈਗੰਬਰਾਂ, ਦੇਵਤਿਆ, ਯੋਧੇ-ਸੂਰਬੀਰਾਂ, ਦੇਸ਼-ਭਗਤਾਂ ਅਤੇ ਮਿਹਨਤਕਸ਼ ਕਿਸਾਨਾਂ ਦੀ। ਇੱਥੋਂ ਦੇ ਦੇਸ਼ਵਾਸੀਆਂ ਨੇ ਮੁਗਲ ਹਕੂਮਤ ਦੇ ਦੰਦ ਖੱਟੇ ਕੀਤੇ ਸਨ ਤੇ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਵਾਰ ਕੇ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਵਾਇਆ। ਕਾਬੁਲ ਅਤੇ ਦਿੱਲੀ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਇਕ ਵਿਸ਼ਾਲ ਪੰਜਾਬ ਦਾ ਵਿਸਥਾਰ ਕੀਤਾ ਤੇ ਇਸ ਨੂੰ ਬਾਬੇ ਬੁੱਲ੍ਹੇ ਸ਼ਾਹ ਦਾ ਵੀ ਪੰਜਾਬ ਕਿਹਾ ਜਾਂਦਾ ਹੈ। ਰਾਜਾ ਪੋਰਸ ਵੀ ਇਸ ਧਰਤੀ ਦਾ ਜਮਪਲ ਹੈ ਜਿਸ ਨੇ ਸਿਕੰਦਰ ਦੇ ਨਾਲ ਘਮਸਾਨ ਦਾ ਯੁੱਧ ਕੀਤਾ।
ਪੰਜਾਬ ਦੀ ਖੁਸ਼ਹਾਲ ਧਰਤੀ ਸੋਨਾ ਉਗਲਦੀ ਹੈ ਤੇ ਪੰਜਾਬ ਪੂਰੇ ਭਾਰਤ ਦਾ ਅੰਨਦਾਤਾ ਰਾਜ ਕਰਕੇ ਜਾਣਿਆ ਜਾਂਦਾ ਸੀ। ਪਰ ਕੁੱਝ ਸਾਲਾਂ ਤੋਂ ਇਹ ਸੋਹਣਾ ਪੰਜਾਬ ਇਕ ਗੰਦੀ ਰਾਜਨੀਤੀ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਗਿਆ। ਨੰਬਰ 1 ’ਤੇ ਜਾਣ ਵਾਲਾ ਪੰਜਾਬ ਅੱਜ ਦੇਸ਼ ਦੇ ਪ੍ਰਾਂਤਾਂ ਵਿੱਚੋਂ 21 ਵੇਂ ਸਥਾਨ ’ਤੇ ਪੁਹੰਚ ਗਿਆ ਹੈ। ਜੇਕਰ ਹਾਲਾਤ ਏਦਾਂ ਹੀ ਰਹੇ ਤਾਂ ਕੁਝ ਸਾਲਾਂ ਵਿੱਚ ਹੀ ਸਭ ਤੋਂ ਪਛੜੇ ਰਾਜ ਵਜੋਂ ਜਾਣਿਆ ਜਾਣ ਲੱਗ ਪਵੇਗਾ। ਭਾਰਤ ਦੇ ਪਛੜੇ ਤੋਂ ਪਛੜੇ ਰਾਜ ਦੀ ਆਮਦਨੀ ਵਧੀ ਹੈ ਤੇ ਵਿਕਾਸ ਵਧਿਆ ਹੈ। ਪਰ ਸ਼ਰਮ ਦੀ ਗੱਲ ਇਹ ਹੈ ਕਿ ਪੰਜਾਬ ਦਾ ਵਿਕਾਸ ਦਰ ਘਟਾਓ 5 ਨੂੰ ਚਲਾ ਗਿਆ ਹੈ। ਪੰਜਾਬ ਦਾ ਨੌਜਵਾਨ ਨਸ਼ਿਆਂ ਦਾ ਆਦੀ ਬਣ ਰਿਹਾ ਹੈ। ਜੇਕਰ ਇਥੇ ਵਿਕਾਸ ਦਰ ਵਧੀ ਹੈ ਤਾਂ ਸ਼ਰਾਬ ਦੀ। ਪੰਜਾਬ ਦੀ ਜਵਾਨੀ ਤੇ ਪੰਜਾਬੀਆਂ ਨੂੰ ਸ਼ਰਾਬ ਦੇ ਠੇਕੇਦਾਰਾਂ ਨੇ ਆਦੀ ਬਣਾ ਦਿੱਤਾ ਹੈ ਤੇ ਇਹ ਪੰਜਾਬ ਅੱਜ 1 ਲੱਖ 20 ਕਰੋੜ ਰੁਪਏ ਦਾ ਕਰਜ਼ਦਾਰੀ ਹੈ। ਘਟੀਆ ਤੇ ਲਾਲਚੀ ਰਾਜਨੀਤਕਾਂ ਨੇ ਪੰਜਾਬ ਦਾ ਸਤਿਆਨਾਸ ਕਰ ਦਿੱਤਾ ਹੈ। ਕੇਂਦਰ ਸਰਕਾਰ ਤੋਂ ਆਈ ਸਹਾਇਤਾ ਤੇ ਪੰਜਾਬ ਦੀ ਆਮਦਨੀ ਇਨ੍ਹਾਂ ਘਟੀਆ ਰਾਜਨੀਤਕਾਂ ਦੇ ਢਿੱਡਾਂ ਵਿੱਚ ਜਾ ਰਹੀ ਹੈ ਤੇ ਇਹ ਏਨੇ ਲਾਲਚੀ ਹਨ ਕਿ ਡਕਾਰ ਤੱਕ ਨਹੀਂ ਮਾਰ ਰਹੇ। ਸਟੇਜਾਂ ’ਤੇ ਝੂਠੇ ਵਾਅਦੇ ਤੇ ਵੱਡੀਆਂ-ਵੱਡੀਆਂ ਗੱਪਾਂ ਨਾਲ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਇਹ ਲੀਡਰ ਏਥੋਂ ਤੱਕ ਵਾਅਦੇ ਕਰਦੇ ਸਨ ਕਿ ਪੰਜਾਬ ਨੂੰ ਕੈਲੀਫੋਰਨੀਆ ਦੀ ਤਰ੍ਹਾਂ ਬਣਾ ਦੇਵਾਂਗੇ, ਪਰ ਸੱਚ ਤਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਇਨ੍ਹਾਂ ਨੇ ਪੰਜਾਬ ਦਾ ਕੀ ਹਾਲ ਕੀਤਾ ਹੈ। ਹਰ ਕੋਈ ਐਨਆਰਆਈਜ਼ ਪੰਜਾਬ ਵਿੱਚ ਪੈਸਾ ਲਾਉਣ ਤੋਂ ਕੰਨੀ ਕਤਰਾਉਂਦਾ ਹੈ ਤੇ ਡਰਦਾ ਹੈ ਕਿ ਉਨ੍ਹਾਂ ਦਾ ਇਹ ਪੈਸਾ ਬਰਬਾਦ ਹੋ ਜਾਵੇਗਾ। ਜਿਨ੍ਹਾਂ ਨੇ ਕੁੱਝ ਸਾਲ ਪਹਿਲਾਂ ਪੈਸੇ ਪੰਜਾਬ ਵਿੱਚ ਲਗਾਏ ਸਨ ਉਹ ਮੱਥੇ ’ਤੇ ਹੱਥ ਧਰ ਕੇ ਬੈਠੇ ਹਨ। ਪੰਜਾਬ ਦਾ ਹਰ ਇਨਸਾਨ, ਵਪਾਰੀ ਹੈ ਜਾਂ ਕਿਸਾਨ, ਜਾਂ ਕੋਈ ਆਮ ਵਿਅਕਤੀ ਹਰੇਕ ਦੁਖੀ ਹੈ। ਹਰ ਇ¤ਕ ਫਾਇਦੇ ਵਾਲੇ ਵਪਾਰ ’ਤੇ ਇਨ੍ਹਾਂ ਮਾਫੀਆ ਰਾਜਨੀਤਕਾਂ ਨੇ ਕਬਜ਼ਾ ਜਮਾਇਆ ਹੋਇਆ ਹੈ। ਮੇਰੇ ਸੋਹਣੇ ਪੰਜਾਬ ਦੇ ਵਾਸਿਓ ਤੁਸਾਂ ਤਾਂ ਹਰ ਜ਼ਾਲਮ ਨਾਲ ਟੱਕਰ ਲਈ ਹੈ। ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਹੈ। ਆਓ ਇਨ੍ਹਾਂ ਧੋਖੇਬਾਜ਼, ਲਾਲਚੀ ਦੇਸ਼ ਦੇ ਗਦਾਰ ਲੀਡਰਾਂ ਤੇ ਆਪਣੇ ਪੰਜਾਬ ਨੂੰ ਅਜ਼ਾਦ ਕਰਾਈਏ। ਜੇਕਰ ਤੁਸੀ ਅਜੇ ਤੱਕ ਵੀ ਨਾ ਜਾਗੇ ਤਾਂ ਤੁਹਾਨੂੰ ਵੀ ਪੰਜਾਬ ਛੱਡ ਕੇ ਬਹਾਰ ਜਾਣਾ ਪਵੇਗਾ। ਤੁਸੀਂ ਮੁਗਲਾਂ ਤੇ ਅੰਗਰੇਜ਼ਾ ਤੋਂ ਦੇਸ਼ ਨੂੰ ਆਜ਼ਾਦ ਕਰਵਾਇਆ, ਹੁਣ ਵਾਰੀ ਏ ਇਨ੍ਹਾਂ ਮਾੜੇ ਰਾਜਨੀਤਕਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਦੀ।
ਮੇਰੀ ਇਨ੍ਹਾਂ ਲੀਡਰਾਂ ਅੱਗੇ ਬੇਨਤੀ ਹੈ ਕਿ ਕ੍ਰਿਪਾ ਕਰਕੇ ਇਸ ਪਵਿੱਤਰ ਧਰਤੀ ਜਿਸ ਨੂੰ ਗੁਰੂ ਮਹਾਰਾਜ ਦੀ ਛੋਹ ਪ੍ਰਾਪਤ ਹੈ ਉ¤ਤੇ ਤਰਸ ਕਰੋ। ਪੰਜਾਬ ਦੀ ਜਵਾਨੀ ਉ¤ਤੇ ਤਰਸ ਕਰੋ। ਇਤਿਹਾਸ ਕਦੀ ਕਿਸੇ ਨੂੰ ਮੁਆਫ ਨਹੀਂ ਕਰਦਾ। ਤੁਹਾਡੇ ਨਾਲ ਇਤਿਹਾਸ ਦੇ ਕਾਲੇ ਪੰਨਿਆਂ ’ਤੇ ਲਿਖਿਆ ਜਾਵੇਗਾ। ਇਹ ਪੈਸਾ ਜਾਇਦਾਦਾਂ ਇਥੇ ਹੀ ਰਹਿ ਜਾਣੀਆਂ ਨੇ। ਸਿਕੰਦਰ ਦੀ ਤਰ੍ਹਾਂ ਅਰਥੀ ਤੋਂ ਬਾਹਰ ਬਾਹਾਂ ਪਸਾਰੀ ਇਨਸਾਨ ਖਾਲੀ ਹੱਥ ਹੀ ਜਾਂਦਾ ਹੈ। ਮੇਰੀ ਬੇਨਤੀ ਹੈ ਕਿ ਮੈਂ ਕਿਸੇ ਰਾਜਨੀਤਕ ਦਲ ਨਾਲ ਸੰਬੰਧਤ ਨਹੀ ਹਾਂ, ਨਾਂ ਕਿਸੇ ਪਾਰਟੀ ਦੇ ਖਿਲਾਫ ਹਾਂ। ਨਾਂ ਹੀ ਕਿਸੇ ਵਿਅਕਤੀ ਨਾਲ ਮੇਰੀ ਨਿਜੀ ਦੁਸ਼ਮਣੀ ਹੈ। ਮੈਂ ਇਕ ਤੁਹਾਡਾ ਐਨਆਰਆਈ ਭਰਾ ਹਾਂ। ਇਸ ਪੰਜਾਬ ਦੀ ਧਰਤੀ ਨਾਲ ਮੇਰਾ ਮੋਹ ਹੈ। ਇਸ ਮਿੱਟੀ ਵਿੱਚ ਮੇਰੀਆਂ ਬਚਪਨ ਦੀਆਂ ਯਾਦਾਂ ਅਤੇ ਮਾਤਾ ਪਿਤਾ ਦੇ ਚਰਨਾਂ ਦੀ ਖੁਸ਼ਬੂ ਆਉਂਦੀ ਹੈ।
ਪੰਜਾਬ ਜ਼ਿੰਦਾਬਾਦ
ਮੇਰਾ ਦੇਸ਼ ਜ਼ਿੰਦਾਬਾਦ
ਤੁਹਾਡਾ ਆਪਣਾ : ਸਤਵਿੰਦਰ ਸਿੰਘ ਸੱਤਾ
ੲ-ਮੳਲਿ: ਸੳਟਟੳ9580ਗਮੳਲਿ.ਚੋਮ
ਸੰਪਰਕ : 516-852-1891, 8968113655



