ਬੁਢਲਾਡਾ, 11 ਦਸੰਬਰ (ਅਮਨ ਮਹਿਤਾ/ਅਮਿਤ ਜਿੰਦਲ)- ਬੀਤੀ ਰਾਤ ਅਚਾਨਕ ਟਰੱਕ ਯੂਨੀਅਨ ਵਿੱਚ ਟਰੱਕਾਂ ਨੂੰ ਅੱਗ ਲੱਗਣ ਕਾਰਨ ਦੋ ਟਰੱਕ ਬੁਰੀ ਤਰ੍ਹਾਂ ਨੁਕਸਾਨੇ ਗਏ। ਸਿਟੀ ਪੁਲਿਸ ਬੁਢਲਾਡਾ ਦੇ ਐਸ.ਐਚ.ਓ. ਇੰਸਪੈਕਟਰ ਜਸਵੀਰ ਸਿੰਘ ਦੀ ਫੁਰਤੀ ਨਾਲ ਟਰੱਕ ਓਪਰਟੇਰਾਂ, ਡਰਾਈਵਰਾਂ, ਕੰਡੈਕਟਰਾਂ ਦੀ ਸਹਿਯੋਗ ਸਦਕਾ ਯੂਨੀਅਨ ਵਿੱਚ ਖੜ੍ਹੇ 100 ਦੇ ਕਰੀਬ ਟਰੱਕ ਅੱਗ ਤੋਂ ਬਚਾ ਲਏ ਗਏ। ਡੀ.ਐਸ.ਪੀ. ਰਾਜਵੀਰ ਸਿੰਘ ਬੋਪਾਰਾਏ ਨੇ ਅੱਜ ਸਵੇਰੇ ਘਟਨਾ ਦਾ ਜਾਇਜਾ ਲੈਂਦਿਆਂ ਕਿਹਾ ਕਿ ਬਹੁਤ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ ਹੈ। ਝੁਲਸੇ ਗਏ ਟਰੱਕ ਦੇ ਮਾਲਕ ਅਮਰੀਕ ਸਿੰਘ ਪੁੱਤਰ ਸਤਪਾਲ, ਨਵੀਨ ਕੁਮਾਰ ਪੁੱਤਰ ਸ਼ੰਕਰ ਲਾਲ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਸ਼ਾਮ ਨੂੰ ਆਪਣਾ ਟਰੱਕ ਯੂਨੀਅਨ ਵਿੱਚ ਖੜ੍ਹਾ ਕਰਕੇ ਜਾਂਦੇ ਸਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਦੋਵੇਂ ਟਰੱਕਾਂ ਦੇ ਕੈਬਿਨ, ਬੈਟਰੇ, ਤਾਰਾਂ ਸੜ ਕੇ ਸਵਾਹ ਹੋ ਗਈਆਂ। ਜਿਸ ਨਾਲ ਦੋਵੇਂ ਟਰੱਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਟਰੱਕ ਯੂਨੀਅਨ ਦੇ ਮੈਂਬਰ ਰੋਸ ਪ੍ਰਗਟ ਕਰ ਰਹੇ ਸਨ ਕਿ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਅਣਸੁਖਾਵੀਆਂ ਅੱਗ ਦੀਆਂ ਘਟਨਾਵਾਂ ਨੂੰ ਕਾਬੂ ਪਾਉਣ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਗਰ ਕੌਂਸਲ ਵੱਲੋਂ ਭਾਵੇਂ ਸ਼ਹਿਰ ਵਾਸੀਆਂ ਤੋਂ
ਲੱਖਾਂ ਰੁਪਏ ਦਾ ਫਾਇਰ ਟੈਕਸ ਲੈਣ ਦੇ ਬਾਵਜੂਦ ਵੀ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦੀ ਸਹੂਲਤ ਨਾ ਹੋਣਾ ਮੰਦਭਾਗਾ ਹੈ। ਪੁਲਿਸ ਜਾਂਚ ‘ਚ ਜੁਟੀ – ਐਸ.ਐਚ.ਓ. ਸਿਟੀ ਬੁਢਲਾਡਾ ਨੇ ਦੱਸਿਆ ਕਿ ਉਪਰੋਕਤ ਅੱਗ ਦੀ ਘਟਨਾ ਦੀ ਪੁਲਿਸ ਜਾਂਚ ਕਰ ਰਹੀ ਹੈ। ਕਿਉਂਕਿ ਜਿਸ ਜਗ੍ਹਾਂ ਟਰੱਕ ਖੜ੍ਹੇ ਸਨ ਉਥੇ ਬਿਜਲੀ ਜਾਂ ਹੋਰ ਜਵਲਣਸ਼ੀਲ ਵਸਤੂ ਨਹੀਂ ਸੀ। ਉਨ੍ਹਾਂ ਖਦਸਾ ਪ੍ਰਗਟ ਕੀਤਾ ਕਿ ਹੋ ਸਕਦਾ ਹੈ ਇਹ ਅੱਗ ਟਰੱਕਾਂ ਵਿੱਚ ਲੱਗੇ ਬੈਟਰੀਆਂ ਦੇ ਸ਼ਾਰਟ ਸ਼ਰਕਟ ਨਾਲ ਹੋ ਸਕਦੀ ਹੈ। ਪਰ ਪੁਲਿਸ ਜਾਂਚ ਤੋਂ ਬਾਅਦ ਹੀ ਨਤੀਜੇ ਤੇ ਪਹੁੰਚੇਗੀ।



