ਸੰਗਰੂਰ, 11 ਦਸੰਬਰ (ਹਰਜੀਤ ਸਿੰਘ ਹਸਨਪੁਰੀ)- ਥਾਣਾ ਸਦਰ ਪੁਲੀਸ ਵੱਲੋਂ ਲੁਧਿਆਣਾ ਵਾਸੀ ਦੇ ਵਿਅਕਤੀਆਂ ਖਿਲਾਫ ਜ਼ਮੀਨ ਦੇ ਸੌਦੇ ਵਿੱਚ ਧੋਖਾਧੜੀ ਦੇ ਦੋਸ਼ ਹੇਂਠ ਕੇਸ ਦਰਜ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਇਨ੍ਹਾਂ ਵਿਅਕਤੀਆਂ ਨੇ ਜ਼ਮੀਨ ਦਾ ਸੌਦਾ ਕਰਕੇ ਡੇਢ ਕਰੋੜ ਰੁਪਏ ਵਸੂਲ ਲਏ ਪਰ ਜ਼ਮੀਨ ਅੱਗੇ ਕਿਸੇ ਹੋਰ ਨੁੂੰ ਵੇਚ ਦਿੱਤੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਡੇਢ ਕਰੋੜ ਤੋਂ 60 ਲੱਖ ਰੁਪਏ ਤਾਂ ਮੋੜ ਦਿੱਤੇ ਗਏ ਪਰ ਬਾਕੀ ਰਕਮ ਵਾਪਸ ਨਾ ਕਰਕੇ 90 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਮੋਦ ਰਾਏ ਵਾਸੀ ਜੇ ਪੀ ਨਗਰ ਸੰਗਰੂਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਲੁਧਿਆਣਾ ਵਾਸੀ ਗੋਰਖ ਗੋਇਲ ਅਤੇ ਕਸਤੂਰੀ ਲਾਲ ਨੇ 5 ਸਤੰਬਰ 2012 ਨੂੰ ਸਾਢੇ ਬਾਰਾਂ ਵਿੱਘੇ ਜ਼ਮੀਨ ਵਾਕਾ ਰਕਬਾ ਮੰਗਵਾਲ ਦਾ ਸੌਦਾ ਉਸ ਨਾਲ ਡੇਢ ਕਰੋੜ ਰੁਪਏ ਵਿੱਚ ਕੀਤਾ ਸੀ। ਦੋਵਾਂ ਨੇ ਪੈਸੇ ਵੀ ਵਸੂਲ ਲਏ ਸਨ। ਜ਼ਮੀਨ ਦੀ ਰਜਿਸਟਰੀ 23
ਨਵੰਬਰ 2013 ਨੂੰ ਕਰਵਾਉਣੀ ਤੈਅ ਹੋਈ ਸੀ ਪਰ ਇਨ੍ਹਾਂ ਵਿਅਕਤੀਆਂ ਨੇ ਰਜਿਸਟਰੀ ਬੈਅ ਕਰਵਾਉਣ ਦੀ ਮਿਆਦ 31 ਜਨਵਰੀ 2014 ਤੱਕ ਵਧਾ ਲਈ ਪਰ ਰਜਿਸਟਰੀ ਬੇੈਅ ਨਹੀਂ ਹੋਈ ਜਦਕਿ ਇਨ੍ਹਾਂ ਨੇ 30 ਸਤੰਬਰ 2013 ਨੂੰ ਕਿਸੇ ਹੋਰ ਵਿਅਕਤੀ ਦੇ ਨਾਂ ਰਜਿਸਟਰੀ ਕਰਵਾ ਦਿੱਤੀ। ਬਾਅਦ ਵਿੱਚ ਵਸੂਲ ਕੀਤੀ ਬਿਆਨ ਰਕਮ ਡੇਢ ਕਰੋੜ ਵਿੱਚੋਂ ਉਸ ਦੇ 60 ਲੱਖ ਰੁਪਏ ਤਾਂ ਵਾਪਸ ਕਰ ਦਿੱਤੇ ਗਏ ਪਰ ਬਾਕੀ ਪੈਸੇ ਵਾਪਸ ਨਹੀਂ ਕੀਤੇ ਗਏ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਇਨ੍ਹਾਂ ਵਿਅਕਤੀਆਂ ਨੇ ਰਜਿਸਟਰੀ ਕਰਵਾਉਣ ਦੀ ਤੈਅ ਕੀਤੀ ਤਰੀਕ ਤੋਂ ਪਹਿਲਾਂ ਹੀ ਜ਼ਮੀਨ ਦੀ ਰਜਿਸਟਰੀ ਕਿਸੇ ਹੋਰ ਦੇ ਨਾਂ ਕਰਵਾ ਕੇ ਤੇ ਬਾਕੀ ਰਕਮ ਵਾਪਸ ਨਾ ਕਰਕੇ ਠੱਗੀ ਮਾਰੀ ਹੈ। ਥਾਣਾ ਸਦਰ ਪੁਲੀਸ ਦੇ ਐਸ ਸ਼ਐਚਓ ਸਿੰਘ ਨੇ ਦੱਸਿਆ ਕਿ ਗੋਰਖ ਗੋਇਲ ਅਤੇ ਕਸਤੂਰੀ ਲਾਲ ਵਾਸੀਆਨ ਮਾਲ ਰੋਡ ਲੁਧਿਆਣਾ ਖਿਲਾਫ ਧਾਰਾ 420 ਤੇ 120 ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਤੇ ਇਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।



