ਬੁਢਲਾਡਾ 11 ਦਸੰਬਰ (ਅਮਨ ਮਹਿਤਾ/ਅਮਿਤ ਜਿੰਦਲ) ਸਥਾਨਕ ਸ਼ਹਿਰ ਅੰਦਰ ਅੱਜ ਕੱਲ੍ਹ 10 ਤੋਂ 13 ਸਾਲ ਤੱਕ ਦੀ ਉਮਰ ਦੇੋ ਛੋਟੇ ਬੱਚੇ ਸਾਈਕਲ ਪੈਂਚਰ ਸਲੋਸ਼ਨ ਦੀ ਸੁੰਗਧ ਦੇ ਨਾਲ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸਥਾਨਕ ਸ਼ਹਿਰ ਦੇ ਲੜਕਿਆਂ ਵਾਲੇ ਸਕੂਲ ਵਿੱਚ ਛੇਵੀਂ ਕਲਾਸ ਦੇ ਵਿਦਿਆਰਥੀ ਨੇ ਦੱਸਿਆ ਕਿ ਕੁਝ ਨੌਜਵਾਨਾਂ ਵੱਲੋਂ ਸਾਨੂੰ ਸਾਈਕਲਾਂ ਤੇ ਪੈਂਚਰ ਲਗਾਉਣ ਵਾਲੇ ਸਲੋਸ਼ਨ ਨੂੰ ਲਿਫਾਫੇ ਵਿੱਚ ਬੰਦ ਕਰਕੇ ਇੱਕ ਸਾਈਡ ਤੋਂ ਮੋਰੀ ਕਰਕੇ ਉਸਦੀ ਸੁੰਗਧ ਲੈਣ ਦਾ ਆਦੀ ਬਣਾਇਆ ਜਾ ਰਿਹਾ ਹੈ। ਇਸ ਸੁੰਗਧ ਦੇ ਨਾਲ ਉਨ੍ਹਾਂ ਦਾ ਦਿਮਾਗ ਪੂਰੀ ਤਰ੍ਹਾਂ ਸੁੰਨ ਹੋ ਜਾਂਦਾ ਹੈ। ਇਸ ਵਰਤਾਰੇ ਨੂੰ ਲੈ ਕੇ ਡੀ.ਐਸ.ਪੀ. ਰਾਜਵੀਰ ਸਿੰਘ ਬੋਪਾਰਾਏ ਅਤੇ ਐਸ.ਐਚ.ਓ. ਇੰਸਪੈਕਟਰ ਜਸਵੀਰ ਸਿੰਘ ਬੁਢਲਾਡਾ ਦਾ ਮਾਮਲਾ ਧਿਆਨ ਵਿੱਚ ਆਉਣ ਤੇ ਉਨ੍ਹਾਂ ਨੇ ਫੌਰੀ ਤੌਰ ਤੇ ਪੁਲਿਸ ਨੂੰ ਚੌਕਸ ਕਰਦਿਆਂ ਹਦਾਇਤ ਕੀਤੀ ਕਿ ਛੋਟੀ ਬੱਚਿਆਂ ਨੂੰ ਅਜਿਹੇ ਨਸ਼ਿਆਂ ਦਾ
ਆਦੀ ਬਣਾਉਣ ਵਾਲੇ ਲੋਕਾਂ ਦੀ ਭਾਲ ਕਰਕੇ ਕਾਬੂ ਕੀਤਾ ਜਾਵੇਗਾ। ਸਕੂਲ ਦੇ ਡੀ.ਪੀ. ਮੱਖਣ ਸਿੰਘ ਨੇ ਦੱਸਿਆ ਕਿ ਸਕੂਲ ਦੀ ਚਾਰ ਦੀਵਾਰੀ ਤੋਂ ਬਾਹਰ ਅਕਸਰ ਹੀ ਇਹ ਛੋਟੇ ਛੋਟੇ ਬੱਚੇ ਸਾਈਕਲ ਪੈਂਚਰ ਸਲੋਸ਼ਨ ਨਾਲ ਨਸ਼ਾ ਲੈਂਦੇ ਆਮ ਵੇਖਿਆ ਗਿਆ ਅਤੇ ਪਤਾ ਲੱਗਣ ਤੇ ਉਨ੍ਹਾਂ ਨੂੰ ਉਥੋਂ ਖਦੇੜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਕਰਨ ਵਾਲੇ ਇਹ ਛੋਟੇ ਬੱਚੇ ਗਰੀਬ ਪਰਿਵਾਰਾਂ ਨਾਲ ਸੰਬੰਧਤ ਕੂੜੇ ‘ਚੋ ਕਾਗਜ ਪੱਤਰ ਚੁੱਗਣ ਵਾਲੇ ਨਜਰ ਆਉਂਦੇ ਹਨ।



