ਢੁੱਡੀਕੇ (ਮੋਗਾ)/ਚੰਡੀਗੜ੍ਹ, 7 ਦਸੰਬਰ (ਪੀ. ਟੀ.)- ਸ਼ਹੀਦਾਂ, ਗਦਰੀ ਬਾਬਿਆਂ ਵਾਲੇ ਇਤਿਹਾਸਕ ਪਿੰਡ ਵਜੋਂ ਜਾਣੇ ਜਾਂਦੇ ਢੁੱਡੀਕੇ ਵਿਖੇ 8 ਦਸੰਬਰ ਨੂੰ ਪੰਜਵੇਂ ਕਬੱਡੀ ਵਿਸ਼ਵ ਕੱਪ ਦੇ ਤਿੰਨ ਮੈਚ ਖੇਡੇ ਜਾਣਗੇ ਜਿਨ੍ਹਾਂ ਵਿੱਚ ਪੁਰਸ਼ ਵਰਗ ਦੇ ਦੋ ਅਤੇ ਮਹਿਲਾ ਵਰਗ ਦਾ ਇਕ ਮੈਚ ਹੋਵੇਗਾ। ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਇਨ੍ਹਾਂ ਕਬੱਡੀ ਮੈਚਾਂ ਦੇ ਮੁੱਖ ਮਹਿਮਾਨ ਹੋਣਗੇ। ਢੁੱਡੀਕੇ ਪਿੰਡ ਨੂੰ ਦੂਜੀ ਵਾਰ ਕਬੱਡੀ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਦਾ ਮੌਕਾ ਮਿਲੇਗਾ। ਇਸ ਤੋਂ ਪਹਿਲਾਂ 2011 ਵਿੱਚ ਦੂਜੇ ਕਬੱਡੀ ਵਿਸ਼ਵ ਕੱਪ ਦੌਰਾਨ 4 ਦਸੰਬਰ ਨੂੰ ਢੁੱਡੀਕੇ ਵਿਖੇ ਮੈਚ ਖੇਡੇ ਗਏ ਸਨ। ਉਸ ਵੇਲੇ ਯੋਗ ਗੁਰੂ ਬਾਬਾ ਰਾਮੇਦਵ ਨੇ ਅਚਨਚੇਤੀ ਦਾ ਦੌਰਾ ਕਰਦਿਆਂ ਇੰਗਲੈਂਡ ਦੀ ਟੀਮ ਵਿਰੁੱਧ ਇਕ ਰੇਡ ਵੀ ਪਾਈ ਸੀ। ਢੁੱਡੀਕੇ ਵਿਖੇ ਭਲਕੇ ਪਹਿਲਾ ਮੈਚ ਪੁਰਸ਼ ਵਰਗ ਵਿੱਚ ਪੂਲ ‘ਏ’ ਦੀਆਂ ਟੀਮਾਂ ਆਸਟਰੇਲੀਆ ਤੇ ਸਪੇਨ ਵਿਚਾਲੇ ਖੇਡਿਆ ਜਾਵੇਗਾ। ਦੂਜਾ ਮੈਚ ਮਹਿਲਾ ਵਰਗ ਵਿੱਚ ਪੂਲ ‘ਏ’ ਦੀਆਂ ਟੀਮਾਂ ਭਾਰਤ ਤੇ ਅਮਰੀਕਾ ਜਦੋਂ ਕਿ ਤੀਜਾ ਮੈਚ ਪੁਰਸ਼ ਵਰਗ ਦੇ ਪੂਲ ‘ਏ’ ਦੀਆਂ ਦੋ ਹੋਰ ਟੀਮਾਂ ਇਰਾਨ ਤੇ ਅਮਰੀਕਾ ਵਿਚਾਲੇ ਖੇਡਿਆ ਜਾਵੇਗਾ। ਪੁਰਸ਼ ਵਰਗ ਵਿੱਚ ਇਰਾਨ ਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਫਸਵੇਂ ਮੁਕਾਬਲੇ ਦੇ ਆਸਾਰ ਹਨ। ਇਰਾਨ ਦੀ ਟੀਮ ਨੇ ਦੋ ਸਾਲ ਪਹਿਲਾਂ ਰੋਪੜ ਵਿਖੇ ਤੀਜੇ ਵਿਸ਼ਵ ਕੱਪ
ਦੌਰਾਨ ਅਮਰੀਕਾ ਨੂੰ ਹਰਾ ਕੇ ਸਨਸਨੀ ਫੈਲਾ ਦਿੱਤੀ ਸੀ। ਇਸ ਮੈਚ ਨਾਲ ਪੂਲ ‘ਏ’ ਦੀ ਸਥਿਤੀ ਕਾਫੀ ਹੱਦ ਤੱਕ ਸਾਫ ਹੋ ਜਾਵੇਗੀ। ਚਾਰ ਵਾਰ ਦੇ ਚੈਂਪੀਅਨ ਭਾਰਤ ਤੋਂ ਬਾਅਦ ਅਮਰੀਕਾ ਤੇ ਇਰਾਨ ਦੀਆਂ ਟੀਮਾਂ ਨੂੰ ਸੈਮੀ ਫਾਈਨਲ ਲਈ ਤਕੜਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਆਸਟਰੇਲੀਆ ਤੇ ਸਪੇਨ ਦੀਆਂ ਟੀਮਾਂ ਵੀ ਇਸ ਵਾਰ ਪੂਰੀ ਤਿਆਰੀ ਵਿੱਚ ਹਨ। ਮਹਿਲਾ ਵਰਗ ਵਿੱਚ ਤਿੰਨ ਵਾਰ ਦੀ ਚੈਂਪੀਅਨ ਭਾਰਤੀ ਟੀਮ ਅਮਰੀਕਾ ਨੂੰ ਹਲਕੇ ਵਿੱਚ ਲੈਣ ਦੀ ਭੁੱਲ ਨਹੀਂ ਕਰੇਗੀ। ਅਮਰੀਕਾ ਨੂੰ ਵੀ ਵਿਸ਼ਵ ਕੱਪ ਦਾ ਚੰਗਾ ਤਜ਼ਰਬਾ ਹੈ। ਕੁੱਲ ਮਿਲਾ ਕੇ ਢੁੱਡੀਕੇ ਵਾਸੀ ਤਿੰਨ ਫਸਵੇਂ ਮੁਕਾਬਲਿਆਂ ਦੇ ਗਵਾਹ ਬਣਨਗੇ। ਵਿਸ਼ਵ ਕੱਪ ਦੇ ਮੈਚਾਂ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।



