ਚੰਡੀਗੜ੍ਹ 7 ਦਸੰਬਰ (ਨਾਗਪਾਲ)- ਹਰਿਆਣਾ ਵਿਚ ਅਗਲੇ ਸਾਲ ਗੀਤਾ ਜਯੰਤੀ ਸਾਲ ਦੇ ਵਜੋਂ ਮਨਾਇਆ ਜਾਵੇਗਾ। ਪੂਰੇ ਸੂਬੇ ਭਰ ਵਿਚ ਗੀਤਾ ਜਯੰਤੀ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਹਰਿਆਣਾ ਸਰਕਾਰ ਨੇ ਅਗਲੇ ਸਾਲ ਤੋਂ ਗੀਤਾ ਜਯੰਤੀ ਦੇ ਬਜਟ ਨੂੰ ਦੁਗਣਾ ਕਰਨ ਦਾ ਫੈਸਲਾ ਲਿਆ ਹੈ।
ਇਹ ਐਲਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਦਿੱਲੀ ਵਿਚ ਲਾਲ ਕਿਲੇ ’ਤੇ ਗੀਤਾ ਜਯੰਤੀ-5151 ਸਮਾਰੋਹ ਵਿਚ ਕੀਤੀ। ਜੀਆਈਈਓ (ਜੀਓ) ਗੀਤਾ ਵੱਲੋਂ ਲਾਲ ਕਿਲਾ ਮੈਦਾਨ ਵਿਚ ਗੀਤਾ ਜਯੰਤੀ ਦੇ 5151 ਸਾਲ ਪੂਰੇ ਹੋਣ ’ਤੇ ਆਯੋਜਿਤ ਗੀਤਾ ਜਯੰਤੀ ਸਮਾਰੋਹ ਵਿਚ ਸ਼ਾਮਲ ਹੋਣ ਲਈ ਪਹੁੰਚੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੋਚ ਦੇ ਅਨੁਰੂਪ ਹਰਿਆਣਾ ਵਿਚ ਇਸ ਕੰਮ ਨੂੰ ਅੱਗੇ ਵਧਾਇਆ ਜਾਵੇਗਾ। ਪ੍ਰੋਗਰਾਮ ਵਿਚ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਗੁਰੂ ਸ਼ੰਕਰਾਚਾਰੀਆ, ਸਵਾਮੀ ਸ਼ਰਨਾਨੰਦ, ਬਾਬਾ ਰਾਮਦੇਵ, ਆਯੋਜਕ ਸਵਾਮੀ ਗਿਆਨਾਨੰਦ ਤੇ ਹਰਿਆਣਾ ਸਰਕਾਰ ਵਿਚ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਆਦਿ ਹਾਜ਼ਰ ਸਨ। ਮੁੱਖ ਮੰਤਰੀ ਨੇ ਸ੍ਰੀਮਦ ਭਾਗਵਤ ਗੀਤਾ ’ਤੇ ਫੁੱਲਮਾਲਾਵਾਂ ਚੜ੍ਹਾਕੇ ਦੀਪ ਜਲਾਉਣ ਬਾਅਦ ਕਿਹਾ ਕਿ ਭਗਵਾਨ ਸ੍ਰੀਕ੍ਰਿਸ਼ਨ ਨੇ ਗੀਤਾ ਦਾ ਸੰਦੇਸ਼ ਹਰਿਆਣਾ ਵਿਚ ਕੁਰੂਕੇਸ਼ਤਰ ਦੀ ਧਰਤੀ ’ਤੇ ਦਿੱਤਾ
ਗਿਆ ਹੈ। ਮੈਂ ਇਸ ਗੱਲ ਤੋਂ ਬੇਹੱਦ ਖੁਸ਼ ਹਾਂ ਕਿ ਹਰਿਆਣਾ ਦੇ ਪ੍ਰਤੀਨਿੱਧੀ ਦੇ ਤੌਰ ’ਤੇ ਮੈਨੂੰ ਅੱਜ ਇਥੇ ਆਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਗੀਤਾ ਦਾ ਸੰਦੇਸ਼ ਜੀਵਨ ਦੀ ਹਰ ਪਰਸਿਥਤੀ ਵਿਚ ਹੱਲ ਦਾ ਰਸਤਾ ਦੱਸਦਾ ਹੈ। ਮੁੱਖ ਮੰਤਰੀ ਨੇ ਗੀਤਾ ਜਯੰਤੀ ਦੇ ਮੌਕੇ ਪਹੁੰਚੇ ਵਿਦਵਾਨਾਂ ਤੋਂ ਉਮੀਦ ਜਤਾਈ ਕਿ ਹਰਿਆਣਾ ਵਿਚ ਅਗਲੇ ਸਾਲ ਪੂਰੇ ਸੂਬੇ ਵਿਚ ਗੀਤਾ ਜਯੰਤੀ ਸਮਾਰੋਹ ਆਯੋਜਿਤ ਕਰਨ ਵਿਚ ਵਿਦਵਾਨਾਂ ਤੇ ਸੰਤਾਂ ਦਾ ਭਰਪੂਰ ਸਹਿਯੋਗ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪੂਰੇ ਹਰਿਆਣਾ ਦੇ ਲਈ ਮਾਣ ਦੀ ਗੱਲ ਹੈ ਕਿ ਗੀਤਾ ਦਾ ਸੰਦੇਸ਼ ਹਰਿਆਣਾ ਦੀ ਧਰਾ ’ਤੇ ਦਿੱਤਾ ਗਿਆ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਵੀ ਨਜਰੀਆ ਹੈ ਕਿ ਜਿਸ ਭੂਮੀ ’ਤੇ ਭਗਵਾਨ ਸ੍ਰੀਕ੍ਰਿਸ਼ਨ ਨੇ ਗੀਤਾ ਦਾ ਗਿਆਨ ਦਿੱਤਾ ਉਸ ਪ੍ਰਦੇਸ਼ ਦੀ ਪਹਿਚਾਣ ਵਿਸ਼ਵਵਿਆਪੀ ਹੋਵੇ। ਪਿਛਲੇ ਦਿਨੀਂ ਹਰਿਆਣਾ ਆਗਮਨ ਦੇ ਦੌਰਾਨ ਮਾਨਯੋਗ ਪ੍ਰਧਾਨ ਮੰਤਰੀ ਨੇ ਵੀ ਆਪਣੀ ਇਹ ਦੂਰਗਾਮੀ ਸੋਚ ਹਰਿਆਣਾ ਦੇ ਲੋਕਾਂ ਨਾਲ ਸਾਂਝਾ ਕੀਤਾ ਸੀ। ਪ੍ਰੋਗਰਾਮ ਵਿਚ ਸੈਕੜਿਆਂ ਦੇ ਸਮੂਹ ਵਿਚ ਰਾਸ਼ਟਰੀ ਗੀਤਾ ਗਾਇਆ। ਇਸ ਮੌਕੇ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਧਾਨ ਅਸ਼ੋਕ ਸਿੰਘਲ, ਇੰਦ੍ਰੇਸ਼ ਤੇ ਪਰਮਾਨੰਦ ਸਮੇਤ ਅਨੇਕਾਂ ਹੋਰ ਹਾਜ਼ਰ ਸਨ।



