Skip to content
Independent perspectives. Global stories.
BREAKING

ਕਬੱਡੀ ਦੇ ਮਹਾਂਕੁੰਭ ਦਾ ਅੱਜ ਜਲੰਧਰ ਵਿਖੇ ਵੱਜੇਗਾ ਬਿਗਲ

Share this story

 5.27 ਕਰੋੜ ਦੀ ਇਨਾਮ ਰਾਸ਼ੀ ਲਈ ਪੰਜ ਮਹਾਂਦੀਪਾਂ ਦੇ 14 ਮੁਲਕਾਂ ਦੀਆਂ 19 ਟੀਮਾਂ ਕਰਨਗੀਆਂ ਜ਼ੋਰ ਅਜ਼ਮਾਈ

ਪੁਰਸ਼ ਵਰਗ ਵਿੱਚ 11 ਤੇ ਮਹਿਲਾ ਵਰਗ ਵਿੱਚ 8 ਟੀਮਾਂ ਲੈਣਗੀਆਂ ਹਿੱਸਾ
ਪੁਰਸ਼ ਵਰਗ ਦੇ ਜੇਤੂ ਨੂੰ 2 ਕਰੋੜ ਅਤੇ ਮਹਿਲਾ ਵਰਗ ਦੀ ਜੇਤੂ ਨੂੰ 1 ਕਰੋੜ ਰੁਪਏ ਦਾ ਇਨਾਮ ਮਿਲੇਗਾ

Page-1_06 ਜਲੰਧਰ, 5 ਦਸੰਬਰ- ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 6 ਦਸੰਬਰ ਨੂੰ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋ ਰਹੇ ਪੰਜਵੇਂ ਕਬੱਡੀ ਵਿਸ਼ਵ ਕੱਪ ਦੀਆਂ ਸਭ ਤਿਆਰੀਆਂ ਮੁਕੰਮਲ ਹਨ ਅਤੇ 5.27 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਕਬੱਡੀ ਦੇ ਮਹਾਂਕੁੰਭ ਲਈ 5 ਮਹਾਂਦੀਪਾਂ ਦੇ 15 ਮੁਲਕਾਂ ਦੀਆਂ 19 ਟੀਮਾਂ ਜ਼ੋਰ ਅਜ਼ਮਾਇਸ਼ੀ ਲਈ ਤਿਆਰ ਹਨ। ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਪੰਜਵੇਂ ਕਬੱਡੀ ਵਿਸ਼ਵ ਕੱਪ ਦਾ ਉਦਘਾਨ ਕਰਨਗੇ। ਜਲੰਧਰ ਵਿਖੇ ਬਾਲੀਵੁੱਡ ਅਤੇ ਪੰਜਾਬੀ ਕਲਾਕਾਰਾਂ ਦੇ ਸ਼ਮੂਲੀਅਤ ਵਾਲੇ ਰੰਗਾਰੰਗ ਸਮਾਰੋਹ ਨਾਲ ਕਬੱਡੀ ਵਿਸ਼ਵ ਕੱਪ ਪੰਜਵੇਂ ਸਾਲ ਵਿੱਚ ਪਹੁੰਚ ਜਾਵੇਗਾ ਅਤੇ ਕਬੱਡੀ ਪ੍ਰੇਮੀਆਂ ਨੂੰ ਆਉਂਦੇ 2 ਹਫਤੇ ਗਹਿਗੱਚ ਮੁਕਾਬਲੇ ਦੇਖਣ ਨੂੰ ਮਿਲਣਗੇ। ਕਬੱਡੀ ਵਿਸ਼ਵ ਕੱਪ ਵਿੱਚ ਪੁਰਸ਼ ਵਰਗ ਦੇ ਹੁਣ ਤੱਕ ਹੋਏ ਚਾਰ ਮੁਕਾਬਲਿਆਂ ਵਿੱਚ ਹਰ ਵਾਰ ਮੇਜ਼ਬਾਨ ਭਾਰਤ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ ਅਤੇ ਇਸ ਵਾਰ ਦੇਖਦੇ ਹਾਂ ਕਿ ਭਾਰਤ ਦੇ ਦਾਅਵੇ ਨੂੰ ਕਿਹੜਾ ਮੁਲਕ ਚੁਣੌਤੀ ਦਿੰਦਾ ਹੈ। ਪਾਕਿਸਤਾਨ,

ਅਮਰੀਕਾ, ਇਰਾਨ ਤੇ ਇੰਗਲੈਂਡ ਤੋਂ ਕਾਫੀ ਆਸਾਂ ਹਨ। ਇਸੇ ਤਰ੍ਹਾਂ ਮਹਿਲਾ ਵਰਗ ਦੇ ਹੋਏ ਤਿੰਨ ਮੁਕਾਬਲੇ ਵੀ ਭਾਰਤ ਨੇ ਜਿੱਤੇ ਹਨ, ਇਸ ਵਾਰ ਭਾਰਤ ਦੇ ਦਾਅਵੇ ਨੂੰ ਚੁਣੌਤੀ ਦੇਣ ਲਈ ਨਿਊਜ਼ੀਲੈਂਡ ਟੀਮ ਪੱਬਾਂ ਭਾਰ ਹੈ।
ਪੁਰਸ਼ ਵਰਗ ਵਿੱਚ 11 ਟੀਮਾਂ ਭਾਗ ਲੈਣਗੀਆਂ ਜਿਨ੍ਹਾਂ ਵਿਚੋਂ ਪੂਲ ਏ ਵਿਚ ਭਾਰਤ, ਆਸਟਰੇਲੀਆ, ਸਪੇਨ, ਇਰਾਨ ਤੇ  ਅਮਰੀਕਾ ਹੋਣਗੀਆਂ ਜਦੋਂਕਿ ਪੂਲ ਬੀ ਵਿਚ  ਇੰਗਲੈਂਡ, ਪਾਕਿਸਤਾਨ, ਕੈਨੇਡਾ, ਡੈਨਮਾਰਕ, ਅਰਜਨਟੀਨਾ ਤੇ ਸਵੀਡਨ ਸ਼ਾਮਿਲ ਹਨ।  ਇਸ ਤੋਂ ਇਲਾਵਾ ਮਹਿਲਾ ਵਰਗ ਵਿਚ 8 ਟੀਮਾਂ ਭਾਗ ਲੈਣਗੀਆਂ ਜਿਨ੍ਹਾਂ ਵਿਚੋਂ ਪੂਲ ਏ ਵਿੱਚ ਭਾਰਤ, ਅਮਰੀਕਾ, ਅਜਰਬਾਈਜਾਨ, ਡੈਨਮਾਰਕ ਸ਼ਾਮਲ ਹਨ ਜਦੋਂ ਕਿ ਪੂਲ ਬੀ ਵਿਚ ਨਿਊਜੀਲੈਂਡ, ਇੰਗਲੈਂਡ, ਮੈਕਸੀਕੋ ਤੇ ਪਾਕਿਸਤਾਨ ਸ਼ਾਮਿਲ ਹਨ। ਇਸ ਵਾਰ ਡੈਨਮਾਰਕ ਦੇ ਲੜਕੇ ਤੇ ਅਜਰਬਾਈਜਾਨ ਦੀਆਂ ਲੜਕੀਆਂ ਦੀ ਟੀਮ ਪਹਿਲੀ ਵਾਰ ਭਾਗ ਲੈ ਰਹੀ ਹੈ।
5.27 ਕਰੋੜ ਰੁਪਏ ਦੀ ਕੁੱਲ ਇਨਾਮੀ ਰਾਸ਼ੀ ਵਿਚੋਂ ਪੁਰਸ਼ ਵਰਗ ਦੀ ਚੈਂਪੀਅਨ ਟੀਮ ਨੂੰ 2 ਕਰੋੜ ਰੁਪਏ ਜਦੋਂ ਕਿ ਉਪ ਜੇਤੂ ਨੂੰ ਇਕ ਕਰੋੜ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 51 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਮਹਿਲਾ ਵਰਗ ਦੀ ਜੇਤੂ ਟੀਮ ਨੂੰ ਇਕ ਕਰੋੜ, ਉਪ ਜੇਤੂ ਨੂੰ 51 ਲੱਖ ਅਤੇ ਤੀਜੇ ਸਥਾਨ ਵਾਲੀ ਟੀਮ ਨੂੰ 25 ਲੱਖ ਰੁਪਏ ਦਿੱਤੇ ਜਾਣਗੇ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਵਿਸ਼ਵ ਕਬੱਡੀ ਕੱਪ ਨੂੰ ਨਸ਼ਾ ਮੁਕਤ ਕਰਵਾਉਣ ਦੇ ਟੀਚੇ ਲਈ ਪੰਜਾਬ ਸਰਕਾਰ ਵੱਲੋਂ ਕਬੱਡੀ ਕੱਪ ਲਈ ਐਂਟੀ ਡੋਪ ਕਮੇਟੀ ਗਠਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਨਾਡਾ ਦੀਆਂ ਟੀਮਾਂ ਵਲੋਂ ਵੀ ਵਿਸ਼ਵ ਕੱਪ ਦੌਰਾਨ ਲਗਾਤਾਰ ਖਿਡਾਰੀਆਂ ਦੇ ਟੈਸਟ ਕੀਤੇ ਜਾਣਗੇ। ਵਿਸ਼ਵ ਕੱਪ ਦਾ ਉਦਘਾਟਨ ਜਲੰਧਰ ਵਿਖੇ ਹੋਵੇਗਾ ਜਦੋਂ ਕਿ ਮੈਚਾਂ ਦੀ ਰਸਮੀ ਸ਼ੁਰੂਆਤ 7 ਦਸੰਬਰ ਨੂੰ ਗੁਰਦਾਸਪੁਰ ਤੋਂ ਹੋਵੇਗੀ। 7 ਦਸੰਬਰ ਨੂੰ ਸਰਕਾਰੀ ਕਾਲਜ , ਗੁਰਦਾਸਪੁਰ ਦੇ ਸਟੇਡੀਅਮ ਵਿਖੇ 12 ਵਜੇ ਤੋਂ ਮਰਦ ਵਰਗ ਵਿਚ ਸਵੀਡਨ –ਇੰਗਲੈਂਡ ਦੇ ਮੈਚ ਨਾਲ ਵਿਸ਼ਵ ਕੱਪ ਦੀ ਸ਼ੁਰੂਆਤ ਹੋਵੇਗੀ। ਇਸੇ ਦਿਨ ਮਹਿਲਾ ਵਰਗ ਵਿਚ ਨਿਊਜੀਂਲੈਂਡ –ਇੰਗਲੈਂਡ ਦੇ ਮੈਚ ਤੋਂ ਇਲਾਵਾ  ਮਰਦ ਵਰਗ ਵਿਚ ਅਰਜਨਟੀਨਾ –ਡੈਨਮਾਰਕ ਦਾ ਮੈਚ ਹੋਵੇਗਾ। 8 ਦਸੰਬਰ ਨੂੰ ਬਹੁਮੰਤਵੀ ਸਟੇਡੀਅਮ ਢੁੱਡੀਕੇ (ਮੋਗਾ) ਵਿਖੇ ਮਰਦ ਵਰਗ ਵਿਚ ਆਸਟ੍ਰੇÑਲੀਆ-ਸਪੇਨ ਤੇ ਈਰਾਨ- ਅਮਰੀਕਾ ਦਾ ਮੈਚ ਹੋਵੇਗਾ। ਇਸੇ ਦਿਨ ਮਹਿਲਾ ਵਰਗ ਵਿਚ ਭਾਰਤ ਆਪਣਾ ਪਹਿਲਾ ਮੈਚ ਅਮਰੀਕਾ ਵਿਰੁੱਧ ਖੇਡੇਗਾ। 9 ਦਸੰਬਰ ਨੂੰ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਅਰਜਨਟੀਨਾ-ਸਵੀਡਨ, ਪਾਕਿਸਤਾਨ-ਡੈਨਮਾਰਕ, ਕੈਨੇਡਾ-ਇੰਗਲੈਂਡ (ਮਰਦ) ਭਿੜਨਗੇ ਜਦਕਿ ਇਸੇ ਦਿਨ ਮਹਿਲਾ ਵਰਗ ਵਿਚ ਮੈਕਸੀਕੋ ਤੇ ਪਾਕਿਸਤਾਨ ਦਾ ਮੁਕਾਬਲਾ ਹੋਵੇਗਾ। 10 ਦਸੰਬਰ ਨੂੰ ਏ.ਐਸ. ਕਾਲਜ ਸਟੇਡੀਅਮ ਖੰਨਾ ਵਿਖੇ ਮਰਦ ਵਰਗ ਵਿਚ ਆਸਟ੍ਰੇਲੀਆ-ਈਰਾਨ ਤੇ ਭਾਰਤ-ਸਪੇਨ ਦਾ ਮੁਕਾਬਲਾ ਹੋਵੇਗਾ ਤੇ ਮਹਿਲਾ ਵਰਗ ਵਿਚ ਅਜਰਬਾਈਜਾਨ-ਡੈਨਮਾਰਕ ਤੇ ਪਾਕਿਸਤਾਨ-ਇੰਗਲੈਂਡ ਦਾ ਮੈਚ ਹੋਵੇਗਾ। 11 ਦਸੰਬਰ ਨੂੰ ਸਪੋਰਟਸ ਸਟੇਡੀਅਮ ਚੋਹਲਾ ਸਾਹਿਬ  (ਤਰਨਤਾਰਨ) ਵਿਖੇ (ਮਰਦ) ਡੈਨਮਾਰਕ-ਸਵੀਡਨ,ਕੈਨੇਡਾ-ਅਰਜਨਟੀਨਾ ਤੇ ਪਾਕਿਸਤਾਨ-ਇੰਗਲੈਂਡ ਦੇ ਮੈਚ ਹੋਣਗੇ ਜਦਕਿ ਇਸੇ ਦਿਨ (ਮਹਿਲਾ) ਨਿਊਜੀਲੈਂਡ- ਪਾਕਿਸਤਾਨ ਦਾ ਮੈਚ ਵੀ ਹੋਵੇਗਾ।
12 ਦਸੰਬਰ ਨੂੰ ਖਿਡਾਰੀਆਂ ਦੇ ਆਰਾਮ ਲਈ ਰਾਖਵਾਂ ਰੱਖਿਆ ਗਿਆ ਹੈ। 13 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ (ਮਰਦ) ਸਪੇਨ-ਈਰਾਨ ਤੇ ਭਾਰਤ-ਅਮਰੀਕਾ ਦਾ ਮੈਚ ਹੋਵੇਗਾ। ਮਹਿਲਾ ਵਰਗ ਵਿਚ ਇਸੇ ਦਿਨ ਭਾਰਤ-ਡੈਨਮਾਰਕ ਦਾ ਮੁਕਾਬਲਾ ਹੋਵੇਗਾ। 14 ਦਸੰਬਰ ਨੂੰ ਆਊਟ ਡੋਰ ਹੁਸ਼ਿਆਰਪੁਰ ਵਿਖੇ ਮਰਦ ਵਰਗ ਵਿਚ ਡੈਨਮਾਰਕ-ਕੈਨੇਡਾ, ਇੰਗਲੈਂਡ-ਅਰਜਨਟੀਨਾ ਤੇ ਪਾਕਿਸਤਾਨ –ਸਵੀਡਨ ਦੇ ਮੈਚ ਹੋਣਗੇ ਜਦਕਿ ਮਹਿਲਾ ਵਰਗ ਵਿਚ ਇੰਗਲੈਂਡ- ਮੈਕਸੀਕੋ ਦਾ ਮੈਚ ਹੋਵੇਗਾ। 15 ਦਸੰਬਰ ਨੂੰ ਸਰਕਾਰੀ ਰਿਪੁਦਮਨ ਕਾਲਜ ਨਾਭਾ ਦੇ ਸਟੇਡੀਅਮ ਵਿਖੇ ਮਰਦ ਵਰਗ ਵਿਚ ਅਮਰੀਕਾ-ਆਸਟ੍ਰੇਲੀਆ, ਪਾਕਿਸਤਾਨ-ਕੈਨੇਡਾ ਤੇ ਭਾਰਤ-ਈਰਾਨ ਦੇ ਮੈਚ ਹੋਣਗੇ ਜਦਕਿ ਮਹਿਲਾ ਵਰਗ ਦਾ ਮੈਚ ਅਮਰੀਕਾ-ਅਜਰਬਾਈਜਾਨ ਵਿਚਕਾਰ ਹੋਵੇਗਾ।
16 ਦਸੰਬਰ ਨੂੰ ਸਪੋਰਟਸ ਸਟੇਡੀਅਮ, ਜਲਾਲਾਬਾਦ ਵਿਖੇ ਮਰਦ ਵਰਗ ਵਿਚ ਅਮਰੀਕਾ- ਸਪੇਨ ਤੇ ਭਾਰਤ-ਆਸਟ੍ਰੇਲੀਆ ਦੇ ਮੈਚ ਹੋਣਗੇ। ਮਹਿਲਾ ਵਰਗ ਵਿਚ ਭਾਰਤ-ਅਜਰਬਾਈਜਾਨ ਤੇ ਨਿਊਜੀਲੈਂਡ-ਮੈਕਸੀਕੋ ਦੇ ਮੈਚ ਖੇਡੇ ਜਾਣਗੇ। 17 ਦਸੰਬਰ ਨੂੰ ਸਪੋਰਟਸ ਸਟੇਡੀਅਮ ਮਹਿਤਾ (ਅੰਮ੍ਰਿਤਸਰ) ਵਿਖੇ ਮਰਦ ਵਰਗ ਵਿਚ ਇੰਗਲੈਂਡ- ਡੈਨਮਾਰਕ, ਸਵੀਡਨ-ਕੈਨੇਡਾ ਤੇ ਪਾਕਿਸਤਾਨ-ਅਰਜਨਟੀਨਾ ਦੇ ਮੈਚ ਹੋਣਗੇ ਜਦਕਿ ਮਹਿਲਾ ਵਰਗ ਵਿਚ ਡੈਨਮਾਰਕ –ਅਮਰੀਕਾ ਦਾ ਮੈਚ ਹੋਵੇਗਾ। 18 ਦਸੰਬਰ ਨੂੰ ਕਬੱਡੀ ਸਟੇਡੀਅਮ ਦ੍ਰਿੜਬਾ (ਸੰਗਰੂਰ) ਵਿਖੇ  ਸੈਮੀਫਾਈਨਲ ਮੈਚ ਖੇਡੇ ਜਾਣਗੇ। 19 ਦਸੰਬਰ ਨੂੰ ਸਪੋਰਟਸ ਸਟੇਡੀਅਮ ਬਰਨਾਲਾ ਵਿਖੇ ਤੀਜੀ ਤੇ ਚੌਥੀ ਥਾਂ ਲਈ ਦੋਵਾਂ ਵਰਗਾਂ ਦੇ ਮੈਚ ਹੋਣਗੇ ਤੇ ਨਾਲ ਹੀ  ਔਰਤ ਵਰਗ ਦਾ ਫਾਈਨਲ ਮੈਚ ਵੀ ਹੋਵੇਗਾ। 20 ਦਸੰਬਰ ਨੂੰ ਸਪੋਰਟਸ ਸਟੇਡੀਅਮ ਪਿੰਡ ਬਾਦਲ ਵਿਖੇ ਮਰਦ ਵਰਗ ਦਾ ਫਾਈਨਲ ਮੈਚ ਤੇ ਸਮਾਪਤੀ ਸਮਾਰੋਹ ਹੋਵੇਗਾ।
ਕਿਵੇਂ ਸ਼ੁਰੂ ਹੋਇਆ ਕਬੱਡੀ ਵਿਸ਼ਵ ਕੱਪ
ਪੰਜਾਬੀਆਂ ਦੀ ਮਾਂ ਖੇਡ ਸਰਕਲ ਸਟਾਈਲ ਕਬੱਡੀ ਦਾ ਆਲਮੀ ਕੱਪ ਸ਼ੁਰੂ ਕਰਨਾ ਭਾਵੇਂ ਹਰ ਕਬੱਡੀ ਪ੍ਰੇਮੀ ਦਾ ਸੁਫਨਾ ਸੀ ਪਰ ਇਸ ਨੂੰ ਅਮਲੀ ਜਾਮਾ ਪੰਜਾਬ ਸਰਕਾਰ ਨੇ ਪਹੁੰਚਾਇਆ। ਗੱਲ 2008 ਦੀ ਹੈ ਜਦੋਂ ਸ੍ਰੀ ਨਾਂਦੇੜ ਸਾਹਿਬ ਵਿਖੇ ਗੁਰਤਾ ਗੱਦੀ ਦੇ 300 ਸਾਲਾਂ ਸਮਾਗਮ ਚੱਲ ਰਹੇ ਸਨ। ਇਸ ਮੌਕੇ ਨਾਂਦੇੜ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਵੱਡਾ ਖੇਡ ਮੇਲਾ ਕਰਵਾਇਆ ਗਿਆ ਜਿਸ ਵਿੱਚ ਕਬੱਡੀ ਅਤੇ ਕੁਸ਼ਤੀ ਮੁੱਖ ਸ਼ਿੰਗਾਰ ਸੀ। ਭਾਰਤ ਤੇ ਪਾਕਿਸਤਾਨ ਦੇ ਚੋਟੀ ਦੇ ਕਬੱਡੀ ਖਿਡਾਰੀ ਅਤੇ ਪਹਿਲਵਾਨ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਸਨ। ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਹੋਏ ਗਹਿਗੱਚ ਮੁਕਾਬਲੇ ਤੋਂ ਬਾਅਦ ਇਨਾਮਾਂ ਦੀ ਵੰਡ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਕਬੱਡੀ ਨੂੰ ਕੌਮਾਂਤਰੀ ਬਰੂਹਾਂ ’ਤੇ ਲਿਜਾਣ ਲਈ ਕਬੱਡੀ ਵਿਸ਼ਵ ਕੱਪ ਜਾਂ ਲੀਗ ਸ਼ੁਰੂ ਕਰਵਾਈ ਜਾਵੇਗੀ। ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਸਰਕਲ ਸਟਾਈਲ ਕਬੱਡੀ ਨੂੰ ਮਾਨਤਾ ਪ੍ਰਾਪਤ ਖੇਡਾਂ ਵਿੱਚ ਸ਼ਾਮਲ ਕੀਤਾ ਜਿਸ ਨਾਲ ਕਬੱਡੀ ਖਿਡਾਰੀ ਵੀ ਖੇਡ ਕੋਟਾ ਹਾਸਲ ਕਰਨ ਲਈ ਗਰੇਡੇਸ਼ਨ ਵਾਲੀਆਂ ਖੇਡਾਂ ਵਿੱਚ ਸ਼ਾਮਲ ਹੋ ਗਏ।

WRITTEN BY