ਲੁਟੇਰਿਆਂ ਦਾ ਪਿੱਛਾ ਕਰਨ ਵਾਲੇ ਨੌਜਵਾਨ ’ਤੇ ਚਲਾਈਆਂ ਗੋਲੀਆਂ
ਅੰਮ੍ਰਿਤਸਰ, 2 ਦਸੰਬਰ- ਅੰਮ੍ਰਿਤਸਰ ਗੁਰੂ ਨਗਰੀ ਵਿਖੇ ਥਾਂ-ਥਾਂ ’ਤੇ ਲੱਗਦੇ ਪੁਲਿਸ ਨਾਕਿਆਂ ਦੇ ਬਾਵਜੂਦ ਚੋਰ ਆਏ ਦਿਨ ਲੁੱਟ-ਖਸੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਰਹਿੰਦੇ ਹਨ। ਪੁਲਿਸ ਸਿਰਫ ਨਾਕੇ ਲਗਾ ਕੇ ਦੋ ਪਹੀਆ ਵਾਹਨ ਮੋਟਰਸਾਈਕਲਾਂ, ਸਕੂਟਰਾਂ ਆਦਿ ਨੂੰ ਘੇਰ ਕੇ ਉਨ੍ਹਾਂ ਕੋਲੋਂ ਲਾਇਸੰਸ ਤੇ ਕਾਗਜ਼ਾਤ ਪੂਰੇ ਹੋਣ ਦੀ ਪੁੱਛਗਿੱਛ ਕਰਦੀ ਹੈ ਤੇ ਆਪਣਾ ਸਮਾਂ ਗੁਜ਼ਾਰਦੀ ਹੈ। ਸ਼ਹਿਰ ’ਚ ਪੈਂਦੇ ਇਲਾਕਾ ਛੇਹਰਟਾ ਵਿਖੇ ਅਪਰਾਧਿਕ ਘਟਨਾਵਾਂ ਦਾ ਦੌਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਹੋਰ ਸਾਹਮਣੇ ਆਇਆ ਹੈ, ਜਿਸ ਵਿੱਚ ਨਕਾਬਪੋਸ਼ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਪਿਸਤੋਲ ਦੀ ਨੋਕ ’ਤੇ 2 ਲੱਖ ਲੁਟ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਜਸਬੀਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਛੇਹਰਟਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਬਲਜੀਤ ਕੌਰ ਅਤੇ 3 ਸਾਲ ਦੀ ਪੋਤਰੀ ਸਮੇਤ ਪੰਜਾਬ ਨੈਸ਼ਨਲ ਬੈਂਕ ਵਿੱਚੋਂ 2 ਲੱਖ ਰੁਪਏ ਕੱਢਵਾ ਕੇ ਵਾਪਿਸ ਆਪਣੇ ਘਰ ਜਾ ਰਹੇ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ
ਇੱਕ ਪਲਾਟ ਦੀ ਖਰੀਦ ਲਈ ਇਹ ਪੈਸੇ ਕੱਢਵਾਏ ਸਨ, ਜਿਸ ਦਾ ਉਨ੍ਹਾਂ ਬਿਆਨਾ ਦੇਣਾ ਸੀ। ਉਨ੍ਹਾਂ ਦੱਸਿਆ ਕਿ ਜਦ ਉਹ ਛੇਹਰਟਾ ਰੇਲਵੇ ਫਾਟਕ ਕੋਲ ਪੁੱਜੇ ਤਾਂ ਮੋਟਰਸਾਇਕਲ ਸਵਾਰ 2 ਨਕਾਬਪੋਸ਼ ਲੁਟੇਰੇ ਉਨ੍ਹਾਂ ਕੋਲ ਆ ਕੇ ਰੁਕੇ। ਉਨ੍ਹਾਂ ਦੱਸਿਆ ਕਿ ਰੁਕਣਸਾਰ ਹੀ ਉਕਤ ਲੁਟੇਰਿਆਂ ਨੇ ਉਨਾਂ ਦੀ ਪਤਨੀ ਜੋ ਕਿ ਉਨ੍ਹਾਂ ਮਗਰ ਮੋਟਰਸਾਈਕਲ ’ਤੇ ਬੈਠੀ ਸੀ, ਦੇ ਹੱਥੋਂ ਪੈਸਿਆਂ ਵਾਲਾ ਬੈਗ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਲੁਟੇਰਿਆਂ ਦਾ ਇੱਕ ਮੋਟਰਸਾਈਕਲ ਸਵਾਰ ਬੱਬੇ ਨਾਂ ਦੇ ਨੌਜਵਾਨ ਨੇ ਪਿੱਛਾ ਕੀਤਾ। ਇਸ ਸਬੰਧ ਵਿੱਚ ਅਗਲੀ ਜਾਣਕਾਰੀ ਦਿੰਦਿਆਂ ਬੱਬਾ ਪੁੱਤਰ ਦੇਵਰਾਜ ਵਾਸੀ ਛੇਹਰਟਾ ਨੇ ਦੱਸਿਆ ਕਿ ਉਕਤ ਲੁਟੇਰੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਬੜੀ ਤੇਜ਼ੀ ਨਾਲ ਦਵਾਈਆਂ ਵਾਲੇ ਵੱਲ ਨੂੰ ਵਧੇ। ਉਸ ਨੇ ਦੱਸਿਆ ਕਿ ਜਦ ਉਹ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ, ਤਾਂ ਮੋਟਰਸਾਈਕਲ ਚਾਲਕ ਦੇ ਮਗਰ ਬੈਠੇ ਲੁਟੇਰੇ ਨੇ ਦੇਸੀ ਕੱਟੇ ਨਾਲ ਉਸ ਉਪਰ ਫਾਇਰ ਕੀਤਾ। ਉਸ ਨੇ ਦੱਸਿਆ ਕਿ ਉਹ ਫਿਰ ਵੀ ਉਨ੍ਹਾਂ ਦਾ ਪਿੱਛਾ ਕਰਦਾ ਰਿਹਾ। ਬੱਬੇ ਨੇ ਦੱਸਿਆ ਕਿ ਜਦ ਉਹ ਛੇਹਰਟਾ ਚੌਕ ਤੱਕ ਉਨ੍ਹਾਂ ਮਗਰ ਗਿਆ ਤਾਂ ਉਕਤ ਲੁਟੇਰੇ ਭੱਲਾ ਕਲੋਨੀ ਅੰਦਰ ਦਾਖਲ ਹੋ ਗਏ, ਜਿੱਥੇ ਜਾ ਕੇ ਫਿਰ ਲੁਟੇਰਿਆਂ ਨੇ ਉਸ ’ਤੇ ਇੱਕ ਹੋਰ ਗੋਲੀ ਚਲਾਈ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਮੌਕੇ ਦੀ ਨਜ਼ਾਕਤ ਨੂੰ ਸਮਝਦਾ ਹੋਇਆ ਵਾਪਿਸ ਆ ਗਿਆ।
ਛੇਹਰਟਾ ਚੌਕ ਵਿੱਚ ਪੁਲਿਸ ਹੁੰਦੀ ਤਾਂ ਟਲ ਸਕਦੀ ਸੀ ਵਾਰਦਾਤ- ਛੇਹਰਟਾ ਚੌਕ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਗੈਰਹਾਜ਼ਰੀ ਵੀ ਬਣੀ ਲੁਟੇਰੇਆਂ ਦੇ ਫਰਾਰ ਹੋਣ ਦਾ ਕਾਰਣ ਬਣੀ। ਨੌਜਵਾਨ ਬੱਬੇ ਨੇ ਦੱਸਿਆ ਕਿ ਜਦ ਉਹ ਲੁਟੇਰਿਆਂ ਦਾ ਪਿੱਛਾ ਕਰਦਾ ਛੇਹਰਟਾ ਚੌਕ ਪੁੱਜਾ ਤਾਂ ਉਸ ਨੇ ਸੋਚਿਆ ਕਿ ਉਹ ਇੱਥੇ 24 ਘੰਟੇ ਤਾਇਨਾਤ ਰਹਿਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਨਾਲ ਲਵੇਗਾ ਅਤੇ ਲੁਟੇਰਿਆਂ ਨੂੰ ਕਾਬੂ ਕਰ ਲਵੇਗਾ, ਪਰ ਉ¤ਥੇ ਕੋਈ ਵੀ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਸੀ ਅਤੇ ਪੁਲਿਸ ਦਾ ਬੂਥ ਵੀ ਖਾਲੀ ਸੀ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਜੇਕਰ ਛੇਹਰਟਾ ਚੌਕ ਵਿੱਚ ਜਿੱਥੇ ਹਰ ਵੇਲੇ ਪੁਲਿਸ ਦਾ ਨਾਕਾ ਰਹਿੰਦਾ ਹੈ, ਜੇ ਪੁਲਿਸ ਮੁਲਾਜ਼ਮ ਹੁੰਦੇ ਤਾਂ ਇਨ੍ਹਾਂ ਲੁਟੇਰਿਆਂ ਨੂੰ ਮੌਕੇ ’ਤੇ ਹੀ ਦਬੋਚਿਆ ਜਾ ਸਕਦਾ ਸੀ।
ਮੌਕੇ ’ਤੇ ਪਹੁੰਚ ਪੁਲਿਸ ਨੇ ਕੀਤੀ ਜਾਂਚ- ਵਾਰਦਾਤ ਦੀ ਜਾਣਕਾਰੀ ਮਿਲਣਸਾਰ ਹੀ ਛੇਹਰਟਾ ਪੁਲਿਸ ਦੇ ਮੁਖੀ ਸ੍ਰੀ ਹਰੀਸ਼ ਬਹਿਲ ਅਤੇ ਡੀਸੀਪੀ ਸ੍ਰੀ ਕੈਤਨ ਪਾਟਿਲ ਆਪਣੀ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਵੱਲੋਂ ਮੌਕੇ ’ਤੇ ਮੌਜੂਦ ਲੋਕਾਂ ਅਤੇ ਇਸ ਲੁੱਟ ਦਾ ਸ਼ਿਕਾਰ ਹੋਏ ਜਸਬੀਰ ਸਿੰਘ ਤੋਂ ਘਟਨਾ ਦੀ ਜਾਣਕਾਰੀ ਲਈ। ਛੇਹਰਟਾ ਪੁਲਿਸ ਵੱਲੋਂ ਘਟਨਾ ਸਬੰਧੀ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੀਸੀਪੀ ਸ੍ਰੀ ਕੈਤਨ ਪਾਟਿਲ ਨੇ ਕਿਹਾ ਕਿ ਬਹੁਤ ਜਲਦ ਹੀ ਉਕਤ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਬੈਂਕ ਤੋਂ ਹੀ ਮਗਰ ਲੱਗੇ ਸਨ ਲੁਟੇਰੇ- ਉਕਤ ਲੁੱਟ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋਵੇਂ ਨਕਾਬਪੋਸ਼ ਲੁਟੇਰੇ ਬੈਂਕ ਤੋਂ ਹੀ ਉਕਤ ਬਜ਼ੁਰਗ ਜੋੜੇ ਮਗਰ ਲੱਗੇ ਸਨ, ਸ਼ਾਇਦ ਉਨ੍ਹਾਂ ਨੂੰ ਪਤਾ ਸੀ ਕਿ ਉਕਤ ਬਜ਼ੁਰਗ ਜੋੜਾ ਬੈਂਕ ਚੋਂ ਮੋਟੀ ਰਕਮ ਕਢਵਾਉਣ ਦੇ ਮਕਸਦ ਨਾਲ ਆਇਆ ਹੈ। ਖਬਰ ਲਿਖੇ ਜਾਣ ਤੱਕ ਬੈਂਕ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਸਨ। ਲੁਟੇਰੇਆਂ ਦਾ ਪਿੱਛਾ ਕਰਨ ਵਾਲੇ ਨੌਜਵਾਨ ਬੱਬੇ ਵੱਲੋਂ ਬੈਂਕ ਦੇ ਸੀਸੀਟੀਵੀ ਕੈਮਰਿਆਂ ਵਿੱਚ 2 ਸ਼ੱਕੀ ਨੌਜਵਾਨਾਂ ਦੀ ਪਹਿਚਾਣ ਕੀਤੀ ਗਈ ਹੈ, ਪਰ ਇਸ ਬਾਰੇ ਅਜੇ ਸਥਿਤੀ ਸਾਫ ਨਹੀਂ ਹੈ।
ਪਹਿਲਾਂ ਵੀ ਹੋ ਚੁੱਕੀਆਂ ਹਨ ਕਈ ਵਾਰਦਾਤਾਂ- ਘਟਨਾਂ ਵਾਲੀ ਥਾਂ ’ਤੇ ਮੌਜੂਦ ਲੋਕਾਂ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪਹਿਲਾਂ ਵੀ ਲੁੱਟਮਾਰ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਅਜੇ ਪਿਛਲੇ ਦਿਨੀਂ ਹੀ ਮੋਟਰਸਾਈਕਲ ’ਤੇ ਸਵਾਰ ਲੁਟੇਰਿਆਂ ਵੱਲੋਂ ਇੱਕ ਔਰਤ ਦੀ ਗਲ਼ ਵਿੱਚ ਪਾਈ ਸੋਨੇ ਦੀ ਚੈਨ ਝਪਟ ਲਈ ਗਈ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਇਲਾਕੇ ਵਿੱਚ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਪੁਲਿਸ ਦੀ ਪੱਕੀ ਚੌਕੀ ਬਣਾਈ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰ ਸਕਣ।



