ਕੋਹੀਮਾ, 1 ਦਸੰਬਰ (ਪੀ. ਟੀ.)- ਉੱਤਰ ਪੂਰਬ ਨਾਲ ਸੰਪਰਕ ਵਿਚ ਸੁਧਾਰ ਕਰਨ ‘ਤੇ ਕੇਂਦਰਤ ਹੁੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੇਂਦਰ ਇਸ ਖੇਤਰ ਵਿਚ ਨਵੀਆਂ ਰੇਲ ਪਟੜੀਆਂ ਵਿਛਾਉਣ ਲਈ 28 ਹਜ਼ਾਰ ਕਰੋੜ ਰੁਪਏ ਮੁਹੱਈਆ ਕਰੇਗਾ ਅਤੇ ਇਲਾਕੇ ਵਿਚ ਸੈਰਸਪਾਟੇ ਨੂੰ ਵਿਕਸਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕੇਂਦਰ ਨੇ ਉੱਤਰ ਪੂਰਬੀ ਖੇਤਰ ਦੀ ਵਿਆਪਕ ਦੂਰਸੰਚਾਰ ਵਿਕਾਸ ਯੋਜਨਾ ਲਈ ਇਸ ਇਲਾਕੇ ਵਿਚ 2 ਜੀ ਮੋਬਾਈਲ ਕਵਰੇਜ ਮੁਹੱਈਆ ਕਰਨ ਲਈ 5000 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਥੇ ਨਾਗਾਲੈਂਡ ਦੇ ਸਭ ਤੋਂ ਵੱਡੇ ਸਾਲਾਨਾ ਹਾਰਨਬਿਲ ਮੇਲੇ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਇਥੇ ਬਹੁਤ ਸਾਰੇ ਸੈਲਾਨੀ ਦੇਸ਼ ਦੇ ਦੂਸਰੇ ਹਿੱਸਿਆਂ ਅਤੇ ਵਿਦੇਸ਼ ਤੋਂ ਆ ਰਹੇ ਹਨ। ਇਹ ਸੈਲਾਨੀਆਂ ਲਈ ਬਿਹਤਰ ਸਥਾਨ ਹੈ ਪਰ ਇਸ ਲਈ ਸਾਨੂੰ ਸੰਪਰਕ ਦੀ ਲੋੜ ਹੈ। ਜੇਕਰ ਸਾਡੇ ਕੋਲ ਸੜਕ, ਰੇਲ ਅਤੇ ਹਵਾਈ ਸੰਪਰਕ ਦੀ ਸਹੂਲਤ ਨਹੀਂ ਤਾਂ ਸੈਰਸਪਾਟੇ ਨੂੰ ਵਿਕਸਤ ਕਰਨਾ ਕਾਫੀ ਮੁਸ਼ਕਿਲ ਹੈ। ਇਸੇ
ਲਈ ਇਲਾਕੇ ਦੇ ਵਿਕਾਸ ਦੀ ਲੋੜ ਹੈ ਅਤੇ ਨਵੇਂ ਰੇਲ ਪ੍ਰਾਜੈਕਟਾਂ ਅਤੇ 14 ਨਵੀਆਂ ਰੇਲ ਪਟੜੀਆਂ ਲਈ 28 ਹਜ਼ਾਰ ਕਰੋੜ ਰੁਪਏ ਮੁਹੱਈਆ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਹਾਰਨਬਿੱਲ ਮੇਲੇ ਨਾਲ ਨਾਗਾਲੈਂਡ ਵਿਚ ਸੈਰ ਸਪਾਟੇ ਵਿਚ ਸੁਧਾਰ ਹੋਵੇਗਾ ਅਤੇ ਦੇਸ਼ ਦੇ ਲੋਕਾਂ ਨੂੰ ਇਸ ਤੋਂ ਲਾਭ ਮਿਲੇਗਾ।
ਸ੍ਰੀ ਮੋਦੀ ਨੇ ਕਿਹਾ ਕਿ ਸਾਡਾ ਨਿਸ਼ਾਨਾ 365 ਦਿਨ ਬਿਜਲੀ ਦੀ 24 ਘੰਟੇ ਸਪਲਾਈ ਹੈ ਅਤੇ ਇਸ ਲਈ ਉੱਤਰੀ ਪੂਰਬੀ ਰਾਜਾਂ ‘ਤੇ ਧਿਆਨ ਕੇਂਦਰਤ ਕਰ ਰਹੇ ਹਾਂ। ਅੱਜ ਕਲ੍ਹ ਬੁਨਿਆਦੀ ਢਾਂਚੇ ਦਾ ਮਤਲਬ ਪੂਰੀ ਤਰ੍ਹਾਂ ਬਦਲ ਗਿਆ ਹੈ। ਸੜਕੀ ਅਤੇ ਰੇਲ ਸੰਪਰਕ ਤੋਂ ਇਲਾਵਾ ਸਾਨੂੰ ਡਿਜੀਟਲ ਸੰਪਰਕ ਦੀ ਲੋੜ ਹੈ। ਇੰਟਰਨੈਟ ਸੰਪਰਕ ਬਹੁਤ ਹੀ ਜ਼ਰੂਰੀ ਹੈ। ਹੁਣ ਨੌਜਵਾਨ ਮੋਬਾਈਲ ਫੋਨ ਅਤੇ ਇੰਟਰਨੈੱਟ ਤੋਂ ਬਿਨਾਂ ਨਹੀਂ ਰਹਿ ਸਕਦੇ।


