ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨੇ ਰੱਖਿਆ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਮੰਗ
ਜੇਲ੍ਹ ਵਿੱਚ ਬੰਦੀ ਸਿੱਖ ਕੈਦੀਆਂ ਦੀ ਰਿਹਾਈ ਦਾ ਮੁੱਦਾ ਰਾਜ ਸਭਾ ਵਿੱਚ ਉਠਾਇਆ
ਰਾਜ ਸਭਾ ਮੈਂਬਰ ਤਿਰੂਚੀ ਸ਼ਿਵਾ ਵੱਲੋਂ ਮੰਗ ਦਾ ਸਮਰਥਨ
ਚੰਡੀਗੜ੍ਹ, 1 ਦਸੰਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਰੱਖਿਆ ਮੰਤਰੀ ਸ੍ਰੀ ਮਨੋਹਰ ਪਾਰੀਕਰ ਅੱਗੇ ਮੰਗ ਰੱਖੀ ਹੈ ਕਿ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਕਾਰਵਾਈ ਕਰਨ ਵਾਲੇ 10 ਤੋਂ ਵੱਧ ਸੈਨਿਕਾਂ ਨੂੰ ਮਿਲੇ ਬਹਾਦਰੀ ਪੁਰਸਕਾਰ ਤੁਰੰਤ ਵਾਪਿਸ ਲਿਆ ਜਾਵੇ। ਸ. ਢੀਂਡਸਾ ਨੇ ਇਸ ਸਬੰਧੀ ਰੱਖਿਆ ਮੰਤਰੀ ਸ੍ਰੀ ਪਾਰੀਕਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ।ਆਪਣੇ ਪੱਤਰ ਵਿੱਚ ਸ. ਢੀਂਡਸਾ ਨੇ ਕਿਹਾ ਕਿ ਜੂਨ 1984 ਵਿੱਚ ਉਸ ਵੇਲੇ ਦੀ ਭਾਰਤ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ’ਤੇ ਫੌਜੀ ਕਾਰਵਾਈ ਕਰਦਿਆਂ ਸਾਕਾ ਨੀਲਾ ਤਾਰਾ ਨੂੰ ਅੰਜ਼ਾਮ ਦਿੱਤਾ। ਸੈਨਿਕਾਂ ਦੀ ਇਸ ਕਾਰਵਾਈ ਨਾਲ ਪੂਰੀ ਦੁਨੀਆਂ ਵਿੱਚ ਬੈਠੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਦੇਸ਼ ਦੇ ਇਤਿਹਾਸ ਵਿੱਚ ਕਿਸੇ ਧਾਰਮਿਕ ਸਥਾਨ ਉਪਰ ਕੀਤੀ ਇਸ ਸਭ ਤੋਂ ਵੱਡੀ ਅਤੇ ਵਹਿਸ਼ੀਆਨਾ ਕਾਰਵਾਈ ਵਿੱਚ ਸੈਂਕੜੇ ਬੇਦੋਸ਼ੇ ਸਿੱਖ ਮਾਰੇ ਗਏ। ਇਸ ਤੋਂ ਵੱਡੀ ਸ਼ਰਮ ਦੀ ਗੱਲ ਇਹ ਸੀ ਕਿ ਸਿੱਖਾਂ ਵਿਰੁੱਧ ਕਾਰਵਾਈ ਕਰਨ ਵਾਲੇ 10 ਤੋਂ ਵੱਧ ਸੈਨਿਕਾਂ ਨੂੰ ਇਸ ਅਖੌਤੀ ਜਿੱਤ ਬਦਲੇ
ਬਹਾਦਰੀ ਪੁਰਸਕਾਰ ਨਾਲ ਸਨਮਾਨਿਆ ਗਿਆ।
ਸ. ਢੀਂਡਸਾ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਅਜਿਹੇ ਬਹਾਦਰੀ ਪੁਰਸਕਾਰ ਪਹਿਲਾਂ ਸਿਰਫ ਦੁਸ਼ਮਣ ਮੁਲਕਾਂ ਖਿਲਾਫ ਜੰਗ ਵਿੱਚ ਬਹਾਦਰੀ ਦਿਖਾਉਣ ਵਾਲੇ ਸੈਨਿਕਾਂ ਨੂੰ ਮਿਲੇ ਸਨ। ਭਾਰਤ ਸਰਕਾਰ ਨੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਦਿਆਂ ਧਾਰਮਿਕ ਸਥਾਨ ’ਤੇ ਹਮਲਾ ਕਰਨ ਵਾਲੇ ਸੈਨਿਕਾਂ ਨੂੰ ਬਹਾਦਰੀ ਪੁਰਸਕਾਰ ਦੇ ਕੇ ਸਿੱਖਾਂ ਨੂੰ ਆਪਣੇ ਮੁਲਕ ਵਿੱਚ ਹੀ ਦੁਸ਼ਮਣ ਦਾ ਦਰਜਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਇਸ ਕਾਰਵਾਈ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਸ.ਢੀਂਡਸਾ ਨੇ ਰੱਖਿਆ ਮੰਤਰੀ ਅੱਗੇ ਮੰਗ ਰੱਖੀ ਕਿ ਭਾਰਤ ਸਰਕਾਰ ਆਪਣੇ ਪੱਧਰ ’ਤੇ ਅਜਿਹੇ ਸੈਨਿਕਾਂ ਨੂੰ ਮਿਲੇ ਬਹਾਦਰੀ ਪੁਰਸਕਾਰ ਅਧਿਕਾਰਤ ਤੌਰ ’ਤੇ ਵਾਪਸ ਲਏ ਜਾਣ ਤਾਂ ਜੋ ਪੀੜਤ ਸਿੱਖ ਭਾਈਚਾਰੇ ਦੀ ਪੀੜਾਂ ਨੂੰ ਕੁਝ ਹੱਦ ਤੱਕ ਘੱਟ ਕੀਤਾ ਜਾਵੇ।
ਸ. ਸੁਖਦੇਵ ਸਿੰਘ ਢੀਂਡਸਾ ਨੇ ਅੱਜ ਰਾਜ ਸਭਾ ਵਿੱਚ ਸਿਫਰ ਕਾਲ ਦੌਰਾਨ ਜੇਲ੍ਹਾਂ ਵਿੱਚ ਬੰਦੀ ਸਿੱਖ ਕੈਦੀਆਂ ਦਾ ਮੁੱਦਾ ਉਠਾਉਂਦਿਆਂ ਮੰਗ ਕੀਤੀ ਕਿ ਅਜਿਹੇ ਸਭ ਕੈਦੀਆਂ ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ। ਸਿਫਰ ਕਾਲ ਵਿੱਚ ਇਹ ਮੁੱਦਾ ਚੁੱਕਦਿਆਂ ਸ. ਢੀਂਡਸਾ ਨੇ ਕਿਹਾ ਕਿ ਇਹ ਮਾਮਲਾ ਮਾਨਵੀ ਅਧਿਕਾਰਾਂ ਦੀ ਉਲੰਘਣਾ ਦਾ ਹੈ।
ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ’ਤੇ ਇਹ ਇਕ ਧੱਬਾ ਹੈ ਕਿ ਕਈ ਅਜਿਹੇ ਕੈਦੀ ਜੇਲ੍ਹਾਂ ਵਿੱਚ ਹਾਲੇ ਵੀ ਬੰਦ ਹਨ ਜਿਨ੍ਹਾਂ ਨੂੰ ਸਜ਼ਾ ਪੂਰੀ ਹੋ ਚੁੱਕਿਆਂ 10-10, 15-15 ਸਾਲ ਹੋ ਚੁੱਕੇ ਹਨ। ਇਨ੍ਹਾਂ ਕੈਦੀਆਂ ਵਿੱਚ ਬਹੁਤ ਅਜਿਹੇ ਹਨ ਜਿਹੜੇ 30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ। 1984 ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਸੈਨਿਕ ਹਮਲੇ ਵੇਲੇ ਦੇ ਕਈ ਸਿੱਖ 30 ਸਾਲਾਂ ਤੋਂ ਜੇਲ੍ਹਾਂ ਵਿੱਚ ਹਾਲੇ ਵੀ ਬੰਦ ਹਨ।
ਇਨ੍ਹਾਂ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ ਪਰ ਇਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ।
ਸ. ਢੀਂਡਸਾ ਨੇ ਕਿਹਾ ਕਿ ਅਜਿਹੇ ਕੈਦੀਆਂ ਰਿਹਾਅ ਕਰਨ ਦੀ ਮੰਗ ਕਾਫੀ ਸਮੇਂ ਤੋਂ ਚੱਲ ਰਹੀ ਹੈ। ਇਸੇ ਲਈ ਭਾਈ ਗੁਰਬਖ਼ਸ਼ ਸਿੰਘ ਖਾਲਸਾ ਅੰਬਾਲਾ ਨੇੜੇ ਗੁਰਦੁਆਰਾ ਸਾਹਿਬ ਵਿਖੇ 17 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਜਿਵੇਂ ਮਛੇਰਿਆਂ ਨੂੰ ਛੁਡਵਾਇਆ ਹੈ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਜਾ ਚੁੱਕੀ ਸੀ, ਇਸੇ ਤਰ੍ਹਾਂ ਅਜਿਹੇ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ।
ਇਸ ’ਤੇ ਰਾਜ ਸਭਾ ਮੈਂਬਰ ਸ੍ਰੀ ਤਿਰੂਚੀ ਸ਼ਿਵਾ ਨੇ ਉਨ੍ਹਾਂ ਦੀ ਇਸ ਮੰਗ ਦਾ ਸਮਰਥਨ ਕਰਦਿਆਂ ਕਿਹਾ ਕਿ ਨਵੇਂ ਪ੍ਰਧਾਨ ਮੰਤਰੀ ਦੇ ਬਣਨ ਤੋਂ ਬਾਅਦ ਇਹ ਨਵੀਂ ਪ੍ਰੰਪਰਾ ਪਾਈ ਹੈ। ਸ. ਢੀਂਡਸਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਨਾਲ ਹਾਊਸ ਦੇ ਲੀਡਰ ਤੋਂ ਇਹ ਉਮੀਦ ਰੱਖਣ ਦੇ ਨਾਲ ਇਹ ਵੀ ਮੰਗ ਕਰਦੇ ਹਨ ਕਿ ਜਿਹੜੇ ਕੈਦੀ ਵਰ੍ਹਿਆਂ ਤੋਂ ਸਜ਼ਾ ਪੂਰੀ ਹੋਣ ਦੇ ਬਾਵਜੂਦ ਹਾਲੇ ਵੀ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਨੂੰ ਤੁਰੰਤ ਛੱਡਿਆ ਜਾਵੇ। ਇਸ ਗੱਲ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਬਹੁਤ ਰੋਸ ਹੈ।



