‘‘ਮੈਂ ਬੱਕਰੀਆਂ ਤਾਂ ’ਕੱਲਾ ਵੀ ਚਾਰ ਕੇ ਲਿਆ ਸਕਦੈਂ ਬੇਬੇ!.. ਫੇਰ ਕਿਉਂ ਨਾ ਆਪਾਂ ਆਪਣੇ ਵਿੰਦਰੇ ਨੂੰ ਪੜ੍ਹਨ ਲਾਈਏ। ਚਾਰ ਅੱਖਰਾਂ ਦਾ ਸੂੰਹਾਂ ਹੋ ਕੇ ਘਰ ਦੀ ਕਬੀਲਦਾਰੀ ਦੇ ਲੈਣੇ ਦੇਣੇ ਦਾ ’ਸਾਬ ਰੱਖ ਲਿਆ ਕਰੂ।’’
‘‘ਚਾਰ ਅੱਖਰਾਂ ਦਾ ਸੂੰਹਾਂ ਹੋਣ ਦੀ ਤਾਂ ਬੱਚਾ! ਤੈਨੂੰ ਵੀ ਜ਼ਰੂਰਤ ਐ.. ਆਪਾਂ ਬੱਕਰੀਆਂ ਵੇਚ ਦਿੰਨੇ ਆਂ। ਤੂੰ ਵੀ ਸਕੂਲ ਚਲਿਆ ਜਾਇਆ ਕਰ।’’
‘‘ਬੱਕਰੀਆਂ ਵੇਚ ਕੇ ਆਪਣੇ ਘਰ ਦਾ ਖਰਚਾ ਕਿਵੇਂ ਤੁਰੂ? ਦੁੱਧ ਵਾਧ ਤੋਂ ਵੀ ਔਖੇ ਹੋਜਾਂਗੇ। ਹੁਣ ਤਾਂ ਘਰ ਦੇ ਸੰਦ-ਸੰਦੇੜੇ ਤੋਂ ਬਿਨਾਂ ਹੁੰਦੀ ਨਹੀਂ।.. ਬਾਕੀ ਬੇਬੇ ! ਕੰਮ ਘਰ ਦੇ ਜੀਆਂ ਨੂੰ ਵੰਡ ਕੇ ਕਰਨੇ ਚਾਹੀਦੈ ਐ। ਕੁਦਰਤ ਵੀ ਕੰਮ ਵੰਡ ਕੇ ਕਰਦੀ ਐ। ਸੂਰਜ ਚਾਨਣ ਤੇ ਧੁੱਪ ਦੇਣ ਦਾ ਕੰਮ ਕਰਦੈ। ਪਹਾੜ, ਨਦੀਆਂ-ਨਾਲੇ ਪਾਣੀ ਦੇਣ ਦਾ ਕੰਮ ਕਰਦੇ ਐ। ਦਰਖਤ ਛਾਂ, ਹਵਾ ਤੇ ਲੱਕੜ ਬਾਲਣ ਦੇਣ ਦਾ ਕੰਮ ਕਰਦੇ ਐ। ਧਰਤੀ ਅੰਨ ਤੇ ਹੋਰ ਕਿੰਨਾ ਕੁਛ ਦੇਣ ਦਾ ਕੰਮ ਕਰਦੀ ਐ। ਇਉਂ ਬੇਬੇ! ਮੈਨੂੰ ਤੇ ਵਿੰਦਰੇ ਨੂੰ ਵੀ ਵੰਡ ਕੇ ਕੰਮ ਕਰਨੇ ਚਾਹੀਦੇ ਐ। ਵਿੰਦਰਾ ਪੜੂ। ਮੈਂ ਬੱਕਰੀਆਂ ਚਾਰੂ।’’
ਭਲ੍ਹਾ ਬੇਸ਼ੱਕ ਵਿੰਦਰੇ ਤੋਂ ਛੋਟਾ ਸੀ। ਪਰ ਪਿਤਾ ਦੀ ਮੌਤ ਤੋਂ ਬਾਅਦ ਘਰ ਵਿੱਚ ਪੈਦਾ ਹੋਈਆਂ ਤੰਗੀਆਂ ਤੁਰਛੀਆਂ ਨੇ ਉਸਨੂੰ ਉਸ ਦੀ ਉਮਰ ਤੋਂ ਕਈ ਗੁਣੇ ਵੱਧ ਸੋਚਵਾਨ ਬਣਾ ਦਿੱਤਾ ਸੀ। ਉਸ ਦੀ ਮਾਂ ਨੂੰ ਵੀ ਉਹ ਉਸ ਦੇ ਹਾਣੀਆਂ ਤੋਂ ਕਈ ਗੁਣੇ ਵੱਧ ਸਿਆਣਾ ਲੱਗਦਾ ਸੀ। ਪਰ ਉਸ ਦੇ ਹਾਣੀ ਉਸਨੂੰ ਭਲ੍ਹਾ ਸਿੱਧਰਾ ਸਮਝਦੇ ਸਨ।
ਭਲ੍ਹੇ ਦੀ ਮਾਂ ਨੇ ਭਲ੍ਹੇ ਦਾ ਕਹਿਣਾ ਮੰਨ ਕੇ ਭਲ੍ਹੇ ਤੋਂ ਵੱਡੇ ਵਿੰਦਰੇ ਨੂੰ ਪੜ੍ਹਨ ਲਾ ਦਿੱਤਾ। ਵਿੰਦਰਾ ਸਕੂਲੋਂ ਵਾਪਿਸ ਆ ਕੇ ਬੱਕਰੀਆਂ ਖਾਤਰ ਭਗਤਲ੍ਹ ਵੇਲ ਖੇਤ ਕੇ ਲਿਆਉਂਦਾ। ਭਲ੍ਹਾ ਬੱਕਰੀਆਂ ਬੰਨ੍ਹੇ ਵਿੱਚ ਚਾਰਨ ਲਈ ਜਾਣ ਸਮੇਂ ਰੋਟੀਆਂ ਅਤੇ ਹਰੇ ਪੱਤਿਆਂ ਨੂੰ ਆਪਣੇ ਕੰਨ ਤੇ ਪੂਛਾਂ ਹਿਲਾਉਂਦੀਆਂ, ਚਰਦੀਆਂ। ਉਹ ਆਪਣੇ ਵੱਲੋਂ ਪਹਿਲਾਂ ਤੋਂ ਲਿਜਾ ਕੇ ਅਤੇ ਬੰਨੇ ਦੀ ਇਕ ਪੁਰਾਣੀ ਕਿੱਕਰ ਦੇ ਮੁੱਢ ਨਾਲ ਰੱਖੇ ਅੱਧੇ ਘੜੇ ਦੇ ਠੀਕਰੇ ਵਿੱਚੋਂ ਆਪਣੇ ਕੂਨੇ ਵਿੱਚ ਪਾਣੀ ਪਾਉਂਦਾ। ਲੋੜੋਂ ਵੱਧ ਲਿਆਂਦੀਆਂ ਰੋਟੀਆਂ ਦੀਆਂ ਛੋਟੀਆਂ ਛੋਟੀਆਂ ਬੁਰਕੀਆਂ ਕਰਕੇ ਰੁੱਖਾਂ ਹੇਠ ਖਿਲਾਰਦਾ..
ਉਸ ਨੂੰ ਝਾੜਾਂ ਬੂਟੇ ਦੇ ਹਰੇ ਪੱਤੇ ਖਾਂਦੀਆਂ ਬੱਕਰੀਆਂ ਬਹੁਤ ਸੋਹਣੀਆਂ ਲੱਗਦੀਆਂ। ਠੀਕਰੇ ਵਿੱਚੋਂ ਪਾਣੀ ਪੀਂਦੇ ਪੰਛੀ ਪਰਿੰਦੇ ਉਸ ਨੂੰ ਪਿਆਰੇ ਪਿਆਰੇ ਲੱਗਦੇ। ਚਿਰ੍ਹਰ ਚਿਰ੍ਹਰ ਕਰਦੀ ਅਤੇ ਫੁਰਤੀ ਚੁਸਤੀ ਨਾਲ ਛਾਲ੍ਹਾਂ ਮਾਰਦੀ ਕਾਟੋ ਨੂੰ ਦੇਖ ਕੇ ਤਾਂ ਉਸ ਦੇ ਗੋਰੇ ਗੋਲ੍ਹ ਅਤੇ ਭੋਲ੍ਹੇ ਭਾਲ੍ਹੇ ਚਿਹਰੇ ’ਤੇ ਮੁਸਕਰਾਹਟ ਖਿੰਡ ਜਾਂਦੀ। ਰੋਟੀ ਦੀਆਂ ਨਿੱਕੀਆਂ ਨਿੱਕੀਆਂ ਬੁਰਕੀਆਂ ਦਾ ਚੋਗਾ ਚੁਗਦੇ ਅਤੇ ਵੰਨ ਸਵੰਨੀਆਂ ਆਵਾਜ਼ਾਂ ਕੱਢਦੇ ਅਤੇ ਚਹਿ ਚਹਾਉਂਦੇ ਪੰਛੀ ਪਰਿੰਦਿਆਂ ਦਾ ਸੰਗੀਤ ਉਸ ਦੀ ਰੂਹ ਨੂੰ ਗੁਲਾਬ ਦੇ ਫੁੱਲ ਵਾਂਗ ਖਿੜਾਉਂਦਾ।
ਬੰਨ੍ਹੇ ਵਿੱਚੋਂ ਬੱਕਰੀਆਂ ਘਰ ਨੂੰ ਹਿੱਕਣ ਤੋਂ ਪਹਿਲਾਂ ਭਲਾ ਆਪਣੀ ਸੋਟੀ ਨਾਲ ਆਪਣੀ ਸੋਟੀ ਦਾ ਪਰਛਾਵਾਂ ਮਿਣਦਾ। ਜੇ ਪਰਛਾਵਾਂ ਸੋਟੀ ਨਾਲੋਂ ਢਾਈ ਗੁਣੇ ਵੱਡਾ ਹੋਇਆ ਹੁੰਦਾ ਤਾਹੀਂ ਉਹ ਬੱਕਰੀਆਂ ਪਿੰਡ ਵੱਲ ਨੂੰ ਹਿੱਕਦਾ।
ਜਦ ਵਿੰਦਰ ਨੂੰ ਡਾਕਟਰੀ ਦੇ ਕੋਰਸ ਵਿੱਚ ਦਾਖਲਾ ਲੈਣ ਲਈ ਪੈਸਿਆਂ ਦੀ ਜ਼ਰੂਰਤ ਪਈ ਤਾਂ ਭਲ੍ਹੇ ਨੂੰ ਆਪਣੀਆਂ ਅੱਧੀਆਂ ਬੱਕਰੀਆਂ ਵੇਚਣੀਆਂ ਪਈਆਂ। ਉਸ ਨੂੰ ਇੱਕ ਚੰਗੇ ਖੱਲ੍ਹਣੇ ਦੀ ਬੱਕਰੀ ਰੱਖ ਕੇ ਬਾਕੀ ਦੀਆਂ ਦੂਜੀਆਂ ਸਾਰੀਆਂ ਬੱਕਰੀਆਂ ਉਦੋਂ ਵੇਚਣੀਆਂ ਪਈਆਂ ਜਦ ਉਸਨੂੰ ਖੇਤੀ ਕਰਨ ਲਈ ਬੋਤਾ ਲੈਣਾ ਪਿਆ। ਉਹ ਖੋਤ ਬੋਤੇ ’ਤੇ ਬੈਠ ਕੇ ਨਾ ਜਾਂਦਾ। ਉਸ ਦੀ ਸਮਝ ਮੁਤਾਬਿਕ ਬੋਤਾ ਬੈਠਣ ਵਾਸਤੇ ਨਹੀਂ ਹੁੰਦਾ। ਸਗੋਂ ਹਲ ਵਗੈਰਾ ਖਿੱਚਣ ਦੇ ਕੰਮਾਂ ਲਈ ਹੁੰਦਾ ਹੈ। ਉਹ ਆਪ ਭੁੱਖਾ ਤਿਹਾਇਆ ਰਹਿ ਲੈਂਦਾ ਪਰ ਬੋਤੇ ਨੂੰ ਚੰਗੀ ਤੋਂ ਚੰਗੀ ਖੁਰਾਕ ਦਿੰਦਾ। ਉਹ ਕਹਿੰਦਾ ‘‘ ਜਦ ਬੰਦਾ ਉੂਠਾਂ ਬਲਦਾਂ ਦੀ ਕਮਾਈ ਖਾਂਦੇ ਤਾਂ ਇਨ੍ਹਾਂ ਦਰਵੇਸ਼ਾਂ ਨੂੰ ਚੰਗੀ ਖਾਦ ਖੁਰਾਕ ਦੇਣੀ ਵੀ ਬੰਦੇ ਦਾ ਆਵਦਾ ਫਰਜ਼ ਬਣਦੈ। ਹੋਰ ਇਨ੍ਹਾਂ ਦਰਵੇਸਾਂ ਨੇ ਕਿਹੜਾ ਬੋਲ ਕੇ ਕਹਿਣੈ ਅਸੀਂ ਭੁੱਖੇ ਆਂ. ਤਿਹਾਏ ਹਾਂ।’’ ਭਲ੍ਹਾ ਬੋਤੇ ਨਾਲ ਬਿਜਾਈ ਕਰਨ ਸਮੇਂ, ਹਲ ਨਾਲ ਬੰਨ੍ਹੇ ਪੋਰ ਵਿੱਚ ਬੀਜ ਦੀ ਪਹਿਲੀ ਮੁੱਠੀ ਕੇਰਨ ਦੀ ਸ਼ੁਰੂਆਤ ਕਰਨ ਸਮੇਂ ਇਹ ਦੁਆ ਕਰਨੀ ਨਾ ੍ਯਭੁੱਲਦਾ।
‘‘ਦਾਤਿਆਂ! ਏਹ ਚਿੜੀ-ਜਨੌਰਾਂ ਦੇ ਕਰਮਾਂ ਦਾ…. ਗਰੀਬ-ਗੁਰਬਿਆਂ ਦੇ ਨਾਂ ਦਾ।’’ ਉਸ ਨੇ ਕਦੇ ਵੀ ਆਪਣੇ ਖੇਤ ਵਿੱਚੋਂ ਸਾਗ ਤੋੜਨ, ਕੱਖ-ਪੱਟਾ ਖੋਤਣ ਤੇ ਲੱਕੜ-ਬਾਲਣ ਲਿਜਾਣ ਵਾਲਿਆਂ ਨੂੰ ਲਲਕਾਰਾ ਨਹੀਂ ਮਾਰਿਆ ਸੀ, ਜੇ ਕਦੇ ਕੋਈ ਹੋਰ ਖੇਤ ਵਾਲਾ ਇਉਂ ਕਰਦਾ ਵੀ ਤਾਂ ਉਹ ਉਸ ਨੂੰ ਕਹਿੰਦਾ,
‘‘ਭਲ੍ਹਿਆ-ਪੁਰਸ਼ਾ! ਏਹ ਬੇਜਮੀਨੇ ਗਰੀਬ-ਗੁਰਬੇ ਹੋਰ ਕਿੱਥੋਂ ਸਾਗ ਤੋੜਨ।…
….ਕਿੱਥੋਂ ਕੱਖ ਪੱਠਾ ਖੋਤਣ ਜਾਂ ਲੱਕੜ-ਬਾਲਣ ਲਿਜਾਣ। ਇਨ੍ਹਾਂ ਨੇ ਆਪਣੇ ਖੇਤਾਂ ਵਾਲਿਆਂ ਦਿਉਂ ਹੀ ਲੈ ਕੇ ਜਾਣੈ।… ਬਾਕੀ ਭਾਈ! ਇਹ ਧਰਤੀ ਕੁਦਰਤ ਦੀ ਦੇਣ ਐ। ਇਹ ਤਾਂ ਐਵੇਂ ਮੇਰਾਂ-ਤੇਰਾਂ ਨੇ। ਪਤਾ ਨਹੀਂ ਏਸ ਧਰਤੀ ’ਤੇ ਮੇਰਾਂ ਕਰਦੇ-ਕਰਦੇ ਕਿੰਨੇ ਹੀ ਲੋਕ ਚਲੇ ਗਏ। ਏਸ ਧਰਤੀ ਨੇ ਤਾਂ ਕੁਦਰਤ ਦੀ ਇਮਾਨਤ ਹੀ ਰਹਿਣੈ। … ਰਾਜ-ਭਾਗ ਦੇ ਮਾਲਕਾਂ ਨੂੰ ਵੀ ਕਈ ਵਾਰ ਤਿੰਨ ਗਜ ਧਰਤੀ ਨਸੀਬ ਨਹੀਂ ਹੁੰਦੀ ਅੰਤ ਵੇਲੇ।…’
ਭਲ੍ਹੇ ਨੂੰ ਤਾਂ ਗਰੀਬ-ਗੁਰਬਿਆਂ ਦੀ ਮਦਦ ਕਰਕੇ ਖੁਸ਼ੀਂ ਮਿਲਦੀ ਸੀ। ਮਜ਼ਦੂਰ ਵਿਹੜੇ ਵਿਚਲੇ ਬਿਮਾਰ-ਠਮਾਰ, ਜਿਹੜੇ ਇਲਾਜ ਕਰਵਾਉਣ ਦਾ ਖਰਚਾ ਕਰਨ ਤੋਂ ਅਸਮਰੱਥ ਹੁੰਦੇ, ਅਕਸਰ ਹੀ ਉਸ ਕੋਲ ਆਉਂਦੇ। ਉਹ ਉਨ੍ਹਾਂ ਨੂੰ ਨਾਲ ਲੈ ਕੇ, ਆਪਣੇ ਭਰਾ ਵਿੰਦਰ ਵੱਲੋਂ ਆਪਣੇ ਪਿੰਡ ਵਿੱਚ ਚਲਾਏ ਜਾ ਰਹੇ ਪ੍ਰਾਈਵੇਟ ਕਲੀਨਿਕ ’ਚ ਲੈ ਕੇ ਜਾਂਦਾ।
‘‘ਬਾਈ ਵਿੰਦਰ ਸਿੰਘਾ! ਇਹ ਕਿੰਨੇ ਦਿਾਂ ਤੋਂ, ਪੈਸੇ ਨਾ ਹੋਣ ਕਰਕੇ, ਕਸ਼ਟ ਭੋਗ ਰਹੇ ਐ।.. ਇਨ੍ਹਾਂ ਨੂੰ ਕੋਈ ਅੱਛੀ ਜੀ ਦਾਰੂ ਬੂਟੀ ਦੇਹ। ਗਰੀਬ ਗੁਰਬੇ ਦੀ ਮੱਦਤ ਕੀਤੀ ਦਰਗਾਹ ਵਿੱਚ ਹਰੀ ਹੁੰਦੀ ਐ।’’
ਵਿੰਦਰ ਉਨ੍ਹਾਂ ਨੂੰ ਦਵਾਈ ਦੇ ਦਿੰਦਾ। ਪੈਸੈ ਨਹੀਂ ਮੰਗਦਾ ਸੀ। ਫੇਰ ਜਦ
ਉਨ੍ਹਾਂ ਉਧਾਰ ਇਲਾਜ ਕਰਵਾਉਣ ਵਾਲਿਆਂ ਦੇ ਹੱਥ ਵਿੱਚ ਪੈਸੇ ਆ ਜਾਂਦੇ ਤਾਂ ਉਹ ਆਪੇ ਹੀ ਵਿੰਦਰ ਨੂੰ ਦੇ ਜਾਂਦੇ। ਵਿੰਦਰ ਆਪ ਵੀ ਆਪਣਾ ਸਾਈਕਲ ਲੈ ਕੇ ਵਿਹੜੇ ਵਾਲਿਆਂ ਦੇ ਘਰੀਂ ਦਵਾਈ ਦੇ ਆਉਂਦਾ। ਉਸ ਦੀ ਦਵਾਈ ਨਾਲ ਮਰੀਜ਼ਾਂ ਨੂੰ ਅਕਸਰ ਹੀ ਅਰਾਮ ਆ ਜਾਂਦਾ। ਲੋਕ ਕਹਿੰਦੇ-‘ਭਾਈ! ਵਿੰਦਰ ਡਾਕਧਾਰ ਦੇ ਤਾਂ ਹੱਥ ਜਸ ਐ। ਮਰਦੇ ਬੰਦੇ ਨੂੰ ਬਚਾਅ ਲੈਂਦੇ ਐ ਉਹ ਤਾਂ।’’ ਉਸ ਦੇ ਡਾਕਟਰੀ ਇਲਾਜ ਦੀਆਂ ਧੁੰਮਾਂ ਇਲਾਕੇ ਦੇ ਪਿੰਡਾਂ ਵਿੱਚ ਪਈਆਂ ਹੋਈਆਂ ਸਨ। ਇਲਾਕੇ ਦੇ ਗਰੀਬ ਤੇ ਦਰਮਿਆਨੇ ਲੋਕਾਂ ਵਿੱਚ ਵਿੰਦਰ ਦਾ ਵਧੀਆ ਅਸਰ ਰਸੂਖ ਬਣਿਆ ਹੋਇਆ ਸੀ। ਉਸ ਦੇ ਲੋਕਾਂ ਵਿੱਚ ਬਣੇ ਅਸਰ ਰਸੂਖ ਨੂੰ ਆਪਣੇ ਵੋਟ ਬੈਂਕ ਵਿੱਚ ਤਬਦੀਲ ਕਰਨ ਦੇ ਇਰਾਦੇ ਨਾਲ ਰਾਜ ਕਰਦੀ ਪਾਰਟੀ ਵਾਲਿਆਂ ਨੇ ਵਿੰਦਰ ਨਾਲ ਤਾਲਮੇਲ ਬਣਾਇਆ ਹੋਇਆ ਸੀ। ਇਸ ਤਾਲਮੇਲ ਕਰਕੇ ਰਾਜ ਕਰਦੀ ਪਾਰਟੀ ਦੇ ਮੰਤਰੀਆਂ ਵਗੈਰਾ ਵੱਲੋਂ ਵਿੰਦਰ ਨੂੰ ਮੁੰਡੇ ਕੁੜੀਆਂ ਨੂੰ ਪੀ.ਐਮ.ਟੀ., ਬੀ.ਡੀ.ਐਸ., ਜੀ.ਐਨ.ਐਮ ਅਤੇ ਕਰਵਾਉਣ ਵਾਲਾ ਕਾਲਜ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ। ਉਸ ਵੱਲੋਂ ਕਾਲਜ ਦੀ ਲੰਬੀ ਚੌੜੀ ਅਤੇ ਦੋ ਮੰਜ਼ਲੀ ਆਲੀਸ਼ਾਨ ਇਮਾਰਤ ਬਣਵਾਈ ਗਈ ਸੀ। ਭਲ੍ਹਾ ਆਪਣੇ ਭਰਾ ਦੀ ਇਮਾਰਤ, ਵੈਨ, ਬਸ ਕਾਰ ਵਗੈਰਾ ਨੂੰ ਦੇਖ ਕੇ ਆਖਦਾ
‘‘ਸ਼ੁਕਰ ਐ ਵਾਹਿਗੁਰੂ ਤੂੰ ਸਾਡੇ ’ਤੇ ਮਿਹਰ ਕੀਤੀ ਐ।’’
ਉਸ ਦਿਨ ਤਾਂ ਭਲ੍ਹੇ ਦਾ ਧਰਤੀ ’ਤੇ ਪੈਰ ਨਹੀਂ ਲੱਗ ਰਿਹਾ ਸੀ। ਜਿਸ ਦਿਨ ਵਿੰਦਰ ਅਤੇ ਭਲ੍ਹੇ ਨੇ ਆਪਣੇ ਪਿਤਾ ਦੀ ਗੰਭੀਰ ਬਿਮਾਰੀ ਦਾ ਇਲਾਜ ਕਰਵਾਉਣ ਖਾਤਰ ਪੈਸੇ ਪ੍ਰਾਪਤ ਕਰਨ ਲਈ ਆਪਣੀ ਗਹਿਣੇ ਕਰੀ ਗਈ ਪੱਚੀ ਘੁੰਮਾਂ ਜ਼ਮੀਨ ਪਿੰਡ ਦੇ ਸਰਦਾਰ ਕੋਲੋਂ ਵਾਪਿਸ ਲਈ। ਕੁਝ ਹੀ ਸਾਲਾਾਂ ਵਿੱਚ ਭਲ੍ਹੇ ਅਤੇ ਵਿੰਦਰ ਦੇ ਖੇਤਾਂ ਵਿੱਚ ਟਰੈਕਟਰ, ਮੋਟਰਾਂ ਵਗੈਰਾ ਚੱਲਣ ਲੱਗ ਪਏ ਸਨ। ਭਲ੍ਹੇ ਨੇ ਊਠ ਦੇ ਹਲ਼ ਨੂੰ ਅਲਵਿਦਾ ਆਖ ਦਿੱਤੀ ਸੀ. ਪਰ ਪਹਿਲਾਂ ਦੀ ਤਰ੍ਹਾਂ ਭਲਾ ਹੁਣ ਪੈਰ੍ਹੀਂ ਰਬੜ ਦੀਆਂ ਚੱਪਲਾਂ, ਗਲ-ਤੇੜ ਸਾਦੇ ਅਤੇ ਸਸਤੇ ਕੱਪੜੇ ਦਾ ਕਮੀਜ਼-ਪਜ਼ਾਮਾ ਤੇ ਗਾਤਰੇ ਛੋਟੀ ਕਿਰਪਾਨ ਪਹਿਨ ਅਤੇ ਸਿਰ ’ਤੇ ਨੀਲੇ ਜਾਂ ਕਾਲੇ ਰੰਗ ਦੀ ਪੱਗ ਬੰਨ੍ਹ ਖੇਤ ਨੂੰ ਜਾਂਦਾ ਸੀ। ਉਸ ਦੇ ਖੇਤ ਨੂੰ ਜਾਂਦੇ ਦੇ ਸਾਈਕਲ ਦੀ ਟੋਕਰੀ ਵਿੱਚ ਖਬਰਾਂ ਵਾਲਾ ਰੇਡੀਓ, ਪਾਣੀ ਵਾਲਾ ਕੂਨਾ ਤੇ ਕੁਝ ਰੋਟੀਆਂ ਵੀ ਹੁੰਦੀਆਂ ਸਨ। ਉਹ ਸਾਈਕਲ ’ਤੇ ਘੱਟ ਹੀ ਚੜ੍ਹਦਾ। ਨਹੀਂ ਤਾਂ ਅਕਸਰ ਹੀ ਸਾਈਕਲ ਰੋੜ ਕੇ ਲੈ ਕੇ ਜਾਂਦਾ। ਖੇਤ ਨੂੰ ਰਾਹੇ ਰਾਹ ਸਾਇਕਲ ਰੋੜ੍ਹੀ ਜਾਂਦੇ ਨੂੰ ਜੇ ਕਦੇ ਰਾਹ ਪਈ ਕੰਡਿਆਂ ਵਾਲੀ ਟਾਹਣੀ ਪਈ ਦਿੱਖਦੀ ਤਾਂ ਝੱਟ ਸਾਈਕਲ ਰੋਕ ਕੇ ਸਟੈਂਡ ਲਾਉਂਦਾ। ਕੰਡਿਆਂ ਵਾਲੀ ਮੋੜੀ ਰਾਹ ਵਿੱਚੋਂ ਚੁੱਕ ਕੇ ਨਜ਼ਦੀਕ ਵਾਲੀ ਵਾੜ੍ਹ ’ਚ ਸਿੱਟਦਾ। ਨੇੜ ਦੀ ਲੰਘਣ ਵਾਲਾ ਕੋਈ ਜੇ ਮਖੌਲੀ ਅੰਦਾਜ਼ ’ਚ ਕਹਿੰਦਾ,
‘ਹੈਂ-ਵਈ-ਭਲ੍ਹਿਆ! ਸੂਹਣ ਲੈ ਕੇ ਰਾਹ ਵਿੱਚ ਮਾਰਿਆ ਕਰ। ਰੱਬ ਫੇਰ ਮਿਲੂ ਤੈਨੂੰ।’’
‘‘ਉਏ-ਭੜੂਇਆ-ਜਹਾਨ ਦਿਆ! ਰੱਬ ਤਾਂ ਮੇਰੇ ਹਿਰਦੇ ’ਚ ਐ।… ਹਿਰਦੇ ਵਾਲਾ ਰੱਬ ਹੀ ਤਾਂ ਮੈਥੋਂ ਰਾਹ ਵਿੱਚ ਖਿੰਡੇ ਕੰਡੇ ਚੁਗਵਾਉਂਦੈ ਤਾਂ ਕਿ ਕਿਸੇ ਰੱਬ ਦੇ ਬੰਦੇ ਦੇ ਪੈਰ੍ਹਾਂ ਵਿੱਚ ਨਾ ਵੱਜਣ।’’ ਉਸ ਵੱਲੋਂ ਦਿੱਤਾ ਅਜਿਹਾ ਜਵਾਬ ਸੁਣ ਮਖੌਲ ਕਰਨ ਵਾਲਾ ਕੰਨ ਲਪੇਟਦਾ ਆਪਣਾ ਰਸਤਾ ਪਕੜਦਾ। ਭਲ੍ਹਾ ਜਦ ਕਦੇ ਰੇਹ, ਤੇਲ, ਰਸਾਇਣ ਖਾਦ ਜਾਂ ਖੇਤੀ ਵਿੱਚ ਵਰਤੀ ਜਾਣ ਵਾਲੀ ਕੋਈ ਹੋਰ ਚੀਜ਼ ਖਰੀਦ ਕੇ ਲਿਆਉਣ ਲਈ ਪੈਸੇ ਲੈਣ ਖਾਤਰ ਆਪਣੇ ਭਰਾ ਵਿੰਦਰ ਦੇ ਕੋਲ ਜਾਂਦਾ ਤਾਂ ਪਹਿਲਾਂ ਵਿੰਦਰ ਦੇ ਕਾਲਜ ਦੇ ਬਾਹਰਲੇ ਲੰਬੇ-ਚੌੜੇ ਖੁੱਲੇ ਡੁੱਲੇ ਗੇਟ ਮੂਹਰੇ ਰੁਕ ਕੇ ਪੈਰਾਂ ਵਿੱਚੋਂ ਚੱਪਲਾਂ ਲਾਹੁੰਦਾ। ਫੇਰ ਕੋਡਾ ਹੋਕੇ ਤੇ ਦੋਵੇਂ ਹੱਥ ਜੋੜਕੇ, ਗੁਰੂ ਗ੍ਰੰਥ ਸਾਹਿਬ ਮੂਹਰੇ ਮੱਥਾ ਟੇਕਣ ਵਾਲਿਆਂ ਵਾਂਗੂੰ ਕਾਲਜ ਨੂੰ ਨਮਸਕਾਰ ਕਰਦਾ। ਗੇਟ ’ਤੇ ਬੈਠਾ ਗੇਟਕੀਪਰ ਉਸ ਨੂੰ ਇਉਂ ਮੱਥਾ ਟੇਕ ਦਾ ਦੇਖ ਬੁਲ੍ਹਾਂ ਵਿੱਚ ਮੁਸਕਰਾਉਂਦਾ। ਉਹ ਉਸ ਦੀ ਮੁਸਕਰਾਹਟ ਨੂੰ ਦੇਖ ਆਖਦਾ,
‘‘ਓਏ-ਭਾਈ ਛੋਟਿਆ! ਏਸ ਕਾਲਜ ਦੀ ਮਹਾਨਤਾ ਕਿਸੇ ਗੁਰੂ ਘਰ, ਮੰਦਰ, ਮਸੀਤ ਨਾਲੋਂ ਘੱਟ ਨਹੀਂ। ਇਹ ਸਾਰੀਆਂ ਧਾਰਮਿਕ ਥਾਵਾਂ ਪੁਰਸ਼ ਨੂੰ ਅਧਿਆਤਮਕ ਸਿੱਖਿਆ ਦਿੰਦੀਐਂ।.. ਪਰ ਮੇਰੇ ਭਾਈ ਦਾ ਇਹ ਕਾਲਜ ਬੱਚੇ ਬੱਚੀਆਂ ਨੂੰ ਲੋਕਾਂ ਦਾ ਭਲ੍ਹਾ ਕਰਨ ਦੇ ਕੋਰਸ ਕਰਵਾਉਂਦੈਂ। ਏਸ ਕਾਲਜ ਵਿਚੋਂ ਕੋਰਸ ਕਰਕੇ ਕਿੰਨੇ ਹੀ ਬੱਚੇ ਬੱਚੀਆਂ ਡਾਕਧਾਰ ਤੇ ਨਰਸਾਂ ਬਣੇ। ਜਿਹੜੇ ਅੱਜ ਕਿੰਨੇ ਹੀ ਪਿੰਡਾਂ ਮੰਡੀਆਂ ਵਿੱਚ ਬਿਮਾਰਾਂ-ਠਮਾਰਾਂ ਦਾ ਇਲਾਜ ਕਰਦੇ ਐ ਤੇ ਟੁਕੜੇ ਦੇ ਸਿਰੇ ਹੋਈਐਂ… ਏਸ ਲੋਕਾਂ ਦੇ ਬੱਚੇ ਏਥੇ ਤਾਂ ਸੌਖੇ ਕੋਰਸ ਕਰਕੇ ਟੁਕੜੇ ਦੇ ਸਿਰੇ ਹੋ ਜਾਂਦੇ ਐ। ਪਰ ਇਨ੍ਹਾਂ ਨੂੰ ਦੂਰ ਦੁਰਾਡੇ ਦੇ ਵੱਡੇ ਤੇ ਮਹਿੰਗੇ ਸ਼ਹਿਰਾਂ ਵਿੱਚ ਕੋਰਸ ਕਰਨੇ ਨਸੀਬ ਨਹੀਂ ਹੋਣੇ ਸੀ।’’
‘ਬਾਬਾ! ਇਹ ਤਾਂ ਤੇਰੀ ਗੱਲ ਸੌ ਫੀਸਦੀ ਠੀਕ ਐ।’ ਗੇਟ-ਕੀਪਰ ਅਨਪੜ੍ਹ ਭਲ੍ਹੇ ਆਦਮੀ ਦੇ ਮੂੰਹੋਂ ਨਿਕਲੀ ਖਰੀ ਗੱਲ ਸੁਣ ਮੋਮ ਵਾਂਗ ਪਿਘਲਦਾ। ਉਹਨੂੰ ਉਹ ਸਿਆਣੇ ਬੰਦੇ ਦੇ ਰੂਪ ਵਿੱਚ ਨਜ਼ਰ ਆਉਣ ਲੱਗਦਾ। ਭਲ੍ਹਾ ਆਦਮੀ ਕਾਲਦ ਦਾ ਗੇਟ ਲੰਘ ਕੇ ਜਦ ਕਾਲਜ ਅੰਦਰਲੇ ਵਧੀਆ ਅਤੇ ਫੁੱਟ ਬੂਟਿਆਂ ਵਾਲੇ ਮਾਹੌਲ ਨੂੰ ਦੇਖਦਾ ਤਾਂ ਉਸ ਦੀ ਰੂਹ ਨਸ਼ਿਆਈ ਜਾਂਦੀ। ਉਹ ਚਿੱਟੇ ਕੋਟਾਂ ਅਤੇ ਨੀਲੀਆਂ, ਗਾਜਰ ਰੰਗੀਆਂ ਵਰਦੀਆਂ ਵਾਲੀਆਂ ਲੜਕੀਆਂ ਦੀਆਂ ਟੋਲੀਆਂ ਨੂੰ ਧੀਆਂ ਵਾਂਗੂੰ ਤੱਕਦਾ ਮਨ ਈ ਮਨ ਵਿੱਚ ਬੇਹੱਦ ਖੁਸ਼ ਹੁੰਦਾ, ਆਪਣੇ ਭਰਾ ਵਿੰਦਰ, ਜੋ ਕਾਲਜ ਦਾ ਫਾਊਡਰ ਡਾਇਰੈਕਟਰ ਸੀ, ਦੇ ਏ.ਸੀ. ਅਤੇ ਮਹਿੰਗੇ ਫਰਨੀਚਰ ਤੇ ਗਲੀਚਿਆਂ ਵਾਲੇ ਆਫਿਸ ਮੂਹਰੇ ਪੈਰਾਂ ਵਿਚਲੀਆਂ ਚੱਪਲਾਂ ਲਾਹਕੇ ਇਕ ਪਾਸੇ ਰੱਖਦਾ। ਆਪ ਆਪਣੇ ਘਰ ਦੀ ਸਬਾਤ ਵਿੱਚ ਦਾਖਲ ਹੋਣ ਵਾਲੇ ਅੰਦਾਜ਼ ਨਾਲ ਦਫਤਰ ਵਿੱਚ ਜਾਂਦਾ। ਡਾਇਰੈਕਟਰ ਦੀ ਕੁਰਸੀ ’ਤੇ ਕੀਮਤੀ ਪਹਿਰਾਵਾ ਪਹਿਨੀ ਬੈਠਾ ਵਿੰਦਰ ਆਪਣੀ ਐਨਕ ਦੇ ਸੀਸਿਆਂ ਵਿਚਦੀ ਅਪਣੱਤ ਅਤੇ ਸਤਿਕਾਰ ਫਰੀ ਨਜ਼ਰ ਨਾਲ ਤੱਕਦਾ, ਉਸ ਨੂੰ ਸਾਹਮਣੇ ਪਈ ਗੱਦੇਦਾਰ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕਰਕੇ ਆਖਦਾ,
‘‘ਬਾਈ! ਤੂੰ ਜੁੱਤੀ ਬਾਹਰ ਲਾਹ ਕੇ ਕਿਉਂ ਆਉਨਾ ਹੁੰਨੈ? ਤੈਨੂੰ ਪਹਿਲਾਂ ਵੀ ਮੈਂ ਇਹ ਆਖ ਚੁੱਕਿਐ ਕਈ ਵਾਰ।’’
(ਬਾਕੀ ਅਗਲੇ ਐਤਵਾਰ ਅੰਕ ਵਿੱਚ)
ਡਾ. ਨਗਿੰਦਰ ਸਿੰਘ ਹਰੀਕਾ ਸੰਪਰਕ : 98760-34567, 98155-90400
ਮੈਡੀਕਲ ਮਾਹਿਰ, ਲੇਖਕ, ਗੁਣੀ ਇਨਸਾਨ ਅਤੇ ਵਿਦਿਆ ਦਾਨੀ
ਪਿੰਡ ਨੰਗਲ ਕਲਾਂ (ਮਾਨਸਾ)


