ਮਨੁੱਖ ਉਮਰ ਦੇ ਕਿਸੇ ਵੀ ਪੜਾਅ ’ਤੇ ਅੱਪੜ ਜਾਵੇ, ਬਚਪਨ ਕਦੇ ਨਹੀਂ ਭੁੱਲਦਾ। ਓਸ ਬੇਫਿਰਕੀ ਦੇ ਆਲਮ ਵਾਲੀ ਉਮਰ ਨੂੰ ਮੁੜ ਮੁੜ ਲੋਚਦੈ। ਇਸੇ ਤਰ੍ਹਾਂ ਮਨੁੱਖ ਕਿਸੇ ਵੀ ਥਾਂ ਜਾ ਵੱਸੇ ਆਪਣੇ ਗਰਾਂ ਨਾਲ ਉਹਦਾ ਮੋਹ ਨਾ ਸਿਰਫ ਬਣਿਆ ਰਹਿੰਦੈ ਸਗੋਂ ਦੂਰ ਜਾਕੇ ਹੋਰ ਵਧਦੈ। ਇਹਨਾਂ ਦੋਹਾਂ ਦਾ ਆਪੋ ਵਿਚ ਬੜਾ ਗੂੜ੍ਹਾ ਸਬੰਧ ਵੀ ਹੈ। ਬਚਪਨ ਪਿੰਡ ਵਿੱਚ ਤੇ ਪਿੰਡ ਬਚਪਨ ਵਿਚ ਪੂਰੀ ਤਰ੍ਹਾਂ ਰਲਗੱਡ ਹੁੰਦੇ ਹਨ। ਪਰ ਕੁਦਰਤ ਦਾ ਵਰਤਾਰੇ ’ਚ ਬੱਝਿਆ ਬੰਦਾ ਹਮੇਸ਼ਾ ਬਾਲਪਨ ਦੀ ਅਵਸਥਾ ਵਿਚ ਨਹੀਂ ਰਹਿ ਸਕਦਾ, ਇਸੇ ਤਰ੍ਹਾਂ ਉਪਜੀਵਕਾ ਦੀਆਂ ਲੋੜਾਂ ਬੰਦੇ ਨੂੰ ਪਿੰਡੋਂ ਪਰਵਾਸ ਦੇ ਰਾਹ ਟੋਰਦੀਆਂ ਹਨ। ਪਿੰਡਾਂ ਬਾਰੇ, ਬਚਪਨ ਬਾਰੇ ਲਿਖਿਆ, ਗਾਇਆ ਤੇ ਫ਼ਿਲਮਾਇਆ (ਦਿਖਾਇਆ) ਗਿਆ ਮਸੌਦਾ ਇਸੇ ਕਰਕੇ ਸਾਨੂੰ ਟੁੰਬਦੈ, ਰੁਆ ਵੀ ਛੱਡਦੈ।
‘ਨਾਦ ਪ੍ਰੋਡਕਸ਼ਨ’ ਨੇ ਹਾਲ ਹੀ ਵਿਚ ਸਤਾਰਾਂ ਕੁ ਮਿੰਟਾਂ ਦੀ ਇਸ ਸੰਗੀਤਕ ਫ਼ਿਲਮ ਵਿਚ ਰਿਲੀਜ਼ ਕੀਤੀ ਹੈ। ਇਸ ਫ਼ਿਲਮ ਵਿਚੋਂ ਪੰਜਾਬ ਦੇ ਪਿੰਡਾਂ ਦੀ ਅਤੀਤ ਵਿਚ ਗੁਆਚੀ ਨੁਹਾਰ, ਪਿੰਡਾਂ ਦੇ ਖੁੱਲ੍ਹਾ –ਡੁੱਲ੍ਹਾ ਤੇ ਸਾਦ ਮੁਰਾਦੇ ਜਿਉਣ ਢੰਗ ਦੀ ਤਸਵੀਰਕਸ਼ੀ ਤੇ ਬਚਪਨ ਦੀਆਂ ਅਭੁੱਲ ਯਾਦਾਂ ਦਾ ਸੁਚੱਜਾ ਝਲਕਾਰਾ ਹੈ।
ਚੁੱਲ੍ਹੇ ਦਾ ਨਿੱਘ ਵੀ ਮਾਣ ਲਈਏ
ਜਿੱਥੇ ਅੰਮੀ ਫੁਲਕੇ ਲਹੁੰਦੀ ਸੀ
ਮੈਂ ਉਹਦੀ ਬੁੱਕਲੇ ਜਾ ਬਹਿੰਦਾ
ਤੂੰ ਨੇੜੇ ਪੀੜ੍ਹੀ ਡਹੁੰਦੀ ਸੀ
ਤੂੰ ਕੋਮਲ ਕੋਮਲ ਹੱਥਾਂ ਸੰਗ
ਚੁੱਲ੍ਹੇ ਸਿੱਕਰੀਆਂ ਪਾਉਂਦੀ ਸੀ
ਅੰਮੀਂ ਦੇ ਬਿਨ ਆਖਿਆਂ ਭੈਣੇ
ਚੁੱਕ ਫੂਕਣੀ ਅੱਗ ਮਘਾਉਂਦੀ ਸੀ
ਤੇ ਧੂੰਏਂ ਅੱਖ ਮਚਾਉਂਦੀ ਸੀ
ਦੇਸੀ ਘਿਓ ਦੀ ਕੁੱਟ ਚੂਰੀ ਮਾਂ
ਰੀਝਾਂ ਨਾਲ ਖਵਾਉਂਦੀ ਸੀ।
ਇਸ ਸੰਗੀਤ ਫ਼ਿਲਮ (ਜਾਂ ਮਹਾਂਗੀਤ) ਦਾ ਮੁੱਢ ਮੂੰਹ ਬੋਲੇ ਭੈਣ ਭਰਾ ਡਾ: ਸੀਮਾ ਗਰੇਵਾਲ ਤੇ ਹਰਮਨਜੀਤ ਦੀ ਫੇਸਬੁੱਕ ’ਤੇ ਹੋਈ ਕਾਵਿਕ ਜੁਗਲਬੰਦੀ ਹੈ। ਇਸ ਜੁਗਲਬੰਦੀ ਨੂੰ ਪੜ੍ਹਨ ਮਗਰੋਂ ਕੈਨੇਡਾ ਵਾਸੀ ਗਾਇਕ ਗਗਨਦੀਪ ਨੇ ਇਸ ਨੂੰ ਰਿਕਾਰਡ ਕਰਨ ਦਾ ਮਨ ਬਣਾਇਆ। ਉਸਨੇ ਇਸ ਲੰਮੇ ਕਾਵਿ-ਸੰਵਾਦ ਦੇ ਕੁਝ ਹਿੱਸੇ ਚੁਣੇ ਤੇ ਕੁਝ ਅੰਸ਼ ਆਪਣੇ ਕੋਲੋਂ ਲਿਖੇ। ਇੰਜ ਇਹ ਤਿੰਨ ਸ਼ਾਇਰਾਂ ਦੀ ਲਿਖੀ ਰਚਨਾ ਹੈ।
ਗਗਨਦੀਪ ਸਿੰਘ ਨੇ ਇਸ ਭਾਵੁਕਤਾ ਭਰੀ ਰਚਨਾ ਨੂੰ ਉਘੀ ਗਾਇਕਾ ਮਨਪ੍ਰੀਤ ਅਖ਼ਤਰ ਨਾਲ ਰਿਕਾਰਡ ਕੀਤਾ ਹੈ। ਬੋਲ ਸੁਣਨ ਵਾਲੇ ਨੂੰ ਉਂਗਲ ਫੜ੍ਹਕੇ ਯਾਦਾਂ ਦੇ ਪੈਂਡਿਆਂ ’ਤੇ ਟੋਰ ਲਿਜਾਂਦੇ ਹਨ। ਪਿੰਡਾਂ ਦੀਆਂ ਪੁਰਾਣੀਆਂ ਖੇਡਾਂ, ਰਸਮੋ-ਰਿਵਾਜ਼, ਸੰਦ-ਸੱਪਾ, ਰੁੱਖ-ਰਾਹ, ਭਾਂਡੇ ਟੀਂਡੇ, ਬਚਪਨ ਦੀਆਂ ਸ਼ਰਾਰਤਾਂ ਤੇ ਨਿਰਛਲਤਾ, ਤੀਆਂ ਦੀਆਂ ਰੌਣਕਾਂ, ਕਈ ਕਈ ਦਿਨ ਚੱਲਦੇ ਵਿਆਹਾਂ, ਕਿੰਨਾ ਕੁਝ ਉਜਾਗਰ ਹੁੰਦਾ ਹੈ, ਜਿਸ ਨੂੰ ਸੁਣਿਆਂ ਹੀ ਬਣਦੈ।
ਜਦ ਮੈਂ ਤੇਰਾ ਬੰਟਿਆਂ ਦਾ ਇਕ
ਭਰਿਆ ਬੁੱਕ ਡੁਲਾ ਦਿੱਤਾ
ਜਦੋਂ ਤੂੰ ਵੀਰੇ ਭੂਤ ਭੂਤ ਦਾ
ਝੂਠਾ ਰੌਲਾ ਪਾ ਦਿੱਤਾ।
ਯਾਦ ਹੈ ਵੀਰੇ ਕਿੰਝ ਤੂੰ
ਲੁਕ ਲੁਕ ਤੀਆਂ ਵੇਖਣ ਆਉਂਦਾ ਸੀ
ਯਾਦ ਹੈ ਕੁੜੀਆਂ ਵਾਂਗੂੰ
ਲੈਕੇ ਚੁੰਨੀ ਝੂਮਰ ਪਾਉਂਦਾ ਸੀ
ਸੋਹਣਿਆਂ ਵੀਰਾ ਓਹੀ ਹਾਸੇ
ਵੇਖਣ ਨੂੰ ਚਿੱਤ ਕਰ ਆਇਆ
ਉਹਨਾਂ ਥਾਵਾਂ ਉੱਤੇ
ਮੱਥਾ ਟੇਕਣ ਨੂੰ ਚਿੱਤ ਕਰ ਆਇਆ।
ਜਿੱਥੇ ਪੁਰਾਤਨ ਪਿੰਡਾਂ ਦੇ ਜੀਵਨ ਨੂੰ ਸ਼ਬਦਾਂ ਵਿਚ ਸੋਹਣਾ ਚਿਤਰਿਆ ਗਿਐ। ਓਥੇ ਔਜਕੇ ਮਾਹੌਲ ’ਤੇ ਚਿੰਤਾ ਦਾ ਇਜ਼ਹਾਰ ਹੈ। ਬਚਪਨ ਬਾਰੇ ਚਿੰਤਾ ਦੇਖੋ :
ਨਾ ਗਲੀਆਂ ਦੇ ਵਿਚ ਖੇਡ ਰਹੇ
ਹੁਣ ਨਿੱਕੇ ਬਾਲ ਨਿਆਣੇ ਵੇ
ਬੱਸ ਟੀਵੀ ਜੋਗੇ ਰਹਿ ਗਏ ਨੇ
ਉਹ ਢਲ ਗਏ ਵਕਤ ਪੁਰਾਣੇ ਵੇ।
ਅਖ਼ੀਰ ਸਾਡੇ ਵਿਰਸੇ ਪ੍ਰਤੀ ਸਾਡੇ ਅਵੇਸਲੇਪਨ ਜਾਂ ਗੁਆਚ ਗਏ ਨੂੰ ਸਾਂਝ ਨਾ ਸਕਣ ਕਾਰਨ ਸ਼ਰਮਿੰਦਗੀ ਤੇ ਬੇਬਸੀ ਦਾ ਅਹਿਸਾਸ ਹੈ :
ਕਿਉਂ ਨਹੀਂ ਫਿਰ ਆਪਾਂ ਵੀਰਾ
ਵਿਰਸਾ ਸਾਂਭ ਕੇ ਰੱਖ ਲਿਆ
ਕਿਉਂ ਨਹੁੰਆਂ ਨਾਲੋਂ ਵੀਰਾ ਵੇ
ਮਾਸ ਜਿਹਾ ਹਾਏ ਲੱਥ ਗਿਆ
ਆਉਣ ਵਾਲੀ ਆਏ ਪੀੜ੍ਹੀ ਵੀਰਾ
ਕਿੱਦਾਂ ਸਾਨੂੰ ਕੋਸੂਗੀ
ਮਸਤ ਮਲੰਗਾਂ ਹੋਕੇ ਖੇਡੇ ਆਪਾਂ
ਉਹਨਾਂ ਖੇਡਾਂ ਨੂੰ ਲੋਚੂਗੀ।
ਜਿੱਥੋਂ ਤੱਕ ਫਿਲਮਾਂਕਣ ਦਾ ਸਵਾਲ ਹੈ, ਓਥੇ ਕੁਝ ਹੋਰ ਮਿਹਨਤ ਕੀਤੀ ਗਈ ਹੁੰਦੀ ਤਾਂ ਇਹ ਪੇਸ਼ਕਾਰੀ ਹੋਰ ਸਾਰਥਿਕ ਸਾਬਿਤ ਹੋਣੀ ਸੀ। ਇਸ ਪਿੱਛੇ ਸਮੇਂ ਦੀ ਘਾਟ, ਪੈਸੇ ਦੀ ਘਾਟ, ਤਜ਼ਰਬੇ ਦੀ ਘਾਟ ਵਿਚੋਂ ਕੋਈ ਇਕ ਜਾਂ ਇਹ ਸਾਰੇ ਕਾਰਨ ਹੋ ਸਕਦੇ ਹਨ। ਪਰ ਇਸਦੇ ਬਾਵਜੂਦ ਇਸ ਪੇਸ਼ਕਾਰੀ ਨਾਲ ਜੁੜਿਆ ਹਰੇਕ ਬਸ਼ਰ ਵਧਾਈ ਦਾ ਹੱਕਦਾਰ ਹੈ। ਭਵਿੱਖ ਵਿਚ ਹੋਰ ਚੰਗੇਰੇ ਦੀ ਆਸ ਹੈ।
-ਹਰਮੇਲ ਪਰੀਤ
ਸੰਪਰਕ : 94173 33316


