ਐਸ.ਐਚ.ਓ. ’ਤੇ ਬੇਕਸੂਰ ਮਾਮੇ-ਭਾਣਜੇ ਨੂੰ ਕੁਟਾਪਾ ਚਾੜ੍ਹ ਕੇ ਸਲਾਖ਼ਾਂ ਪਿੱਛੇ ਦੇਣ ਦਾ ਦੋਸ਼
ਜੈਤੋ, 28 ਨਵੰਬਰ (ਜੋਗਿੰਦਰ ਕਾਲੜਾ)- ਇਥੋਂ ਦੇ ਐਸ.ਐਚ.ਓ. ਦੀ ਕਥਿਤ ਜ਼ੋਰਾ-ਜ਼ਬਰੀ ਦੇ ਵਿਰੋਧ ’ਚ ਅੱਜ ਸ਼ਹਿਰੀਆਂ ਨੇ ਨਹਿਰੂ ਪਾਰਕ ਵਿਚ ਮੋਰਚਾ ਲਾਇਆ। ਰੋਹ ’ਚ ਭੜਕ ਰਹੇ ਲੋਕਾਂ ਦਾ ਇਲਜ਼ਾਮ ਸੀ ਕਿ ਪੁਲਿਸ ਮੁਖੀ ਨੇ ਦੋ ਨੌਜਵਾਨਾਂ ਨੂੰ ਉਨ੍ਹਾਂ ਦੀ ਰਿਹਾਇਸ਼ ਨੇੜਿਓਂ ਚੁੱਕਿਆ ਅਤੇ ਬਿਨਾ ਵਜ੍ਹਾ ਕੁਟਾਪਾ ਚਾੜ੍ਹ ਕੇ ਥਾਣੇ ਬੰਦ ਕਰ ਦਿੱਤਾ। ਪਾਰਕ ’ਚ ਪੀੜਤ ਰਵਿੰਦਰ ਕੁਮਾਰ ਅਤੇ ਉਸ ਦਾ ਮਾਮਾ ਕੈਲਾਸ਼ ਕੁਮਾਰ ਵੀ ਸਨ। ਦੋਸ਼ ਲਾਏ ਗਏ ਕਿ ਬੀਤੀ ਰਾਤ ਪੁਲਿਸ ਦੀ ਗੱਡੀ ਵਿਚ ਸਵਾਰ ਐਸ.ਐਚ.ਓ. ਸਣੇ ਚਾਰ ਮੁਲਾਜ਼ਮਾਂ ਨੇ ਦੋਹਾਂ ਨੂੰ ਰਵਿੰਦਰ ਦੇ ਘਰ ਤੋਂ 50 ਕੁ ਗਜ਼ ਦੀ ਦੂਰੀ ’ਤੇ ਮੋਟਰਸਾਈਕਲ ’ਤੇ ਆਉਂਦਿਆਂ ਨੂੰ ਕਥਿਤ ਤੌਰ ’ਤੇ ਰੋਕ ਕੇ ਗਾਲ੍ਹਾਂ ਕੱਢੀਆਂ ਅਤੇ ਕੁੱਟਮਾਰ ਕੀਤੀ। ਕਿਹਾ ਗਿਆ ਕਿ ਵਾਰ-ਵਾਰ ਦੋਹੇਂ ਜਣੇ ਥਾਣੇਦਾਰ ਨੂੰ ਆਪਣੀ ਗੱਲ ਸੁਣਾਉਣ ਲਈ ਦੁਹਾਈ ਪਾਉਂਦੇ ਰਹੇ ਪਰ ਅੱਗੋਂ ਪੁਲਿਸ ਵਾਲੇ ਗੱਲ ਸੁਣਨ ਦੀ ਬਜਾਇ ਥੱਪੜ ’ਤੇ ਥੱਪੜ ਮਾਰਦੇ ਰਹੇ। ਇਸ ਤੋਂ ਬਾਅਦ ਦੋਹਾਂ ਨੂੰ ਥਾਣੇ ਲਿਜਾਇਆ ਗਿਆ। ਦੋਹਾਂ ਨੇ ਦੱਸਿਆ ਕਿ
ਉਨ੍ਹਾਂ ਦਾ ਮੋਟਰਸਾਈਕਲ, ਫ਼ੋਨ ਅਤੇ ਪਰਸ ਕੋਲ ਰੱਖ ਕੇ ਮਗਰੋਂ ਕਿਸੇ ਸਿਫ਼ਾਰਸ਼ ’ਤੇ ਛੱਡ ਦਿੱਤਾ ਗਿਆ। ਲੋਕਾਂ ਨੇ ਇਥੇ ਪੁਲਿਸ ਮੁਖੀ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਥੇ ਹੀ ਭਾਜਪਾ ਆਗੂ ਸੰਦੀਪ ਟੋਨੀ ਸ਼ਰਮਾ ਨੇ ਫ਼ੋਨ ਰਾਹੀਂ ਇਹ ਮਾਮਲਾ ਐਸ.ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਰਾਜੇਸ਼ ਬਾਘਾ ਦੇ ਧਿਆਨ ਵਿਚ ਲਿਆਂਦਾ।
ਜਦੋਂ ਇਹ ਸਭ ਹੋ ਰਿਹਾ ਸੀ ਤਾਂ ਇਸੇ ਦੌਰਾਨ ਕੁਝ ਸਾਲਸੀਆਂ ਨੇ ਵਿਖਾਵਾ ਕਰ ਰਹੇ ਲੋਕਾਂ ਨੂੰ ਥਾਣੇ ਆ ਕੇ ਐਸ.ਐਚ.ਓ. ਨਾਲ ਗੱਲ ਕਰਨ ਲਈ ਕਿਹਾ। ਪ੍ਰਦਰਸ਼ਨਕਾਰੀਆਂ ਨੇ ਪੇਸ਼ਕਸ਼ ਇਹ ਕਹਿ ਕੇ ਠੁਕਰਾ ਦਿੱਤੀ ਕਿ ਜੇ ਗੱਲਬਾਤ ਕਰਨੀ ਹੈ ਤਾਂ ਐਸ.ਐਚ.ਓ. ਖੁਦ ਉਨ੍ਹਾਂ ਕੋਲ ਆਵੇ। ਅੰਤ ਐਸ.ਐਚ.ਓ. ਅਮਰਜੀਤ ਸਿੰਘ ਕੁਲਾਰ ਨੇ ਪਾਰਕ ’ਚ ਪਹੁੰਚ ਕੇ ਸਫ਼ਾਈ ਦਿੱਤੀ ਕਿ ਉਨ੍ਹਾਂ ’ਤੇ ਲੱਗ ਰਹੇ ਇਲਜ਼ਾਮ ਝੂਠੇ ਹਨ। ਪਰ ਉਨ੍ਹਾਂ ਇਹ ਮੰਨਿਆ ਕਿ ਦੋਹਾਂ ਨੂੰ ਗ੍ਰਿਫ਼ਤਾਰੀ ਪਿੱਛੋਂ ਰਿਹਾਅ ਕੀਤਾ ਗਿਆ। ਦੋਹਾਂ ਕੋਲੋਂ ਮੋਬਾਇਲ ਦੇ ਪੰਜ ਸਿਮ ਬਰਾਮਦ ਹੋਏ, ਜਿਨ੍ਹਾਂ ’ਚੋਂ ਦੋ ਚੱਲਦੇ ਸਨ ਅਤੇ ਤਿੰਨ ਬੰਦ ਸਨ। ਗਾਲੀ-ਗਲੋਚ ਜਾਂ ਕੁੱਟਮਾਰ ਕੀਤੇ ਜਾਣ ਤੋਂ ਇਨਕਾਰ ਕਰਨ ’ਤੇ ਲੋਕ ਫਿਰ ਤੈਸ਼ ’ਚ ਆ ਗਏ ਅਤੇ ਗੱਲਬਾਤ ਵਿਚਾਲੇ ਟੁੱਟ ਗਈ। ਕਾਫੀ ਜੱਦੋਜਹਿਦ ਮਗਰੋਂ ਵਿਚੋਲਿਆਂ ਨੇ ਜ਼ੋਰ ਪਾ ਕੇ ਅਖੀਰ ਦੋਹਾਂ ਧਿਰਾਂ ਵਿਚਾਲੇ ਮੰਨਤ-ਮਨੌਤ ਕਰਵਾ ਦਿੱਤੀ। ਪੀੜਤਾਂ ਦੇ ਨਾਲ ਮਾਰਕੀਟ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਰਾਕੇਸ਼ ਕੁਮਾਰ ਘੋਚਾ, ਨੌਜਵਾਨ ਕਾਂਗਰਸੀ ਆਗੂ ਸ਼ਿੱਤੂ ਰੋਮਾਣਾ, ਨੌਜਵਾਨ ਭਾਜਪਾ ਆਗੂ ਸੰਦੀਪ ਟੋਨੀ ਸ਼ਰਮਾ, ਡਾ: ਹਰੀਸ਼ ਚੰਦਰ, ਸੁਨੀਲ ਸ਼ੈਲੀ, ਕੁੱਕੂ ਕੋਛੜ, ਮਾ: ਅਸ਼ੋਕ ਕੁਮਾਰ, ਅਵਤਾਰ ਸਿੰਘ ਕਾਲੜਾ, ਗੁਰਦੀਪ ਸਿੰਘ ਕਾਲੜਾ, ਰਾਜੂ, ਜੋਗਿੰਦਰ ਸਿੰਘ, ਮੋਹਿਤ ਗੋਇਲ ਆਦਿ ਵੀ ਮੌਜੂਦ ਸਨ।
ਡੀਐਸਪੀ ਤੋਂ ਪਤਾ ਕਰਕੇ ਐਸਐਚਓ ਵਿਰੁੱਧ ਕਾਰਵਾਈ ਕਰਾਂਗੇ: ਐਸਐਸਪੀ
ਐਸ.ਐਸ.ਪੀ. ਸੁਖਦੇਵ ਸਿੰਘ ਕਾਹਲੋਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਅਤੇ ਉਹ ਡੀਐਸਪੀ ਤੋਂ ਸਾਰੀ ਜਾਣਕਾਰੀ ਲੈ ਕੇ ਐਸਐਚਓ ਖ਼ਿਲਾਫ਼ ਬਣਦੀ ਕਾਰਵਾਈ ਕਰਨਗੇ।



