ਬਰਨਾਲਾ, 28 ਨਵੰਬਰ- ਕੇਂਦਰੀ ਖੁਰਾਕ ਮੰਤਰਾਲਾ ਦੀ ਤਾਜ਼ਾ ਸੂਚਨਾ ਅਨੁਸਾਰ 1 ਅਪ੍ਰੈਲ 2011 ਤੋਂ ਮਈ 2014 ਤੱਕ ਪੰਜਾਬ ਦੇ ਗੁਦਾਮਾਂ ਵਿੱਚ ਭੰਡਾਰਣ ਦੌਰਾਨ 52.52 ਲੱਖ ਬੋਰੀ ਅਨਾਜ ਗਾਇਬ ਹੋਇਆ ਹੈ। ਜਦੋਂ ਕਿ ਢੋਆ-ਢੁਆਈ ਦੌਰਾਨ 1.83 ਲੱਖ ਬੋਰੀ ਅਨਾਜ ਚਾਰ ਵਰ੍ਹਿਆਂ ਦੌਰਾਨ ਰਾਹਾਂ ’ਚੋਂ ਹੀ ਗਾਇਬ ਹੋਇਆ ਹੈ। ਇਸ ਅਨਾਜ ਦੀ ਕੀਮਤ ਅਰਬਾਂ ਰੁਪਏ ਬਣਦੀ ਹੈ ਜਿਸ ਦਾ ਭਾਰ ਖਰੀਦ ਏਜੰਸੀਆਂ ਨੂੰ ਚੁੱਕਣਾ ਪੈਂਦਾ ਹੈ। ਚਾਲੂ ਮਾਲੀ ਸਾਲ ਦੇ ਦੋ ਮਹੀਨਿਆਂ ਦੌਰਾਨ 2.20 ਲੱਖ ਬੋਰੀ ਅਨਾਜ ਗੁਦਾਮਾਂ ’ਚੋਂ ਉ¤ਡ ਗਿਆ ਹੈ, ਜਦੋਂ ਕਿ ਸਾਲ 2012, 13 ’ਚ 16.54 ਲੱਖ ਬੋਰੀ ਅਨਾਜ ਗੁਦਾਮਾਂ ’ਚੋਂ ਲਾਪਤਾ ਹੋਇਆ ਹੈ। ਦੇਸ਼ ਭਰ ਦੇ ਗੁਦਾਮਾਂ ’ਚੋਂ ਚਾਲੂ ਮਾਲੀ ਸਾਲ ਦੇ ਦੋ ਮਹੀਨਿਆਂ ਦੌਰਾਨ 4.47 ਲੱਖ ਬੋਰੀ ਅਨਾਜ ਗਾਇਬ ਹੋਇਆ ਹੈ। ਜਿਸ ’ਚੋਂ 50 ਫੀਸਦੀ ਇਕੱਲਾ ਪੰਜਾਬ ’ਚੋਂ ਗਾਇਬ ਹੋਇਆ ਹੈ।
ਮਾਹਿਰ ਦੱਸਦੇ ਹਨ ਕਿ ਖਾਸ ਕਰਕੇ ਜਦੋਂ ਝੋਨਾ ਭੰਡਾਰ ਕੀਤਾ ਜਾਂਦਾ ਹੈ ਤਾਂ ਉਦੋਂ ਨਮੀ ਦੀ ਮਾਤਰਾ 15 ਫੀਸਦੀ ਤੱਕ ਹੁੰਦੀ ਹੈ ਅਤੇ ਗੁਦਾਮਾਂ ਵਿੱਚ ਭੰਡਾਰ ਦੌਰਾਨ ਇਹ ਨਮੀ 11 ਤੋਂ 12 ਫੀਸਦੀ ਰਹਿ ਜਾਂਦੀ ਹੈ, ਜਿਸ ਕਰਕੇ ਅਨਾਜ ਦਾ ਵਜ਼ਨ ਘਟ ਜਾਂਦਾ ਹੈ ਅਤੇ ਇਸ ਭੰਡਾਰ ਨੂੰ ਘਾਟੇ ’ਚ ਪਾ ਦਿੱਤਾ ਜਾਂਦਾ ਹੈ। ਪੰਜਾਬ ਦੇ ਗੁਦਾਮਾਂ ’ਚ ਬਹੁਤਾ ਅਨਾਜ ਕੀੜੇ-ਮਕੌੜਿਆਂ ਦੀ ਭੇਟ ਵੀ ਚੜ੍ਹ ਜਾਂਦਾ ਹੈ। ਬਹੁਤ ਸਾਰਾ ਅਨਾਜ ਗੁਦਾਮਾਂ ’ਚ ਸੜ ਜਾਂਦਾ ਹੈ। ਇਸ ਤੋਂ ਇਲਾਵਾ ਚੋਰੀ ਵੀ ਹੋ ਜਾਂਦਾ ਹੈ ਅਤੇ ਅਨਾਜ ਰਸਤਿਆਂ ’ਚ ਵੀ ਗਾਇਬ ਹੋ ਜਾਂਦਾ ਹੈ। ਪੰਜਾਬ ਵਿੱਚੋਂ ਜਦੋਂ ਅਨਾਜ ਦੂਜੇ ਸੂਬਿਆਂ ਵਿੱਚ ਭੇਜਿਆ ਜਾਂਦਾ ਹੈ, ਰਸਤਿਆਂ ’ਚ ਕਾਫੀ ਅਨਾਜ ਚੋਰੀ ਹੋ ਜਾਂਦਾ ਹੈ ਜਾਂ ਫਿਰ ਅਜਾਈਂ ਚਲਾ ਜਾਂਦਾ ਹੈ। ਪੰਜਾਬ ਵਿੱਚ ਅਪ੍ਰੈਲ ਮਈ ਮਹੀਨੇ ’ਚ 1.48 ਲੱਖ ਬੋਰੀ ਅਨਾਜ ਰਸਤਿਆਂ ’ਚੋਂ ਉ¤ਡ ਗਿਆ ਹੈ, ਜਦ ਕਿ ਸਾਲ 2012, 13 ਦੌਰਾਨ 31,980 ਬੋਰੀ ਅਨਾਜ ਰਾਹਾਂ ’ਚੋਂ ਗਾਇਬ ਹੋਇਆ ਸੀ। ਕੇਂਦਰੀ ਮੰਤਰਾਲਾ ਨੇ ਦੱਸਿਆ ਹੈ ਕਿ ਭੰਡਾਰਣ ਦੌਰਾਨ ਘਾਟੇ ਘਟਾਉਣ ਵਾਸਤੇ ਗੁਦਾਮਾਂ ਦੀ ਰਾਖੀ ਸਖਤੀ ਨਾਲ ਕੀਤੀ ਜਾਂਦੀ ਹੈ ਤੇ ਗੁਦਾਮਾਂ ਦੀ ਲਗਾਤਾਰ ਇੰਸਪੈਕਸ਼ਨ ਕੀਤੀ ਜਾਂਦੀ ਹੈ। ਜੋ ਅਨਾਜ ਚੋਰੀ ਵਗੈਰਾ ਹੋ ਜਾਂਦਾ ਹੈ ਉਸ ਦੀ ਪੁਲਿਸ ਰਿਪੋਰਟ ਦਰਜ ਕਰਵਾਈ ਜਾਂਦੀ ਹੈ। ਪੰਜਾਬ ’ਚੋਂ ਕਰੀਬ 52 ਲੱਖ ਬੋਰੀ ਅਨਾਜ ਗੁਦਾਮਾਂ ’ਚੋਂ ਗਾਇਬ ਹੋ ਗਿਆ ਹੈ ਜਦੋਂ ਕਿ ਪੋਣੇ ਦੋ ਲੱਖ ਬੋਰੀ ਅਨਾਜ ਰਸਤਿਆਂ ’ਚੋਂ ਉ¤ਡ ਗਿਆ। ਦੇਸ਼ ’ਚੋਂ ਪੰਜਾਬ ਦਾ ਪਹਿਲਾ ਨੰਬਰ ਹੈ ਜਿੱਥੇ ਭੰਡਾਰਨ ਦੌਰਾਨ ਸਭ ਤੋਂ ਜ਼ਿਆਦਾ ਅਨਾਜ ਗਾਇਬ ਹੋਇਆ ਹੈ। ਕੇਂਦਰੀ ਪੂਲ ਵਿੱਚ ਸਭ ਤੋਂ ਜ਼ਿਆਦਾ ਅਨਾਜ ਦੀ ਹਿੱਸੇਦਾਰੀ ਪੰਜਾਬ ਦੀ ਹੈ। ਪਤਾ ਲੱਗਿਆ ਹੈ ਕਿ ਡੇਢ ਫੀਸਦੀ ਅਨਾਜ ਦਾ ਘਾਟਾ ਤਾਂ ਮੁਆਫ ਕਰਨ ਯੋਗ ਮੰਨਿਆ ਗਿਆ ਹੈ, ਜਦੋਂ ਕਿ ਬਾਕੀ ਘਾਟਾ ਰਾਜ ਏਜੰਸੀਆਂ ਨੂੰ ਪੈ ਜਾਂਦਾ ਹੈ।



