ਗੁਰੂਹਰਸਹਾਏ, 28 ਨਵੰਬਰ- ਪੰਜਾਬ ਅੰਦਰ ਅਕਾਲੀ ਦਲ ਤੇ ਭਾਜਪਾ ਦਰਮਿਆਨ ਚੱਲ ਰਹੀ ਖਿੱਚਧੂਹ ਦਾ ਜਿੱਥੇ ਪੰਜਾਬ ਦੀ ਸਿਆਸਤ ਅੰਦਰ ਆਉਣ ਵਾਲੇ ਦਿਨਾਂ ਵਿੱਚ ਨਵੀਂ ਚਰਚਾ ਛਿੜਨ ਦੇ ਅਸਾਰ ਬਣ ਗਏ ਹਨ ਤੇ ਸਿਆਸੀ ਹਲਕਿਆਂ ਵਿੱਚ ਇਹ ਗੱਲ ਪੂਰੀ ਚਰਚਾ ਵਿੱਚ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਭਾਜਪਾ ਤੇ ਅਕਾਲੀ ਦਲ ਅਲੱਗ ਅਲੱਗ ਹੀ ਲੜਨਗੇ। ਇਸ ਦੇ ਨਾਲ ਭਾਜਪਾ ਅੰਦਰ ਵੀ ਹੇਠਲੇ ਪੱਧਰ ’ਤੇ ਘਮਸਾਨ ਚੱਲ ਰਿਹਾ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਜਨਤਕ ਹੋ ਜਾਣ ਦਾ ਭਾਜਪਾ ਲਈ ਖਦਸ਼ਾ ਹੈ ਜਿਸ ਨਾਲ ਭਾਜਪਾ ਦੇ ਵਕਾਰ ਨੂੰ ਖੋਰਾ ਲੱਗ ਸਕਦਾ ਹੈ। ਕਿਉਂਕਿ ਹਰੇਕ ਵਿਧਾਨ ਸਭਾ ਹਲਕਿਆਂ ਵਿੱਚ ਉਹ ਵਰਕਰ ਜੋ ਕਦੇ ਆਪਣੇ-ਆਪ ਨੂੰ ਭਾਜਪਾ ਦੇ ਵਰਕਰ ਕਹਿਣ ਤੋਂ ਵੀ ਕੰਨੀ ਕਤਰਾਉਂਦੇ ਸਨ ਅੱਜ ਉਹ ਭਾਜਪਾ ਦੇ ਨਾਢੂ ਖਾਂ ਬਣੇ ਫਿਰਦੇ ਹਨ। ਹੁਣ ਤੋਂ ਹੀ ਕਈਆਂ ਨੇ ਜੋ ਪਾਰਟੀ ਨੇਤਾਵਾਂ ਦੇ ਲੀਡਰਾਂ ਦੀ ਨਜ਼ਰ ਵਿੱਚ ਹਾਲੇ ਵਰਕਰ ਹੀ ਨਹੀਂ ਖੁਦ ਨੂੰ ਉਮੀਦਵਾਰ ਦੇ ਦਾਅਵੇਦਾਰ ਮੰਨੀ ਫਿਰਦੇ ਹਨ। ਜ਼ਿਆਦਾਤਰ ਉਨ੍ਹਾਂ ਹਲਕਿਆਂ ਜੋ ਪਹਿਲਾਂ ਅਕਾਲੀ ਦਲ ਤੇ ਭਾਜਪਾ ਦੀ ਵੰਡ ਵਿੱਚ ਹਲਕੇ ਅਕਾਲੀ ਦਲ ਕੋਲ ਹਨ ਉਥੇ ਤਾਂ ਕਈ ਭਾਜਪਾ ਵਰਕਰ ਖੁਦ ਨੂੰ ਆਉਣ ਵਾਲਾ ਵਿਧਾਇਕ ਮੰਨ ਕੇ ਚੱਲ ਰਹੇ ਹਨ। ਸੂਬੇ ਅੰਦਰ ਭਾਜਪਾ ਵੱਲੋਂ ਕੀਤੀ ਜਾ ਰਹੀ
ਭਰਤੀ ਵਿੱਚ ਕੁਝ ਕੁ ਆਗੂ ਹੀ ਰੁਚੀ ਦਿਖਾ ਰਹੇ ਹਨ ਤੇ ਜ਼ਿਆਦਤਰ ਤਾਂ ਫੋਕੀ ਚੌਧਰ ਵਿੱਚ ਹੀ ਗੱਡੀਆਂ ’ਤੇ ਭਾਜਪਾ ਦੀਆਂ ਝੰਡੀਆਂ ਲਗਾ ਕੇ ਘੁੰਮਦੇ ਫਿਰਦੇ ਹਨ। ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਘੜੰਮ ਚੌਧਰੀਆਂ ਦੀਆਂ ਦਾਅਵੇਦਾਰੀਆਂ ਭਾਜਪਾ ਲਈ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਤਰ ਦੀਆਂ ਤਾਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਹੀ ਫੂਕ ਨਿਕਲ ਜਾਣ ਦੇ ਆਸਾਰ ਹਨ ਕਿਉਂਕਿ ਇਨ੍ਹਾਂ ਵਿੱਚੋਂ ਜ਼ਿਆਦਤਰ ਤਾਂ ਆਪਣੇ ਅਸਰ-ਰਸੂਖ ਨਾਲ ਐਮ ਸੀ ਦੀ ਵੀ ਚੋਣ ਜਿੱਤਣ ਦੇ ਕਾਬਲ ਨਹੀਂ ਹਨ। ਅਕਾਲੀ ਦਲ ਵੱਲੋਂ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਨੂੰ ਪਹਿਲਾਂ ਦੀ ਤਰ੍ਹਾਂ ਹੀ ਸੀਟਾਂ ਦੇਣ ਦੀ ਗੱਲ ਆਖੀ ਗਈ ਹੈ ਤੇ ਭਾਜਪਾ ਦੇ ਆਗੂ ਵੀ ਪਹਿਲਾਂ ਦੀ ਤਰ੍ਹਾਂ ਹੀ ਬਣੇ ਸਿਸਟਮ ਵਿੱਚ ਚੋਣਾਂ ਲੜਨ ਦੀ ਗੱਲ ਕਹਿ ਰਹੇ ਹਨ ਪਰ ਇਹ ਆਪੇ ਬਣੇ ਆਗੂ ਸਾਰੀਆਂ ਸੀਟਾਂ ’ਤੇ ਚੋਣਾਂ ਲੜਨ ਦੀ ਗੱਲ ਕਰਕੇ ਦੋਹਾਂ ਪਾਰਟੀਆਂ ਵਿੱਚ ਬਖੇੜਾ ਪਾਉਣ ਦੀਆਂ ਗੱਲਾਂ ਕਰ ਰਹੇ ਹਨ। ਹੁਣ ਭਾਜਪਾ ਦਾ ਕਈ ਥਾਈਂ ਕਾਂਗਰਸੀ ਵਰਕਰਾਂ ਨੂੰ ਪਾਰਟੀ ਵਿੱਚ ਜੋੜਨ ਦਾ ਕੰਮ ਭਾਵੇਂ ਭਾਜਪਾ ਦੇ ਨੇਤਾਵਾਂ ਵੱਲੋਂ ਪੂਰਾ ਸਲਾਹਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਇਹ ਕਾਂਗਰਸੀ ਆਗੂ ਕਿਤੇ ਭਾਜਪਾ ਦੀ ਸ਼ਹਿ ਨਾਲ ਆਪਣੀ ਵਿਰੋਧੀ ਸਰਕਾਰ ਦੇ ਬਾਕੀ ਬਚਦੇ ਦੋ ਸਾਲ ਪੂਰੀ ਕਰਨ ਦੀ ਵਿਉਂਤ ਤਾਂ ਨਹੀਂ।
ਲੋੜ ਹੈ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਇਨ੍ਹਾਂ ਲਿਫਾਫੇਬਾਜ਼ ਵਰਕਰਾਂ ਨੂੰ ਪਾਰਟੀ ਦੇ ਨਿਯਮਾਂ ’ਤੇ ਅਨੁਸ਼ਾਸਨ ਵਿੱਚ ਚੱਲਣ ਵਾਸਤੇ ਹਦਾਇਤ ਕਰਨ ਦੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਭਾਜਪਾ ਦਾ ਹਾਲ ਵੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਵਰਤੀਆਂ ਲੋੜੋਂ ਵੱਧ ਸ਼ਕਤੀਆਂ ਨਾਲ ਜੋ ਹਸ਼ਰ ਅੱਜ ਅਕਾਲੀ ਦਲ ਦੇ ਜਨਤਕ ਵਕਾਰ ਦਾ ਹੋਇਆ ਹੈ ਭਾਜਪਾ ਦਾ ਵੀ ਉਹੀ ਹਸ਼ਰ ਹੋਵੇ ਤੋਂ ਜਗਰੂਕ ਹੋਣ ਦੀ ਲੋੜ ਹੈ ਤੇ ਸਿਰਫ ਉਨ੍ਹਾਂ ਵਰਕਰਾਂ ਤੱਕ ਹੀ ਪਾਰਟੀ ਦੀਆਂ ਸ਼ਕਤੀਆਂ ਸੀਮਿਤ ਰੱਖਣ ਦੀ ਲੋੜ ਹੈ ਜੋ ਉਸਦੇ ਕਾਬਿਲ ਹੋਣ। ਇਸ ਵਿੱਚ ਕੋਈ ਦੂਜੀ ਗੱਲ ਨਹੀਂ ਕਿ ਆਉਣ ਵਾਲਾ ਸਮਾਂ ਭਾਜਪਾ ਦਾ ਹੈ ਪਰ ਇਸ ਸਮੇਂ ਨੂੰ ਸਾਂਭਣ ਦੀ ਲੋੜ ਹੈ।



