Skip to content
Independent perspectives. Global stories.
BREAKING

ਡੇਰਾ ਜੌਹਲਾਂ : ਸੰਗਤ ਤੇ ਪ੍ਰਸ਼ਾਸਨ ਦੀ ਚੌਕਸੀ ਕਾਰਨ ਵੱਡਾ ਸੰਕਟ ਟਲਿਆ

Share this story

ਇੱਕ ਪ੍ਰਵਾਸੀ ਪੰਜਾਬੀ ਵੱਲੋਂ ਡੇਰੇ ਉਪਰ ਕਾਬਜ਼ ਹੋਣ ਦੀ ਸਾਜ਼ਿਸ਼ ਨਾਕਾਮ
ਜਲੰਧਰ, 28 ਨਵੰਬਰ- ਸੰਗਤ ਅਤੇ ਪ੍ਰਸ਼ਾਸਨ ਦੀ ਚੌਕਸੀ ਕਾਰਨ ਸ਼ਹਿਰ ਨੇੜੇ ਸਥਿਤ ਦੁਆਬੇ ਦੇ ਡੇਢ ਸਦੀ ਪੁਰਾਣੇ ਨਿਰਮਲ ਸੰਪਰਦਾ ਨਾਲ ਸਬੰਧਤ ਪ੍ਰਮੁੱਖ ਅਸਥਾਨ ਡੇਰਾ ਗੁਰਦੁਆਰਾ ਸੰਤ ਸਾਗਰ ਚਾਹਵਾਲਾ ਜੌਹਲਾਂ (ਜਲੰਧਰ) ਵਿਖੇ ਕਬਜ਼ਾ ਕਰਨ ਦੀ ਇੱਕ ਕੌਝੀ ਸਾਜਿਸ਼ ਨਾਕਾਮ ਹੋ ਕੇ ਰਹਿ ਗਈ। ਸੰਗਤ ਦੀ ਚਰਚਾ ਮੁਤਾਬਿਕ ਇਹ ਕੌਝੀ ਸਾਜ਼ਿਸ਼ ਪਿੰਡ ਜੌਹਲਾਂ ਦੇ ਹੀ ਇੱਕ ਐਨ ਆਰ ਆਈ ਬਲਵਿੰਦਰ ਸਿੰਘ ਪੁੱਤਰ ਮੋਹਨ ਸਿੰਘ ਜੋ ਕਿ ਸਰੀ ਵਿਖੇ ਦਮਦਮੀ ਟਕਸਾਲ ਨਾਲ ਸਬੰਧਤ ਇੱਕ ਗੁਰਦੁਆਰਾ ਸਾਹਿਬ ਅੰਮ੍ਰਿਤ ਪ੍ਰਕਾਸ਼  ਦਾ ਮੁੱਖ ਸੇਵਾਦਾਰ ਹੈ, ਦੀ ਅਗਵਾਈ ਹੇਠ ਰਚੀ ਗਈ ਸੀ। ਜੇਕਰ ਉਨ੍ਹਾਂ ਦੀ ਇਹ ਨਾਪਾਕ ਕੋਸ਼ਿਸ਼ ਕਾਮਯਾਬ ਹੋ ਜਾਂਦੀ  ਤਾਂ ਪੰਜਾਬ ਇੱਕ ਵਾਰ ਫਿਰ ਨਾਜ਼ੁਕ ਹਾਲਤ ਦਾ ਸ਼ਿਕਾਰ ਹੋ ਸਕਦਾ ਸੀ। ਪ੍ਰੰਤੂ ਸਾਜ਼ਿਸ਼ ਦਾ ਸਮੇਂ ਸਿਰ ਪਤਾ ਲੱਗਣ ’ਤੇ ਇੱਕ ਵੱਡਾ ਦੁਖਾਂਤ ਟਲ ਗਿਆ।

ਇਥੇ ਦੱਸਣਯੋਗ ਹੈ ਕਿ ਡੇਰਾ ਜੌਹਲਾਂ ਦੇ ਮੁਖੀ ਸੰਤ ਬਾਬਾ ਕਰਮ ਸਿੰਘ ਜੀ ਦੀ ਉਮਰ ਇਸ ਵੇਲੇ 95 ਸਾਲ ਦੇ ਕਰੀਬ ਹੈ। ਸਿੱਖ ਸੰਪਰਦਾਵਾਂ ਅਤੇ ਧਾਰਮਿਕ ਹਲਕਿਆਂ ਵਿੱਚ ਉਹ ਇੱਕ ਸਤਿਕਾਰਿਤ ਹਸਤੀ ਵਜੋਂ ਪ੍ਰਵਾਨਿਤ ਹਨ। ਲਗਭਗ ਹਰ ਸਿਆਸੀ ਪਾਰਟੀ ਦੇ ਪ੍ਰਮੁੱਖ ਨੇਤਾਵਾਂ  ਅਤੇ ਸਿੱਖ ਜਥੇਬੰਦੀਆਂ ਦੇ ਮੁੱਖ ਸੇਵਾਦਾਰਾਂ ਦੇ ਮਨ ਅੰਦਰ ਉਨ੍ਹਾਂ ਪ੍ਰਤੀ ਅਤੇ ਇਸ ਅਸਥਾਨ ਪ੍ਰਤੀ ਅਥਾਹ ਮਾਣ ਸਤਿਕਾਰ ਹੈ। ਇਸ ਅਸਥਾਨ ਵੱਲੋਂ ਸੇਵਾ ਕਾਰਜਾਂ ਅਤੇ ਧਰਮ ਦੇ ਪ੍ਰਚਾਰ-ਪ੍ਰਸਾਰ ਵਿੱਚ ਵਿਲੱਖਣ ਯੋਗਦਾਨ ਪਾਇਆ ਗਿਆ ਹੈ। ਸੰਤ ਬਾਬਾ ਕਰਮ ਸਿੰਘ ਜੀ ਨੇ ਸੰਗਤ ਅਤੇ ਸਵੈਇੱਛਾ ਮੁਤਾਬਿਕ ਲੰਘੀ 22 ਅਕਤੂਬਰ ਨੂੰ ਬਾਬਾ ਹਰਜਿੰਦਰ ਸਿੰਘ ਨੂੰ ਆਪਣਾ ਪਰਮ ਸ਼ਿਸ਼ ਅਥਵਾ ਉਤਰ ਅਧਿਕਾਰੀ ਸਥਾਪਿਤ ਕਰ ਦਿੱਤਾ ਸੀ। ਇਹ ਵੀ ਪਤਾ ਲੱਗਾ ਹੈ ਕਿ ਉਸ ਸਮੇਂ ਬਲਵਿੰਦਰ ਸਿੰਘ ਅਤੇ ਉਸ ਦੇ ਸਹਿਯੋਗੀਆਂ ਨੇ ਟੈਲੀਫੋਨ ਅਤੇ ਹੋਰ ਢੰਗ ਤਰੀਕਿਆਂ ਰਾਹੀਂ ਇਸ ਦਸਤਾਰਬੰਦੀ ਨੂੰ ਰੋਕਣ ਦੇ ਕੋਝੇ ਯਤਨ ਕੀਤੇ ਸਨ। ਇਸ ਮਾਮਲੇ ਪ੍ਰਤੀ ਜਲੰਧਰ ਦੇ ਥਾਣਾ ਮਕਸੂਦਾਂ ਵਿਖੇ ਮਹਾਪੁਰਸ਼ਾਂ ਦੇ ਡਰਾਇਵਰ ਭਾਈ ਮਨਜੋਤ ਸਿੰਘ ਦੇ ਬਿਆਨਾਂ ਉਪਰ ਪੁਲਿਸ ਨੇ ਬਲਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਖਿਲਾਫ ਕੇਸ ਵੀ ਦਰਜ ਕਰ ਲਿਆ ਹੈ, ਪ੍ਰੰਤੂ ਹਾਲੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਐਫ ਆਈ ਆਰ ਮੁਤਾਬਿਕ ਬਲਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਸੰਤ ਬਾਬਾ ਕਰਮ ਸਿੰਘ ਨੂੰ ਪਿੰਡ ਰਾਏਪੁਰ ਫੁਰਾਲਾ ਦੇ ਅਸਥਾਨ ਤੋਂ ਮੁੜਦਿਆਂ ਜੋਰ-ਜ਼ਬਰਦਸਤੀ ਜਲੰਧਰ ਨੇੜੇ ਪਿੰਡ ਸਰਮਸਤਪੁਰ ਵਿਖੇ ਸਥਿਤ  ਦਮਦਮੀ ਟਕਸਾਲ ਨਾਲ ਸਬੰਧਤ   ਅਸਥਾਨ ਵਿਖੇ ਲਿਜਾਇਆ ਗਿਆ। ਇਸ ਦੌਰਾਨ ਉਨ੍ਹਾਂ ਨੂੰ ਇੱਕ ਘੰਟੇ ਦੇ ਕਰੀਬ ਇੱਕ ਬੰਦ ਕਮਰੇ ਵਿੱਚ ਰੱਖਿਆ ਗਿਆ। ਇਸ ਦੌਰਾਨ ਇਹ ਪਤਾ ਨਹੀਂ ਲਗ ਸਕਿਆ ਕਿ ਇਹ ਸਭ ਕੁਝ ਕਿਸ ਸਾਜ਼ਿਸ਼ ਅਧੀਨ ਹੋਇਆ ਅਤੇ ਇਸ ਵਿੱਚ ਹੋਰ ਕੌਣ-ਕੌਣ ਸ਼ਾਮਿਲ ਸਨ। ਬੰਦ ਕਮਰੇ ਵਿੱਚ ਸੰਤਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਇਸ ਦੇ ਵੀ ਵੇਰਵੇ ਨਹੀਂ ਮਿਲੇ। ਇੱਥੇ ਹੀ ਬਸ ਨਹੀਂ ਬਾਅਦ ਵਿੱਚ ਸ਼ਾਮੀ 5.30 ਵਜੇ ਡੇਰਾ ਜੌਹਲਾਂ ਅਤੇ ਇਲਾਕੇ ਵਿੱਚ ਇਹ ਸੂਚਨਾ ਮਿਲੀ ਕਿ ਬਲਵਿੰਦਰ ਸਿੰਘ ਦੀ ਅਗਾਵਈ ’ਚ ਕੁਝ ਹਥਿਆਰਬੰਦ ਲੋਕ ਅਸਥਾਨ ਉਪਰ ਕਬਜ਼ਾ ਕਰਨ ਆ ਰਹੇ ਹਨ ਤਾਂ ਸੰਗਤ ਨੂੰ ਗੁਰੂ ਘਰਾਂ ਦੇ ਲਾਊਡ ਸਪੀਕਰਾਂ ਉਪਰ ਇਸ ਦੀ ਜਾਣਕਾਰੀ ਦਿੱਤੀ ਗਈ। ਸੰਗਤ ਅਤੇ  ਜ਼ਿਲ੍ਹਾ ਪ੍ਰਸ਼ਾਸਨ ਦੀ ਤੁਰੰਤ ਕਾਰਵਾਈ ਕਾਰਨ ਉਨ੍ਹਾਂ ਦੀ ਇਹ ਸਾਜ਼ਿਸ਼ ਧਰੀ-ਧਰਾਈ ਰਹਿ ਗਈ ਅਤੇ ਉਹ ਰਸਤੇ ਵਿੱਚੋਂ ਹੀ ਵਾਪਿਸ ਮੁੜ ਗਏ।
ਇਸ ਬੇਹਦ ਮੰਦਭਾਗੀ ਘਟਨਾ ਕਾਰਨ ਇਲਾਕੇ ਦੀ ਸੰਗਤ ਅਤੇ ਪੰਜਾਬ ਦੀਆਂ ਸਿੱਖ ਸੰਪਰਦਾਵਾਂ ਅੰਦਰ ਬੇਹਦ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਧਾਰਮਿਕ ਖੇਤਰ ਵਿੱਚ ਵੱਡਾ ਯੋਗਦਾਨ ਪਾਉਣ ਵਾਲੀਆਂ ਸੰਪਰਦਾਵਾਂ ਨਾਲ ਇਸ ਤਰ੍ਹਾਂ ਦਾ ਧੱਕਾ ਹੋਣ ਲੱਗ ਗਿਆ ਹੈ ਜਿਸ ਦੀਆਂ ਪਹਿਲਾਂ ਵੀ ਕੁਝ ਮਿਸਾਲਾਂ ਮੌਜੂਦ ਹਨ ਤਾਂ ਇਸ ਦੇ ਵਿਰੋਧ ਵਿੱਚ ਸੰਤ ਸੰਪਰਦਾਵਾਂ ਕੋਈ ਵੱਡਾ ਕਦਮ ਚੁੱਕ ਸਕਦੀਆਂ ਹਨ ਜਿਸ ਨਾਲ ਪੰਜਾਬ ਦੇ ਸਿਆਸੀ ਸਮੀਕਰਨ ਤੱਕ ਬਦਲ ਜਾਣਗੇ। ਪੰਜਾਬ ਵਿੱਚ ਨਿਰਮਲੇ ਅਤੇ ਉਦਾਸੀ ਸੰਪਰਦਾ ਨਾਲ ਸਬੰਧਤ 200 ਦੇ ਕਰੀਬ ਅਸਥਾਨ ਹਨ, ਜਿਹੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹੇ ਹਨ, ਪ੍ਰੰਤੂ ਤਾਜ਼ਾ ਘਟਨਾ ਕਾਰਨ ਉਨ੍ਹਾਂ ਨੂੰ ਕੁਝ ਹੋਰ ਸੋਚਣ ਲਈ ਮਜਬੂਰ ਹੋਣਾ ਪੈ ਸਕਦਾ ਹੈ।
ਡੇਰਾ ਜੌਹਲਾਂ ਵਿਖੇ ਇਸ ਵੇਲੇ ਪੂਰੀ ਤਰ੍ਹਾਂ ਸ਼ਾਂਤੀ ਹੈ ਅਤੇ ਸੇਵਾ ਕਾਰਜ ਆਮ ਵਾਂਗ ਚੱਲ ਰਹੇ ਹਨ। ਪੁਲਿਸ ਵੱਲੋਂ ਚੌਕਸੀ ਵਧਾਈ ਹੋਈ ਹੈ। ਦੂਜੇ ਪਾਸੇ ਵੀਰਵਾਰ ਤੋਂ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਨੇਤਾ ਅਤੇ ਸੰਪਰਦਾਵਾਂ ਦੇ ਮਹਾਪੁਰਸ਼ ਬਾਬਾ ਜੀ ਦੀ ਮਿਜਾਜ਼ਪੁਰਸ਼ੀ ਲਈ ਆ ਰਹੇ ਹਨ। ਇਸ ਅਸਥਾਨ ’ਤੇ ਅਨਿਨ ਸੇਵਕ ਪਰਿਵਾਰਾਂ ਵੱਲੋਂ ਇਸ ਅਸਥਾਨ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਪ੍ਰਾਰੰਭ ਕਰਵਾਈ ਗਈ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੰਗਤ ਵਿੱਚ ਫੈਲੇ ਰੋਸ ਦੀ ਪ੍ਰਵਾਹ ਕਰੇ ਅਤੇ ਸਬੰਧਤ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਦੇ ਹੁਕਮ ਦੇਵੇ। ਇਸ ਸਮੁੱਚੀ ਸਾਜ਼ਿਸ਼ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਸ ਨਾਪਾਕ ਸਾਜ਼ਿਸ਼ ਵਿੱਚ ਹੋਰ ਕੌਣ-ਕੌਣ ਸ਼ਾਮਿਲ ਸਨ। ਇਸ ਘਟਨਾ ਸਬੰਧੀ ਪਖ ਜਾਨਣ ਲਈ ਯਤਨਾਂ ਦੇ ਬਾਵਜੂਦ ਬਲਵਿੰਦਰ ਸਿੰਘ ਅਤੇ ਦਮਦਮੀ ਟਕਸਾਲ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। 

WRITTEN BY