ਅੰਮ੍ਰਿਤਸਰ, 28 ਨਵੰਬਰ (ਪਰਦੀਪ ਸ਼ਰਮਾ)- ਲੋਕ ਸਭਾ ’ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਇਸਲਾਮਿਕ ਸਟੇਟ ਵੱਲੋਂ ਬੰਧਕ ਬਣਾਏ ਗਏ 39 ਭਾਰਤੀਆਂ ਦੇ ਮਾਮਲੇ ’ਚ ਸਰਕਾਰ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ, ਤਾਂ ਜੋ ਉਨ੍ਹਾਂ ਨੂੰ ਜੂਨ ਮਹੀਨੇ ’ਚ ਕਥਿਤ ਤੌਰ ’ਤੇ ਮਾਰ ਦੇਣ ਸਬੰਧੀ ਮੀਡੀਆ ’ਚ ਆ ਰਹੀਆਂ ਰਿਪੋਰਟਾਂ ਕਾਰਨ ਖ਼ਰਾਬ ਹੋ ਰਹੀ ਸਥਿਤੀ ’ਤੇ ਕਾਬੂ ਪਾਇਆ ਜਾ ਸਕੇ। ਕੈਪਟਨ ਅਮਰਿੰਦਰ ਨੇ ਪ੍ਰਤੱਖ ਤੌਰ ’ਤੇ ਸੱਚਾਈ ਨਾ ਦੇਖਣ ਵਾਲੇ ਵਿਅਕਤੀਆਂ ਦੇ ਹਵਾਲੇ ਨਾਲ ਬੰਧਕਾਂ ਨੂੰ ਕਤਲ ਕਰਨ ਸਬੰਧੀ ਆ ਰਹੀਆਂ ਰਿਪੋਰਟਾਂ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਪੀੜਤ ਪਰਿਵਾਰਾਂ ਵੱਲੋਂ ਅਜਿਹੀਆਂ ਰਿਪੋਰਟਾਂ ਤੋਂ ਉਭਰ ਪਾਉਣਾ ਬਹੁਤ
ਮੁਸ਼ਕਿਲ ਤੇ ਦਰਦ ਭਰਿਆ ਹੈ। ਉਨ੍ਹਾਂ ਨੇ ਅਫਸੋਸ ਪ੍ਰਗਟਾਇਆ ਹੈ ਕਿ ਸਰਕਾਰ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਦੀ ਚਿੰਤਾ ਤੇ ਪ੍ਰੇਸ਼ਾਨੀ ਨੂੰ ਸਮਝਣ ’ਤੇ ਨਾਕਾਮ ਰਹੀ ਹੈ, ਜਿਨ੍ਹਾਂ ਨੂੰ ਬੀਤੇ 5 ਮਹੀਨਿਆਂ ਤੋਂ ਡੂੰਘੇ ਹਨੇਰੇ ’ਚ ਰੱਖਿਆ ਜਾ ਰਿਹਾ ਹੈ। ਕਾਂਗਰਸ ਆਗੂ ਨੇ ਇਹ ਮਹੀਨਿਆਂ ਤੋਂ ਮਾਮਲੇ ਨੂੰ ਲੈ ਕੇ ਸਰਕਾਰ ਵੱਲੋਂ ਵਰਤੀ ਜਾ ਰਹੀ ਲਾਪਰਵਾਹੀ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹੈਰਾਨੀਜਨਕ ਹੈ ਕਿ ਅਸੀਂ ਬੰਧਕਾਂ ਦੀ ਹਾਲਤ ਬਾਰੇ ਜਾਣਕਾਰੀ ਲੈਣ ਲਈ ਹਾਲੇ ਵੀ ਮੀਡੀਆ ਰਿਪੋਰਟਾਂ ’ਤੇ ਨਿਰਭਰ ਹਾਂ, ਜਦਕਿ ਸਾਡੀ ਸਰਕਾਰ ਪੂਰੀ ਤਰ੍ਹਾਂ ਅਣਜਾਨ ਬਣੀ ਹੋਈ ਹੈ। ਕੈਪਟਨ ਅਮਰਿੰਦਰ ਨੇ ਬੰਧਕਾਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਿਆਂ ਅਤੇ ਮੀਡੀਆ ਰਿਪੋਰਟਾਂ ਦੇ ਗਲਤ ਹੋਣ ਦੀ ਉਮੀਦ ਕਰਦਿਆਂ ਕਿਹਾ ਹੈ ਕਿ ਇਹ ਭਾਰਤ ਸਰਕਾਰ ਵੱਲੋਂ ਇਨ੍ਹਾਂ ਬੰਧਕਾਂ ਨੂੰ ਛੁਡਾਉਣ ਤੇ ਵਾਪਿਸ ਲਿਆਉਣ ਲਈ ਗੰਭੀਰ ਕਦਮ ਚੁੱਕਣਾ ਸਮਾਂ ਹੈ।



