ਨਵੀਂ ਦਿੱਲੀ, 25 ਨਵੰਬਰ (ਪੀ. ਟੀ.)- ਇਕ ਵਿਸ਼ੇਸ਼ ਅਦਾਲਤ ਨੇ ਅੱਜ ਸੀ.ਬੀ.ਆਈ. ਤੋਂ ਪੁੱਛਿਆ ਕਿ ਕੋਲਾ ਬਲਾਕ ਵੰਡ ਘੁਟਾਲਾ ਦੀ ਜਾਂਚ ਦੌਰਾਨ ਕੀ ਉਸ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਪੁੱਛ ਗਿਛ ਕੀਤੀ ਸੀ? ਜਿਨ੍ਹਾਂ ਕੋਲ ਉਸ ਵਕਤ ਕੋਲਾ ਮੰਤਰਾਲਾ ਵੀ ਸੀ। ਇਸ ਮਾਮਲੇ ‘ਚ ਚੋਟੀ ਦੇ ਉਦਯੋਗਪਤੀ ਐਮ.ਬਿੜਲਾ, ਸਾਬਕਾ ਕੋਲਾ ਸਕੱਤਰ ਪੀ.ਸੀ. ਪਾਰੇਖ ਸਮੇਤ ਕਈ ਹੋਰ ਲੋਕਾਂ ਦੇ ਨਾਮ ਸ਼ਾਮਲ ਹਨ। ਵਿਸ਼ੇਸ਼ ਸੀ.ਬੀ.ਆਈ. ਜਸਟਿਸ ਭਰਤ ਪਰਾਸ਼ਰ ਨੇ ਏਜੰਸੀ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਮਾਮਲੇ ’ਚ ਤਤਕਾਲੀ ਕੋਲਾ ਮੰਤਰੀ ਤੋਂ ਪੁੱਛਗਿਛ ਜ਼ਰੂਰੀ ਸੀ। ਕੀ ਉਨ੍ਹਾਂ ਨੂੰ ਜਾਂਚ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਕੀ ਏਜੰਸੀ ਨੂੰ ਨਹੀਂ ਲੱਗਦਾ ਕਿ ਇਕ ਸਪੱਸ਼ਟ ਤਸਵੀਰ ਸਾਹਮਣੇ ਲਿਆਉਣ ਲਈ ਉਨ੍ਹਾਂ ਦਾ ਬਿਆਨ ਜ਼ਰੂਰੀ ਸੀ? ਇਸ ’ਤੇ ਜਵਾਬ ਦਿੰਦੇ ਹੋਏ ਜਾਂਚਕਰਤਾ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰੀਆਂ ਤੋਂ ਜਾਂਚ ਦੌਰਾਨ ਪੁੱਛਗਿਛ ਕੀਤੀ ਸੀ ਅਤੇ ਇਹ ਪਾਇਆ ਗਿਆ ਸੀ ਕਿ ਤਤਕਾਲੀ ਕੋਲਾ ਮੰਤਰੀ ਦਾ ਬਿਆਨ ਜ਼ਰੂਰੀ ਨਹੀਂ ਸੀ ਅਤੇ ਉਨ੍ਹਾਂ ਨੇ ਇਹ ਗੱਲ ਵੀ ਸਪੱਸ਼ਟ ਕੀਤੀ ਕਿ ਤਤਕਾਲੀ ਕੋਲਾ ਮੰਤਰੀ ਤੋਂ ਪੁੱਛ ਗਿਛ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।



