ਡੇਰਾਬੱਸੀ (ਐਸ.ਏ.ਐਸ. ਨਗਰ), 25 ਨਵੰਬਰ (ਪੀ. ਟੀ.)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸਮੂਹ ਵਿਦਿਅਕ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਉਹ ਮਿਆਰੀ ਸਿੱਖਿਆ ਪ੍ਰਦਾਨ ਕਰਵਾਉਣ ਨੂੰ ਮੁੱਖ ਤਰਜੀਹ ਵਜੋਂ ਲੈਣ ਤਾਂ ਜੋ ਭਾਰਤ ਨੂੰ ਸੁਪਰ ਪਾਵਰ ਬਣਾਉਣ ਦਾ ਸੁਫਨਾ ਸਕਾਰ ਕੀਤਾ ਜਾ ਸਕੇ। ਸ. ਬਾਦਲ ਨੇ ਇਹ ਗੱਲ ਥਾਪਰ ਯੂਨੀਵਰਸਿਟੀ ਦੇ ਡੇਰਾਬੱਸੀ ਸਥਿਤ ਐਲ.ਐਮ. ਥਾਪਰ ਸਕੂਲ ਆਫ ਮੈਨੇਜਮੈਂਟ ਕੈਂਪਸ ਦਾ ਉਦਘਾਟਨ ਕਰਨ ਉਪਰੰਤ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਨੂੰ ਤਰਜੀਹ ਦੇਣਾ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਕੇ ਹੀ ਸਹੀ ਅਰਥਾਂ ਵਿੱਚ ਦੇਸ਼ ਜੀ ਸੇਵਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਗਿਣਾਤਮਕਤਾ ਦੀ ਹੋੜ ਵਿੱਚ ਗੁਣਾਤਮਕਤਾ ਅੱਖੋ-ਪਰੋਖੇ ਹੋ ਜਾਂਦੀ ਹੈ, ਇਸੇ ਲਈ ਗੁਣਾਤਮਕਤਾ ਨੂੰ ਪਹਿਲ ਦੇਣਾ ਸਭ ਤੋਂ ਵੱਡੀ ਲੋੜ ਹੈ। ਸ. ਬਾਦਲ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਸਿੱਖਿਆ ਦਾ ਈਕੋ-ਸਿਸਟਮ ਢਾਂਚਾ ਹੋਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਸਿੱਖਿਆ ਖੇਤਰ ਦੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਨਿਊ ਚੰਡੀਗੜ੍ਹ ਵਿੱਚ ਅਜਿਹਾ ਢਾਂਚਾ ਉਸਾਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ
ਸਰਕਾਰ ਵੱਲੋਂ ਨਿਊ ਚੰਡੀਗੜ੍ਹ ਵਿੱਚ ਐਜੂਸਿਤੀ ਤੇ ਮੈਡੀਸਿਟੀ ਬਣਾਈ ਜਾ ਰਹੀ ਹੈ ਜਿੱਥੇ ਪੇਸ਼ੇਵਾਰ ਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਏਅਰਟੈਲ, ਮਹਿੰਦਰਾ ਐਂਡ ਮਹਿੰਦਰਾ ਵੱਲੋਂ ਇਥੇ ਵਿਸ਼ਵ ਪੱਧਰੀ ਅਤਿ-ਆਧੁਨਿਕ ਢਾਂਚਾ ਉਸਾਰਿਆ ਜਾਵੇਗਾ ਜਦੋਂ ਕਿ ਫੋਰਟਿਸ, ਵੇਦਾਂਤਾ, ਅਪੋਲੋ ਵੱਲੋਂ ਮੈਡੀਕਲ ਸਿੱਖਿਆ ਢਾਂਚਾ ਉਸਾਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ’ਤੇ ਮੁਕਾਬਲੇ ਦੇ ਯੋਗ ਬਣਾਉਣ ਲਈ ਸਿੱਖਿਆ ਖੇਤਰ ਵਿੱਚ ਵਿਸ਼ਵ ਪੱਧਰੀ ਢਾਂਚਾ ਉਸਾਰਿਆ ਜਾ ਰਿਹਾ ਹੈ। ਸੂਚਨਾ ਤਕਨਾਲੋਜੀ ਨੂੰ ਮੌਜੂਦਾ ਤਕਨੀਕੀ ਦੌਰ ਦੀ ਰੀੜ੍ਹ ਦੀ ਹੱਡੀ ਕਹਿੰਦਿਆਂ ਉਪ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਪਿੰਡਾਂ ਦੇ ਵਸਨੀਕਾਂ ਨੂੰ ਸੇਵਾਵਾਂ ਦੇਣ ਲਈ 249 ‘ਸੇਵਾ ਕੇਂਦਰ’ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੁਵਿਧਾ ਕੇਂਦਰਾਂ ਜ਼ਰੀਏ ਮੌਜੂਦਾ ਸਮੇਂ 160 ਤੋਂ ਵੱਧ ਨਾਗਰਿਕ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਭਵਿੱਖ ਵਿੱਚ 2174 ਨਾਗਰਿਕ ਸੇਵਾਂ ਕੇਂਦਰਾਂ ਰਾਹੀਂ ਇਨ੍ਹਾਂ ਸੇਵਾਵਾਂ ਦੀ ਗਿਣਤੀ ਵਧਾ ਕੇ ਸਾਲ 2015 ਤੱਕ 249 ਨਾਗਰਿਕ ਸੇਵਾਵਾਂ ਦੇਣ ਦਾ ਟੀਚਾ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਉਸਾਰਿਆ ਜਾ ਰਿਹਾ ਹੈ ਜਿਸ ਵਿੱਚ ਸਮਰੱਥਾਵਾਨ ਬਿਜਲੀ ਉਤਪਾਦਨ, ਚਾਰ ਤੇ ਛੇ ਮਾਰਗੀ ਸੜਕੀ ਨੈਟਵਰਕ, ਹਵਾਈ ਸੰਪਰਕ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਾਧੂ ਬਿਜਲੀ ਪੈਦਾ ਕਰਨ ਵਾਲਾ ਸੂਬਾ ਤਾਂ ਬਣ ਹੀ ਗਿਆ ਹੈ ਜਦੋਂ ਕਿ ਆਉਂਦੇ ਸਾਲ ਤੱਕ ਪੰਜਾਬ ਵਿਸ਼ਵ ਪੱਧਰੀ ਸੜਕੀ ਢਾਂਚੇ ਨਾਲ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਐਸ.ਏ.ਐਸ. ਨਗਰ ਤੇ ਬਠਿੰਡਾ ਹਵਾਈ ਅੱਡੇ ਬਿਲਕੁਲ ਬਣ ਕੇ ਤਿਆਰ ਹਨ ਜਿਸ ਨਾਲ ਪੰਜਾਬ ਦਾ ਹੋਰ ਵਿਕਾਸ ਹੋਵੇਗਾ।
ਥਾਪਰ ਯੂਨੀਵਰਸਿਟੀ ਦੇ ਪ੍ਰਧਾਨ ਅਤੇ ਅਵਾਂਤਾ ਗਰੁੱਪ ਦੇ ਚੇਅਰਮੈਨ ਸ੍ਰੀ ਗੌਤਮ ਥਾਪਰ, ਉਨ੍ਹਾਂ ਦੀ ਟੀਮ ਅਤੇ ਸੋਚ ਨੂੰ ਵਧਾਈ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਸਕੂਲ ਨਾਲ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮਿਲੇਗੀ ਜਿਸ ਨਾਲ ਮੁਕਾਬਲੇ ਦੇ ਯੁੱਗ ਵਿੱਚ ਹਾਣੀ ਸਾਬਤ ਹੋਣਗੇ।
ਉਪ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਦੇ ਮਿੱਥੇ ਨਿਸ਼ਾਨੇ ਦੀ ਤਾਰੀਫ ਕਰਦਿਆਂ ਸ੍ਰੀ ਗੌਤਮ ਥਾਪਰ ਨੇ ਕਿਹਾ ਕਿ ਪੰਜਾਬ ਦੂਜੇ ਸੂਬਿਆਂ ਨਾਲੋਂ ਕਾਫੀ ਅੱਗੇ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਸ. ਬਾਦਲ ਵੱਲੋਂ ਮਿਆਰੀ ਸਿੱਖਿਆ ਦੇਣ ਦੇ ਨਾਲ ਸੂਬੇ ਵਿੱਚ ਬੁਨਿਆਦੀ ਢਾਂਚਾ ਸਿਰਜਣ ਦੇ ਯਤਨ ਸ਼ਲਾਘਾਯੋਗ ਹਨ।
ਇਸ ਮੌਕੇ ਮੁੱਖ ਸੰਸਦੀ ਸਕੱਤਰ ਸ੍ਰੀ ਐਨ.ਕੇ.ਸ਼ਰਮਾ, ਟ੍ਰਿਨਿਟੀ ਕਾਲਜ ਡਬਲਿਨ ਦੇ ਪ੍ਰੋਵੋਸਟ ਤੇ ਪ੍ਰਧਾਨ ਡਾ.ਪੈਟ੍ਰਿਕ ਪਰੈਂਡਰਜਸਟ ਜਿਨ੍ਹਾਂ ਨੇ ਥਾਪਰ ਯੂਨੀਵਰਸਿਟੀ ਨਾਲ ਗੈਰਜੂਏਟ, ਪੋਸਟ ਗਰੈਜੂਏਟ ਪ੍ਰੋਗਰਾਮਾਂ, ਖੋਜ ਅਤੇ ਫੈਕਲਟੀ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਦੇਣ ਦਾ ਆਪਸੀ ਸਹਿਮਤੀ ਦਾ ਸਮਝੌਤਾ ਕੀਤਾ ਹੈ, ਹਾਜ਼ਰ ਸਨ। ਇਸ ਤੋਂ ਪਹਿਲਾਂ ਐਲ.ਐਮ. ਥਾਪਰ ਸਕੂਲ ਆਫ ਮੈਨੇਜਮੈਂਟ ਦੇ ਡਾਇਰੈਕਟਰ ਡਾ.ਪਦਮਾਕੁਮਾਰ ਨਾਇਰ ਅਤੇ ਯੂਨੀਵਰਸਿਟੀ ਦੇ ਡੈਲੀਗੈਟਾਂ ਨੇ ਉਪ ਮੁੱਖ ਮੰਤਰੀ ਸ. ਬਾਦਲ ਦਾ ਨਿੱਘਾ ਸਵਾਗਤ ਕੀਤਾ।



