ਚੰਡੀਗੜ੍ਹ, 25 ਨਵੰਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ’ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਉਸ ਵਲੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਲੋਂ ਰਾਜ ਅੰਦਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਫੀਆ ਵਿਰੁੱਧ ਵਿੱਢੀ ਗਈ ਫੈਸਲਾਕੁੰਨ ਲੜਾਈ ਨੂੰ ਕਮਜ਼ੋਰ ਕਰਨ ਲਈ ਜਾਣਬੁੱਝਕੇ ਅਕਾਲੀ ਆਗੂਆਂ ਦੇ ਨਾਮ ਉਛਾਲੇ ਜਾ ਰਹੇ ਹਨ।ਅੱਜ ਇੱਥੇ ਜਾਰੀ ਇਕ ਸਾਂਝੇ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਅਵਤਾਰ ਸਿੰਘ ਬਰਾੜ ਅਤੇ ਸਾਬਕਾ ਡਿਪਟੀ ਸਪੀਕਰ ਤੇ ਸੀਨੀਅਰ ਕਾਂਗਰਸੀ ਆਗੂ ਪ੍ਰੋ. ਦਰਬਾਰੀ ਲਾਲ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਜਿਸਦਾ ਆਪਣਾ ਪਰਿਵਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ‘ਖੁਸ਼ਹਾਲ’ ਹੋਇਆ ਹੈ, ਵਲੋਂ ਇਸ ਮੁੱਦੇ ’ਤੇ ਭੰਬਲਭੂਸਾ ਪੈਦਾ ਕਰਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਾਲੇ ਕਾਰੋਬਾਰ ਵਿਰੁੱਧ ਸ਼ੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਛੇੜੀ ਗਈ ਮੁਹਿੰਮ ਨੂੰ ਢਾਹ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਸ. ਬਿਕਰਮ ਸਿੰਘ ਮਜੀਠੀਆ , ਜੋ ਨਾਮਵਰ ਮਜੀਠੀਆ ਖਾਨਦਾਨ ਨਾਲ ਸਬੰਧ ਰੱਖਦੇ ਹਨ, ਵਲੋਂ ਖੁਦ ਕਿਸੇ ਨਿਰਪੱਖ ਏਜੰਸੀ ਤੋਂ ਕਿਸੇ ਵੀ ਪੱਧਰ ਦੀ ਜਾਂਚ ਲਈ ਕਿਹਾ ਜਾ ਚੁੱਕਾ ਹੈ, ਤਾਂ ਵੀ ਬਾਜਵਾ ਵਲੋਂ ਉਨ੍ਹਾਂ ਦਾ ਨਾਮ ਉਛਾਲਿਆ ਜਾਣਾ ਉਸਦੇ ਆਪਣੇ ਪੁਰਾਣੇ ਕਮਾਊ ਪੁੱਤਰਾਂ ਨਾਲ ਅਟੁੱਟ ਰਿਸ਼ਤਿਆਂ ਦੀ ਇਕ ਮਿਸਾਲ ਬਣਕੇ ਉਭਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਵਿਚ ਕਾਂਗਰਸ ਦੇ ਮੌਜੂਦਾ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਇਕ ਪੱਤਰ ਲਿਖਕੇ ਪ੍ਰਤਾਪ ਸਿੰਘ ਬਾਜਵਾ ਦੀ ਡਰੱਗ ਮਾਫੀਆ ਤੇ ਅੱਤਵਾਦੀ ਪਿਛੋਕੜ ਵਾਲੇ ਵਿਅਕਤੀਆਂ ਨਾਲ ਕਥਿਤ ਸਾਂਝ ਭਿਆਲੀ ਦਾ ਹਵਾਲਾ ਦਿੰਦਿਆਂ ਉਸਦੇ ਕਿਰਦਾਰ ਅਤੇ ਨੀਅਤ ’ਤੇ ਸਵਾਲ ਉਠਾਏ ਸਨ। ਉਨ੍ਹਾਂ ਕਿਹਾ ਕਿ ਸ੍ਰੀ ਬਾਜਵਾ ਦੇ ਨਸ਼ਾ ਤਸਕਰੀ ਨਾਲ ਕਥਿਤ ਸੰਪਰਕਾਂ ਬਾਰੇ ਕਾਂਗਰਸ ਪਾਰਟੀ ਵਲੋਂ ਜਾਣਬੁੱਝਕੇ ਧਾਰੀ ਗਈ ਚੁੱਪ ਅਤੇ 10 ਜਨਪਥ ਵਲੋਂ ਇਸ ਮੁੱਦੇ ’ਤੇ ਇਕ ਵੀ ਖੰਡਨ ਨਾ ਕੀਤੇ ਜਾਣ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਤਾਪ ਸਿੰਘ ਬਾਜਵਾ ’ਤੇ ਲਾਏ ਗਏ ਦੋਸ਼ਾਂ ਦੀ ਪ੍ਰਮਾਣਿਕਤਾ ਨੂੰ ਤਸਦੀਕ ਕਰ ਦਿੱਤਾ ਹੈ।
ਬਾਜਵਾ ਨੂੰ ਨਸ਼ਾ ਤਸਕਰੀ ਸਰਗਨੇ ਭੋਲਾ ਨਾਲ ਆਪਣੇ ਪੁਰਾਣੇ ਕਰੀਬੀ ਸਬੰਧਾਂ ਨੂੰ ਸਪੱਸ਼ਟ ਕਰਨ ਦੀ ਚੁਣੌਤੀ ਦਿੰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਸਾਲ 2001 ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਲੋਂ ਭੋਲੇ ਵਿਰੁੱਧ ਰਾਮਪੁਰਾ ਫੂਲ ਪੁਲਿਸ ਥਾਣੇ ਵਿਖੇ 3 ਮੁਕੱਦਮੇ ਦਰਜ ਕੀਤੇ ਗਏ ਸਨ ਤਾਂ ਬਾਜਵਾ ਨੇ 2002 ਵਿਚ ਕਾਂਗਰਸ ਸਰਕਾਰ ਬਣਨ ’ਤੇ ਸਭ ਤੋਂ ਪਹਿਲਾਂ ਉਸਨੂੰ ਬਚਾਇਆ ਸੀ। ਉਨ੍ਹਾਂ ਕਿਹਾ ਕਿ ਭੋਲਾ ਆਪਣੇ ਪੁਰਾਣੇ ਆਕਾ ਪ੍ਰਤਾਪ ਸਿੰਘ ਬਾਜਵਾ ਦੇ ਪੁਰਾਣੇ ਕਰਜ਼ੇ ਨੂੰ ਮੋੜਨ ਲਈ ਹੁਣ ਮੁੜ ਗ੍ਰਿਫਤਾਰ ਹੋਣ ’ਤੇ ਅਕਾਲੀ ਆਗੂਆਂ ਦੇ ਨਾਵਾਂ ਦੀ ਰਟ ਲਾ ਰਿਹਾ ਹੈ।
ਦੋਵੇਂ ਆਗੂਆਂ ਨੇ ਅੱਗੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੂੰ ਆਪਣੀਆਂ ਯਾਦਾਂ ਦੀ ਰੀਲ ਨੂੰ ਪਿੱਛੇ ਘੁਮਾਉਂਦਿਆਂ ਇਕ ਵਾਰ ਫਿਰ ਉਹ ਤਸਵੀਰਾਂ ਚੇਤੇ ਕਰਨੀਆਂ ਚਾਹੀਦੀਆਂ ਹਨ ਜਦੋਂ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਹਿਜੰਗ ਸਿੰਘ ਬਾਜਵਾ ਵਲੋਂ ਉਸ ਵੇਲੇ ਦੇ ਪੰਜਾਬ ਕਾਂਗਰਸ ਪ੍ਰਧਾਨ ਤੇ ਬਾਅਦ ਵਿਚ ਪੰਜਾਬ ਦੇ ਮੁੱਖ ਮੰਤਰੀ ਬਣੇ ਸ. ਬੇਅੰਤ ਸਿੰਘ ’ਤੇ ਹਮਲੇ ਦੀ ਸਾਜ਼ਿਸ਼ ਰਚਣ ਲਈ ਪੁੱਛਗਿੱਛ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਫਤਹਿਜੰਗ ਦੇ ਸੁੱਜੇ ਹੋਏ ਅੰਗਾਂ ਦੀਆਂ ਤਸਵੀਰਾਂ ਕੌਮੀ ਨਿਊਜ਼ ਮੈਗਜ਼ੀਨ ‘ਫਰੰਟ ਲਾਇਨ’ ਵਿਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੀ ਕਾਂਗਰਸ ਸਰਕਾਰ ਦੌਰਾਨ ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਮੌਕੇ ਮੌਜ ਮਸਤੀ ਦੌਰਾਨ ਲੱਗੇ ਜਬਰ ਜਨਾਹ ਦੇ ਦੋਸ਼ਾਂ ਤੋਂ ਬਚਣ ਲਈ ਜਾਂਚ ਏਜੰਸੀ ਕੋਲ ਨਿਪੁੰਸਕਤਾ ਪ੍ਰਮਾਣ ਪੱਤਰ ਦਾਖਲ ਕਰਨਾ ਪਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਬਾਜਵਾ ਪਰਿਵਾਰ ਦੇ ਅਸਲੀ ਕਿਰਦਾਰ ਨੂੰ ਬਜ਼ੁਰਗ ਕਾਂਗਰਸੀ ਆਗੂ , ਸੁਤੰਤਰਤਾ ਸੰਗਰਾਮੀ ਤੇ ਸੰਸਦ ਮੈਂਬਰ ਚੌਧਰੀ ਸੁੰਦਰ ਸਿੰਘ ਨੇ ਪ੍ਰਤਾਪ ਦੇ ਪਿਤਾ ਸਤਨਾਮ ਸਿੰਘ ਬਾਜਵਾ ਦੇ ਭੋਗ ਮੌਕੇ ਆਪਣੇ ਸ਼ਰਧਾਂਜਲੀ ਭਾਸ਼ਣ ਦੌਰਾਨ ਬੇਪਰਦ ਕੀਤਾ ਸੀ। ਉਨ੍ਹਾਂ ਕਿਹਾ ਕਿ ਚੌਧਰੀ ਸੁੰਦਰ ਸਿੰਘ ਨੇ ਸਟੇਜ ਤੋਂ ਕਿਹਾ ਸੀ ਕਿ ‘ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋ ਰਿਹਾ ਹੈ ਕਿ ਇਕ ਸਮਗਲਰ ਜੋ ਆਪਸੀ ਰੰਜ਼ਿਸ ਵਿਚ ਮਾਰਿਆ ਗਿਆ ਹੈ , ਨੂੰ ਦੂਜੇ ਬੁਲਾਰਿਆਂ ਵਲੋਂ ਸ਼ਹੀਦ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਉਸਦੀ ਮੌਤ ਨਾਲ ਸਮਾਜ ਅੰਦਰ ਇਕ ਬੇਹੱਦ ਲੋੜੀਂਦੀ ਸਫਾਈ ਹੋਈ ਹੈ ਕਿਉਂਕਿ ਉਸਨੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਈ ਬਣਾਕੇ ਉਨ੍ਹਾਂ ਦੀਆਂ ਜਿੰਦਗੀਆਂ ਤੇ ਪਰਿਵਾਰਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਸੀ। ਉਨ੍ਹਾਂ ਕਿਹਾ ਕਿ ਆਪਣੇ ਪਾਰਟੀ ਦੇ ਆਗੂਆਂ ਨੂੰ ਦਬਾਉਣ ਤੇ ਫਿਰ ਆਪਣੇ ਸਿਆਸੀ ਵਿਰੋਧੀਆਂ ’ਤੇ ਹਮਲੇ ਕਰਨ ਲਈ ਮੁਜਰਮਾਂ ਦੀ ਵਰਤੋਂ ਕਰਨਾ ਬਾਜਵਾ ਦਾ ਪੁਰਾਣਾ ਕੰਮਕਾਜ ਦਾ ਅੰਦਾਜ ਹੈ ਤੇ ਇਹ ਗੱਲ ਹੁਣ ਇਕ ਵਾਰ ਫਿਰ ਫਰੀਦਕੋਟ ਵਿਖੇ ਅਸਲਾ ਦੁਕਾਨ ਦੀ ਹੋਈ ਲੁੱਟ ਵਿਚ ਉਸਦੇ ਕਰੀਬੀ ਸਾਥੀ ਪੰਨੂ ਦੀ ਗ੍ਰਿਫਤਾਰੀ ਨਾਲ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਬਾਜਵਾ ਹੀ ਹੈ ਜੋ ਪੰਨੂ ਦਾ ਦਾਖਲਾ ਇਕ ਜਾਅਲੀ ਸ਼ਨਾਖਤੀ ਕਾਰਡ ਜ਼ਰੀਏ ਰਾਹੁਲ ਗਾਂਧੀ ਦੀ ਸਟੇਜ ’ਤੇ ਕਰਵਾਕੇ ਆਪਣੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਦੀ ਜਿੰਦਗੀ ਨੂੰ ਵੀ ਖਤਰੇ ਵਿਚ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਆਗੂ ਆਪਣੇ ਸਿਆਸੀ ਆਕਾਵਾਂ ਪ੍ਰਤੀ ਹੀ ਵਫਾਦਾਰ ਨਹੀਂ ਉਸਤੋਂ ਆਪਣੇ ਰਾਜ ਜਾਂ ਦੇਸ਼ ਪ੍ਰਤੀ ਵਫਾਦਾਰੀ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ?
ਦੋਵਾਂ ਆਗੂਆਂ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਲੀਡਰਸ਼ਿਪ ਕਦੇ ਵੀ ਕਿਸੇ ਵਿਰੁੱਧ ਚਿੱਕੜ ਉਛਾਲਣ ਜਾਂ ਦੋਸ਼ ਲਾਉਣ ਵਿਚ ਯਕੀਨ ਨਹੀਂ ਰੱਖਦੀ ਕਿਉਂਕਿ ਸ. ਪਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ ਅਗਵਾਈ ਵਿਚ ਪਾਰਟੀ ਦਾ ਇਕਲੌਤਾ ਏਜੰਡਾ ਵਿਕਾਸ ਹੈ ਤਾਂ ਜੋ ਰਾਜ ਨੂੰ ਤੇਜੀ ਨਾਲ ਵਿਕਾਸ ਤੇ ਖੁਸ਼ਹਾਲੀ ਦੇ ਰਾਹ ’ਤੇ ਲਿਜਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਰਾਜ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੇ ਲਏ ਗਏ ਪ੍ਰਣ ਨਾਲ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕੁਝ ਕਾਂਗਰਸੀ ਆਗੂਆਂ ਦੇ ਵਪਾਰਕ ਹਿੱਤ ਪ੍ਰਭਾਵਿਤ ਹੋਏ ਹਨ ਜੋ ਇਸ ਲੜਾਈ ਨੂੰ ਲੀਹੋਂ ਲਾਉਣ ਲਈ ਅਕਾਲੀ ਦਲ ਲੀਡਰਸ਼ਿਪ ਦਾ ਨਾਮ ਘਸੀਟਣ ਦਾ ਅਸਫਲ ਯਤਨ ਕਰ ਰਹੇ ਹਨ। ਅਕਾਲੀ ਆਗੂਆਂ ਨੇ ਬਾਜਵਾ ਨੂੰ ਸਪੱਸ਼ਟ ਸ਼ਬਦਾਂ ਵਿਚ ਚੁਣੌਤੀ ਦਿੱਤੀ ਕਿ ਸ਼ੀਸ਼ੇ ਦੇ ਘਰਾਂ ਵਿਚ ਰਹਿਣ ਵਾਲੇ ਦੂਜਿਆਂ ’ਤੇ ਪੱਥਰ ਨਹੀਂ ਸੁੱਟਦੇ। ਉਨ੍ਹਾਂ ਕਿਹਾ ਕਿ ਬਾਜਵਾ ਦੀ ਨਿਰੰਤਰ ਦੂਸ਼ਣਬਾਜੀ ਨੇ ਲੋਕਾਂ ਦੀਆਂ ਨਜ਼ਰਾਂ ਵਿਚ ਉਸਦਾ ਅਸਲੀ ਚਿਹਰਾ ਬੇਨਕਾਬ ਕਰ ਦਿੱਤਾ ਹੈ ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਰਾਜ ਦੀ ਨਸ਼ਿਆਂ ਦੀ ਤਸਕਰੀ ਵਿਰੁੱਧ ਫੈਸਲਾਕੁੰਨ ਲੜਾਈ ਨੂੰ ਲੀਂਹੋ ਲਾਉਣ ਦੀ ਖੇਡ ਨੂੰ ਕਦਾਚਿਤ ਸਫਲ ਨਹੀਂ ਹੋਣ ਦੇਵੇਗੀ।



