ਚੰਡੀਗੜ੍ਹ, 25 ਨਵੰਬਰ (ਪੀ. ਟੀ.)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਮੌਜੂਦਾ ਸਨਅਤੀ ਲੋੜਾਂ ਅਨੁਸਾਰ ਹੁਨਰਮੰਦ ਬਨਾਉਣ ਲਈ ਰਾਜ ਅੰਦਰ ਹੁਨਰ ਵਿਕਾਸ ਨੂੰ ਸਮਰਪਿਤ ਵਿਸ਼ੇਸ਼ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਯੂਨੀਵਰਸਿਟੀਆਂ ਸਥਾਪਤ ਕਰਨ ਲਈ ਨਿੱਜੀ ਸੰਸਥਾਵਾਂ ਨੂੰ ਫਾਸਟ ਟਰੈਕ ਪ੍ਰਵਾਨਗੀਆਂ ਦਿੱਤੀਆਂ ਜਾਣਗੀਆਂ। ਆਈ.ਐਲ. ਐਂਡ ਐਫ. ਐਸ. ਐਜੂਕੇਸ਼ਨ ਤੇ ਤਕਨਾਲੋਜੀ ਸਰਵਿਸਿਜ਼ ਦੇ ਵਫਦ ਨਾਲ ਮੁਲਾਕਾਤ ਦੌਰਾਨ ਸ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਨਵੀਨਤਮ ਹੁਨਰ ਵਿਕਾਸ ਸਿੱਖਿਆ ਅਤੇ ਸਿਖਲਾਈ ਪ੍ਰਦਾਨ ਕਰਨਾ ਚਾਹੁੰਦੀ ਹੈ ਤਾਂ ਕਿ ਉਹ ਸਨਅਤੀ ਖੇਤਰ ’ਚ ਰੋਜਗਾਰ ਦੀਆਂ ਮੌਜੂਦ ਵਿਸ਼ਾਲ ਸੰਭਾਵਨਾਵਾਂ
ਦਾ ਫਾਇਦਾ ਉਠਾ ਸਕਣ। ਉਨ੍ਹਾਂ ਕਿਹਾ ਕਿ ਆਊਂਦੇ ਦਿਹਾਕਿਆਂ ’ਚ ਨਿਰੰਤਰ ਵਾਧੇ ਵਾਲੀ ਵਿਕਾਸ ਦਰ ਹਾਸਿਲ ਕਰਨ ਲਈ ਭਾਰਤ ਲਈ ਹੁਨਰਮੰਦ ਕਾਮਿਆਂ ਨੂੰ ਤਿਆਰ ਕਰਨਾ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸਨਅਤ ਦੀਆਂ ਉਮੀਦਾਂ ਵੱਧਦੀਆਂ ਜਾ ਰਹੀਆਂ ਹਨ ਜਦੋਂ ਕਿ ਹੁਨਰਮੰਦ ਕਾਮਿਆਂ ਦੀ ਵੱਡੀ ਕਮੀ ਹੈ। ਸ. ਬਾਦਲ ਨੇ ਕਿਹਾ ਕਿ ਸਰਕਾਰ, ਸਨਅਤ ਅਤੇ ਸਿੱਖਲਾਈ ਪ੍ਰਦਾਨ ਕਰਨ ਵਾਲੇ ਕਾਲਜਾਂ ਤੇ ਸੰਸਥਾਵਾਂ ਨੂੰ ਹੁਨਰ ਦੇ ਵਿਕਾਸ ਲਈ ਇਕੱਠਿਆਂ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਿੱਜੀ ਸੰਸਥਾਵਾਂ ਨੂੰ ਹੁਨਰ ਵਿਕਾਸ ਪ੍ਰੋਗਰਾਮ ਮੁਹੱਈਆ ਕਰਨ ਲਈ ਸੰਸਥਾਵਾਂ ਸਥਾਪਤ ਕਰਨ ਲਈ ਢੁਕਵਾਂ ਮਾਹੌਲ ਪੈਦਾ ਕਰਨ ਲਈ ਵਚਨਬੱਧ ਹੈ।
ਸਰਹੱਦੀ ਇਲਾਕਿਆਂ ’ਚ ਮੁਡਲੀ ਸਿੱਖਿਆ ਨੂੰ ਮਿਆਰੀ ਬਨਾਉਣ ਦੀ ਲੋੜ ’ਤੇ ਜੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਧ ਤੋਂ ਵੱਧ ਨਿੱਜੀ ਸੰਸਥਾਵਾਂ ਨੂੰ ਸਰਹੱਦੀ ਇਲਾਕਿਆਂ ਦੇ ਸਕੂਲਾਂ ਅੰਦਰ ਮੁਫਤ ਮਿਆਰੀ ਸਿੱਖਿਆ ਪ੍ਰਦਾਨ ਕਰਨ ’ਚ ਹਿੱਸੇਦਾਰੀ ਲਈ ਇੱਛੁਕ ਬਨਾਉਣ ਲਈ ਕਰਾਸ ਸਬਸਿਡੀ ਅਤੇ ਹੋਰ ਢੁਕਵੇਂ ਮਾਪਦੰਢ ਅਪਣਾਏਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਇਸ ਮਹਾਨ ਸਮਾਜਕ ਕਾਰਜ ’ਚ ਦਿਲਚਸਪੀ ਰੱਖਣ ਵਾਲੀਆਂ ਨਿੱਜੀ ਸੰਸਥਾਵਾਂ ਨੂੰ ਹਰ ਤਰ੍ਹਾਂ ਦੀ ਸੰਭਵ ਮਦਦ ਪਹੁੰਚਾਉਣ ਲਈ ਵਚਨਬੱਧ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਸਕੂਲਾਂ ਅੰਦਰ ਕਾਰੋਬਾਰੀ ਸਿੱਖਿਆ ’ਤੇ ਵੀ ਜੋਰ ਦੇ ਰਹੀ ਹੈ। ਸ. ਬਾਦਲ ਨੇ ਕਿਹਾ ਕਿ ਹਾਲਾਂਕਿ ਸਰਕਾਰ ਵੱਲੋਂ ਕਾਰੋਬਾਰੀ ਸਿੱਖਿਆ ਨਾਲ ਸਬੰਧਤ ਪਾਠਕ੍ਰਮ ਲਾਗੂ ਕਰਨ ਅਤੇ ਪ੍ਰੈਕਟੀਕਲ ਸਿੱਖਿਆ ਦੇਣ ਲਈ ਕਈ ਕਦਮ ਪੁੱਟੇ ਗਏ ਹਨ ਪਰ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਅਧਿਆਪਕਾਂ ਅਤੇ ਮਾਪਿਆਂ ਵਿੱਚ ਸਿੱਖਿਆ ਨੂੰ ਲੈ ਕੇ ਸੋਚ ’ਚ ਤਬਦੀਲੀ ਲਿਆਉਣ ਦੀ ਲੋੜ ਹੈ। ਉਨ੍ਹਾਂ ਨਿੱਜੀ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਉਹ ਕਾਰੋਬਾਰੀ ਸਿੱਖਿਆ ਤੇ ਸਿਖਲਾਈ ਦੇ ਖੇਤਰ ’ਚ ਵੀ ਆਪਣਾ ਯੋਗਦਾਨ ਪਾਉਣ। ਇਸ ਮੌਕੇ ਆਈ.ਐਲ. ਐਂਡ ਐਫ. ਐਸ. ਦੇ ਪ੍ਰਤੀਨਿਧੀਆਂ ਨੇ ਸਰਕਾਰ ਨੂੰ ਵਿਸ਼ਾਵਸ਼ ਦਿੱਤਾ ਕਿ ਉਹ ਰਾਜ ਅੰਦਰ ਕਿਤਾ ਮੁਹਾਰਤ ਸਿੱਖਿਆ ਕੇਂਦਰ ਸ਼ੁਰੂ ਕਰਨ ਲਈ ਤਿਆਰ ਹਨ ਅਤੇ ਅਜਿਹੇ ਕੇਂਦਰਾਂ ਵਿਚ ਸਨੱਅਤਾਂ ਦੀ ਲੋੜ ਅਨੁਸਾਰ ਵਿਦਿਆਰਥੀਆਂ ਤੇ ਕਾਮਿਆਂ ਲਈ ਲੋੜੀਂਦਾ ਕਿਤਾ ਮੁਖੀ ਸਿਲੇਬਸ ਮੁਹੱਈਆ ਕਰਵਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਸ੍ਰੀ ਐਨ.ਕੇ. ਸ਼ਰਮਾ, ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ, ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਸ੍ਰੀ ਸੀ. ਰਾਊਲ ਅਤੇ ਸ਼੍ਰੀ ਰਾਕੇਸ਼ ਵਰਮਾ ਸਕੱਤਰ ਪ੍ਰਸ਼ਾਸ਼ਕੀ ਸੁਧਾਰ ਵੀ ਹਾਜ਼ਰ ਸਨ।



