ਚੰਡੀਗੜ੍ਹ, 22 ਨਵੰਬਰ (ਪੀ. ਟੀ.)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਵਚ ਕ੍ਰਿਕਟ ਵਾਂਗ ਸਾਰੀ ਦੁਨੀਆਂ ਵਿਚ ਹਰਮਨਪਿਆਰੀ ਹੋਣ ਦੀ ਸਮਰੱਥਾ ਹੈ ਕਿਉਂਕਿ ਵੇਵ ਕਬੱਡੀ ਵਿਸ਼ਵ ਕੱਪ ਦੀ ਸਫਲਤਾ ਨੇ ਇਸਨੂੰ ਪਹਿਲਾਂ ਹੀ ਸਾਬਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਤੱਕ 4 ਵਿਸ਼ਵ ਕਬੱਡੀ ਕੱਪ ਹੋ ਚੁੱਕੇ ਹਨ ਅਤੇ 5 ਵਾਂ ਵਿਸ਼ਵ ਕਬੱਡੀ ਵੀ 6 ਦਸੰਬਰ ਤੋਂ ਕਰਵਾਇਆ ਜਾ ਰਿਹਾ ਹੈ। ਅੱਜ ਇੱਥੇ ਵੇਵ ਵਿਸ਼ਵ ਕਬੱਡੀ ਲੀਗ ਦੇ ਫਾਈਨਲ ਮੈਚ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਸ. ਬਾਦਲ ਨੇ ਕਿਹਾ ਕਿ ਹੁਣ ਘੱਟੋ ਘੱਟ 16 ਦੇਸ਼ ਕਬੱਡੀ ਖੇਡ ਰਹੇ ਹਨ ਤੇ ਸਾਰੀ ਦੁਨੀਆਂ ਵਿਚ ਇਸ ਖੇਡ ਦੀ ਪਛਾਣ ਹੋ ਚੁੱਕੀ ਹੈ। ਉਨ੍ਹਾਂ ਕਿਹਿਾ ਕਿ ਭਾਵੇਂ ਕਿ ਬਾਕੀ ਖੇਡਾਂ ਦੀਆਂ ਲੀਗਾਂ ਵੀ ਦੇਸ਼ ਵਿਚ ਚੱਲ ਰਹੀਆਂ ਹਨ ਪਰ ਜੋ ਮਕਬੂਲੀਅਤ ਕਬੱਡੀ ਨੂੰ ਮਿਲੀ ਹੈ ਉਹ ਕਿਸੇ ਹੋਰ ਖੇਡ ਨੂੰ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਪੰਜਾਬ
ਸਰਕਾਰ ਵਲੋਂ ਖੇਡਾਂ ਲਈ ਹਰ ਸਾਲ 90 ਕਰੋੜ ਰੁਪੈ ਖਰਚ ਕੀਤੇ ਜਾ ਰਹੇ ਹਨ ਤੇ ਹਰ ਖੇਡ ਲਈ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਅੱਜ ਸਮਾਪਤੀ ਸਮਾਰੋਹ ਦੌਰਾਨ ਤੀਜੇ ਸਥਾਨ ਲਈ ਹੋਏ ਮੈਚ ਵਿਚ ਕੈਲੇਫੋਰਨੀਆ ਈਗਲਜ਼ ਨੇ ਵੈਨਕੂਵਰ ਲਾਇਨਜ਼ ਨੂੰ ਹਰਾਇਆ। ਫਾਈਨਲ ਮੈਚ ਦੌਰਾਨ ਸੰਦੀਪ ਨੰਗਲ ਅੰਬੀਆ ਦੀ ਅਗਵਾਈ ਵਾਲੀ ਯੂਨਾਈਟਡ ਸਿੰਘਜ਼ ਨੇ ਖਾਲਸਾ ਵੈਰੀਅਰਜ਼ ਨੂੰ ਕਰੜੇ ਮੁਕਾਬਲੇ ਵਿਚ 55 ਦੇ ਮੁਕਾਬਲੇ 57 ਅੰਕਾਂ ਨਾਲ ਮਾਤ ਦੇ ਕੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਇਸ ਮੌਕੇ ਮੁੱਖ ਤੌਰ ’ਤੇ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ, ਵਿਧਾਇਕ ਪ੍ਰਗਟ ਸਿੰਘ , ਡੀ.ਆਈ.ਜੀ. ਆਰ. ਕੇ ਜੈਸਵਾਲ ਤੇ ਡਿਪਟੀ ਕਮਿਸ਼ਨਰ ਤਜਿੰਦਰਪਾਲ ਸਿੰਘ ਸਿੱਧੂ ਹਾਜ਼ਰ ਸਨ।



