ਜੈਤੋ, 22 ਨਵੰਬਰ (ਜੋਗਿੰਦਰ ਕਾਲੜਾ)- ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਨਾਲ ਸਬੰਧਿਤ ਤਹਿਸੀਲ ਜੈਤੋ ਦੇ ਪੈਨਸ਼ਨਰਾਂ ਨੇ ਨਹਿਰੂ ਪਾਰਕ ਵਿਚ ਮੀਟਿੰਗ ਕਰ ਕੇ ਆਪਣੇ ਉਨ•ਾਂ ‘ਸਾਥੀਆਂ’ ਦੀ ਆਲੋਚਨਾ ਕੀਤੀ ਹੈ ਜੋ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਆਵਾਜ਼ ਬਣਨ ਦੀ ਥਾਂ ਕਥਿਤ ਤੌਰ ’ਤੇ ਅਫ਼ਸਰਾਂ ਦਾ ਪੱਖ ਪੂਰਦੇ ਰਹੇ। ਜਥੇਬੰਦੀ ਦੇ ਪ੍ਰਧਾਨ ਮਾਸਟਰ ਜਗਤਾਰ ਰੋੜੀਕਪੂਰਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ’ਚ ਪੈਨਸ਼ਨਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਖੁਦ ਫੈਸਲਾ ਕਰਨ ਕਿ ਕੀ ਉਹ ਅਜਿਹੇ ਅਖੌਤੀ ਆਗੂਆਂ ਦੇ ਨਾਲ ਖਲੋਣਗੇ ਜੋ ਇਕ ਕਥਿਤ ਤੌਰ ’ਤੇ ਭ੍ਰਿਸ਼ਟ ਖ਼ਜ਼ਾਨਾ ਅਫ਼ਸਰ ਦੀ ਹਮਾਇਤ ਕਰਦੇ ਰਹੇ ਹਨ। ਮੀਟਿੰਗ ’ਚ ਆਨੇ-ਬਹਾਨੇ ਪੈਨਸ਼ਨਰਾਂ ਤੋਂ ਰੁਪਏ ਇਕੱਠੇ ਕਰਨ ਵਾਲੇ ਪੈਨਸ਼ਨਰ ਆਗੂਆਂ ਦੀ ਵੀ ਆਲੋਚਨਾ ਕੀਤੀ। ਮਤਾ ਪਾਸ ਕਰ ਕੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਡੀ.ਏ. ਦੀਆਂ ਕਿਸ਼ਤਾਂ ਦੇ ਬਕਾਏ ਨਾ ਦਿੱਤੇ ਜਾਣ ਦੀ ਨਿੰਦਾ ਕੀਤੀ ਗਈ। ਮੰਗ ਕੀਤੀ ਗਈ ਕਿ
ਮੈਡੀਕਲ ਭੱਤਾ 3000 ਰੁਪਏ ਮਹੀਨਾ ਕੀਤਾ ਜਾਵੇ। ਡੀ.ਏ. ਦਾ 50 ਪ੍ਰਤੀਸ਼ਤ ਬੇਸਿਕ ਪੈਨਸ਼ਨ ਵਿਚ ਜੋੜ ਕੇ ਪੈਨਸ਼ਨ ਫਿਕਸ ਕੀਤੀ ਜਾਵੇ। ਪੇ-ਕਮਿਸ਼ਨ ਬਣਾ ਕੇ ਜਨਵਰੀ 2014 ਤੋਂ ਸਮੀਖਿਆ ਆਰੰਭੀ ਜਾਵੇ। ਜਥੇਬੰਦੀ ਦੇ ਅਤੀਤ ਦੇ ਕੰਮ ਕਾਜ ’ਤੇ ਸਤੁੰਸ਼ਟੀ ਪ੍ਰਗਟਾਈ ਗਈ। ਮੀਟਿੰਗ ਵਿਚ ਤੇਜਾ ਸਿੰਘ, ਚਰਨਜੀਤ ਪੰਮਾ, ਗੁਰਮੁਖ ਸਿੰਘ, ਕੇਵਲ ਰੋਮਾਣਾ, ਜਗਦੀਸ਼ ਰਾਏ ਸ਼ਰਮਾ, ਤੀਰਥ ਗਰਗ, ਪ੍ਰਕਾਸ਼ ਚੰਦ, ਮਾਧੋ ਲਾਲ, ਮਦਨ ਲਾਲ, ਕਰਤਾਰ ਸਿੰਘ, ਨੇਤ ਰਾਮ, ਵਲੈਤੀ ਰਾਮ, ਦੇਸ ਰਾਜ, ਬਲਦੇਵ ਕ੍ਰਿਸ਼ਨ, ਸੱਤਪਾਲ ਗੁਪਤਾ, ਓਮ ਪ੍ਰਕਾਸ਼ ਆਦਿ ਹਾਜ਼ਰ ਹੋਏ। ਪ੍ਰੈਸ ਨੂੰ ਇਹ ਜਾਣਕਾਰੀ ਜਗਤਾਰ ਰੋੜੀਕਪੂਰਾ ਨੇ ਦਿੱਤੀ।



