ਚੰਡੀਗੜ੍ਹ, 22 ਨਵੰਬਰ (ਨਾਗਪਾਲ)- ਅੱਜ ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਹੰਸ ਰਾਜ ਕਾਲਜ, ਦਿੱਲੀ ਯੂਨੀਵਰਸਿਟੀ ਦੀ ਬੀ.ਕਾਮ. (ਆਨਰਜ਼) ਦੀ ਵਿਦਿਆਰਥਣ ਸਿਰਜਣਦੀਪ ਕੌਰ ਉੱਭਾ ਦੇ ਅੰਗਰੇਜ਼ੀ ਨਾਵਲ ‘ਦ ਟਰਇੰਫ’ ਪ੍ਰੋ. ਅੱਛਰੂ ਸਿੰਘ ਵਲੋਂ ਕੀਤਾ ਗਿਆ ਪੰਜਾਬੀ ਅਨੂਵਾਦ ‘‘ਜਿੱਤ’’ ਰੀਲੀਜ਼ ਕੀਤਾ ਗਿਆ। ਰੀਲੀਜ਼ ਸਮਾਗਮ ਵਿਚ ਡਾ. ਕਰਮਜੀਤ ਸਿੰਘ ਸਰਾ, ਸਾਬਕਾ ਆਈ.ਏ.ਐਸ., ਡਾ. ਸਤੀਸ਼ ਵਰਮਾ, ਪ੍ਰੋ. ਕੇ. ਕੇ. ਉੱਪਲ, ਪ੍ਰੋ. ਗੁਰਪਾਲ ਸਿੰਘ ਸੰਧੂ, ਹਰੀਸ਼ ਜੈਨ ਅਤੇ ਡਾ. ਧਰਮਿੰਦਰ ਸਿੰਘ ਉੱ੍ਯਭਾ, ਡਾਇਰੈਕਟਰ ਐਜੂਕੇਸ਼ਨ, ਐਸ.ਜੀ.ਪੀ.ਸੀ. ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ। ਇਸ ਮੌਕੇ ’ਤੇ ਬੋਲਦੇ ਹੋਏ ਲੇਖਕ ਸਿਰਜਣਦੀਪ ਕੌਰ ਉੱਭਾ ਨੇ ਕਿਹਾ ਕਿ ਉਸਨੇ ਆਪਣਾ ਅੰਗਰੇਜ਼ੀ ਨਾਵਲ ਦਿੱਲੀ ਦੇ ਦਾਮਿਨੀ ਕਾਂਡ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਹੈ ਅਤੇ ਉਹ ਇਹ ਸੋਚਦੀ ਹੈ ਕਿ ਲੜਕੀਆਂ ਨੂੰ ਸੰਘਰਸ਼ ਕਰਦੇ ਹੋਏ ਆਪਣਾ ਸਥਾਨ ਅਤੇ ਮੁਕਾਮ ਕਾਇਮ ਕਰਨਾ ਹੋਵੇਗਾ
ਅਤੇ ਜ਼ਿੰਦਗੀ ਵਿਚ ਜਿੱਤ ਪ੍ਰਾਪਤ ਕਰਨੀ ਹੋਵੇਗੀ। ਪ੍ਰੋ. ਅੱਛਰੂ ਸਿੰਘ ਨੇ ਕਿਹਾ ਇਸ ਨਾਵਲ ਨੂੰ ਪੰਜਾਬੀ ਅਨੁਵਾਦ ਕਰਨ ਸਮੇਂ ਜੋ ਸਕੂਨ ਦਾ ਅਹਿਸਾਸ ਉਨ੍ਹਾਂ ਨੂੰ ਹੋਇਆ ਹੈ ਉਹ ਸੱਚਮੁੱਚ ਹੀ ਅਨੂਠਾ ਅਤੇ ਵਿਲੱਖਣ ਸੀ। ਇਹ ਨਾਵਲ ਅੰਗਰੇਜ਼ੀ ਅਤੇ ਪੰਜਾਬੀ ਦੋਨਾਂ ਹੀ ਭਾਸ਼ਾਵਾਂ ਵਿਚ ਯੂਨੀਸਟਾਰ ਬੁੱਕਸ, ਚੰਡੀਗੜ੍ਹ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਸਮਾਗਮ ਦੇ ਮੁੱਖ ਵਕਤਾ ਡਾ. ਸਤੀਸ਼ ਵਰਮਾ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਿਰਜਣਦੀਪ ਦੇ ਇਸ ਕਾਰਜ ਨੂੰ ਅੰਗਰੇਜ਼ੀ ਸਾਹਿਤ ਅਤੇ ਅਨੁਵਾਦ ਰਾਹੀਂ ਪੰਜਾਬੀ ਸਾਹਿਤ ਵਿਚ ਹੋਇਆ ਇੱਕ ਨਿੱਗਰ ਵਾਧਾ ਦੱਸਿਆ। ਉਨ੍ਹਾਂ ਕਾਮਨਾ ਕੀਤੀ ਕਿ ਉਹ ਦਿਨ ਦੂਰ ਨਹੀਂ ਜਦੋਂ ਸਿਰਜਣਦੀਪ ਅੰਗਰੇਜ਼ੀ ਦੇ ਨਾਵਲਕਾਰਾਂ ਦੀ ਮੂਹਰਲੀ ਕਤਾਰ ਵਿਚ ਸ਼ੁਮਾਰ ਹੋਵੇਗੀ। ਡਾ. ਕਰਮਜੀਤ ਸਿੰਘ ਸਰਾ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਜਿੱਥੇ ਸਿਰਜਣਦੀਪ ਦੀ ਕਿਰਤ ਸ਼ਲਾਘਾ ਕੀਤੀ ਉਥੇ ਉਨ੍ਹਾਂ ਇਹ ਵੀ ਕਿਹਾ ਕਿ ਇਹ ਰਚਨਾ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਇਹ ਅਹਿਸਾਸ ਹੋ ਸਕੇ ਕਿ ਸਮਾਜ ਵਿਚ ਲੜਕੀਆਂ ਪ੍ਰਤੀ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ।



