ਬਠਿੰਡਾ, 28 ਜੁਲਾਈ (ਅਵਤਾਰ ਸਿੰਘ ਕੈਂਥ, ਗੁਰਦੀਪ ਮਾਨ)- ਜ਼ਿਲ੍ਹਾ ਪੁਲਿਸ ਵੱਲੋਂ ਨਸ਼ੇ ਦੇ ਸੁਦਾਗਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਡੀ.ਆਈ.ਜੀ.ਅਮਰ ਸਿੰਘ ਸਿੰਘ ਚਹਿਲ ਅਤੇ ਰਵਚਰਨ ਸਿੰਘ ਬਰਾੜ ਐਸ ਐਸ ਪੀ ਵੱਲੋਂ ਨਾਈਟ ਪੁਲਿਸਿੰਗ ਸਕੀਮ ਅਧੀਨ ਅਤੇ ਦਿੱਤੇ ਦਿਸ਼ਾ ਨਿਰਦੇਸ਼ਾਂ ‘ਤੇ ਚਲਦਿਆਂ ਨਾਰਕੋਟਿਕ ਸੈੱਲ ਬਠਿੰਡਾ ਡੀ ਐਸ ਪੀ ਰਣਜੀਤ ਸਿੰਘ ਦੀ ਨਿਗਰਾਨੀ ਹੇਠ ਚੈੱਕ ਕਰਦਿਆਂ ਕੇਲਿਆਂ ਦੇ ਭਰੇ ਕੈਂਟਰ ਹੇਠ ਛੁਪਾ ਕੇ ਲਿਜਾਈ ਜਾ ਰਹੀ 120 ਬੋਰੀ ਭੁੱਕੀ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ‘ਚ ਸਫਲਤਾ ਹਾਸ਼ਲ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਨਾਰਕੋਟਿਕ ਸੈੱਲ ਬਠਿੰਡਾ ਵਲੋਂ ਐਸ. ਆਈ. ਜਸਵੀਰ ਸਿੰਘ ਦੀ ਅਗਵਾਈ ਹੇਠ ਬਠਿੰਡਾ-ਬਾਦਲ ਸੜਕ ‘ਤੇ ਪਿੰਡ ਚੱਕ ਅਤਰ ਸਿੰਘ ਵਾਲਾ ਨੇੜੇ ਗੁਪਤ ਸੂਚਨਾ ਦੇ ਅਧਾਰ ‘ਤੇ ਨਾਕਾ ਲਗਾ ਕੇ ਚੈਂਕਿੰਗ ਕੀਤੀ ਜ ਰਹੀ ਸੀ ਜਦੋਂ ਪਿੰਡ ਕਾਲਝਰਾਣੀ ਵੱਲੋਂ ਆ ਰਹੇ ਕੈਂਟਰ ਨੰ ਪੀ.ਬੀ.-29 ਪੀ.-1421 ਜੋ ਕੇਲਿਆਂ ਦਾ ਭਰਿਆ ਹੋਇਆ ਸੀ, ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕੇਲਿਆਂ ਦੇ ਥੱਲੇ ਛੁਪਾ ਕੇ ਲੈ ਕੇ ਜਾਈਆਂ ਜਾ ਰਹੀਆਂ 120 ਬੋਰੀਆਂ ਭੁੱਕੀ ਬਰਾਮਦ ਹੋਈ, ਜਿਸ ਦਾ ਕੁੱਲ ਵਜ਼ਨ 42 ਕੁਇੰਟਲ ਦੱਸਿਆ ਗਿਆ ਹੈ। ਇਸ ਭੁੱਕੀ ਦੀ ਬਾਜ਼ਾਰੀ ਕੀਮਤ ਲਗਪਗ 50 ਲੱਖ ਰੁਪਏ ਦੱਸੀ ਜਾ ਰਹੀ ਹੈ। ਟਰੱਕ ਸਮੇਤ ਗ੍ਰਿਫ਼ਤਾਰ ਇਨ੍ਹਾਂ ਅੰਤਰ ਰਾਜੀ ਭੁੱਕੀ ਸਮੱਗਲਰਾਂ ਦੀ ਪਛਾਣ ਅਸ਼ਵਨੀ ਕੁਮਾਰ ਮੋਗਾ ਅਤੇ ਜਸਪ੍ਰੀਤ ਸਿੰਘ ਬਰਨਾਲਾ ਵਜੋਂ ਹੋਈ ਹੈ, ਜਿਨ੍ਹਾਂ ਵਿਰੁੱਧ ਨਸ਼ਾ ਵਿਰੋਧੀ ਐਕਟ ਤਹਿਤ ਨਾਰਕੋਟਿਕ ਸੈੱਲ ਵੱਲੋਂ ਥਾਣਾ ਨੰਦਗੜ੍ਹ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ।
ਪੁਲਿਸ ਵੱਲੋਂ ਭੁੱਕੀ ਦੇ ਭਰੇ ਟਰੱਕ ਸਮੇਤ ਦੋ ਗ੍ਰਿਫ਼ਤਾਰ



