ਜਲੰਧਰ 28 ਜੁਲਾਈ() ਰਾਸ਼ਟਰੀ ਤੇ ਅੰਤਰ ਰਾਸ਼ਟਰੀ ਖਿਡਾਰੀਆਂ ਨੂੰ ਬਿਹਤਰੀਨ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਖੇਡਾਂ ਦੇ ਸਮਾਨ ਤਿਆਰ ਕਰਨ ਵਾਲੇ ਸ਼ਹਿਰ ਵਜੋਂ ਜਾਣੇ ਜਾਂਦੇ ਜਲੰਧਰ ਦੇ ਬਰਲਟਨ ਪਾਰਕ ਵਿਖੇ 2 ਕਰੋੜ ਰੁਪਏ ਖਰਚ ਕਰਕੇ ਇੰਟਰਨੈਸ਼ਨਲ ਸਪੋਰਟਸ ਹੋਸਟਲ ਬਣਾਇਆ ਗਿਆ ਹੈ

ਜਿਸ ਦਾ ਉਦਘਾਟਨ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ ਅਗਲੇ ਮਹੀਨੇ ਕਰਨਗੇ। ਇਹ ਜਾਣਕਾਰੀ ਖੇਡ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਅਤੇ ਜਲੰਧਰ ਕੈਂਟ ਦੇ ਵਿਧਾਇਕ ਸ੍ਰ.ਪਰਗਟ ਸਿੰਘ ਨੇ ਦਿੰਦੇ ਹੋਏ ਦੱਸਿਆ ਕਿ ਇਸ ਕੌਮਾਂਤਰੀ ਖੇਡ ਹੋਸਟਲ ਦੇ 27 ਕਮਰੇ ਹਨ ਜੋ ਪੂਰਨ ਰੂਪ ਵਿਚ ਏਅਰ ਕੰਡੀਸ਼ਨਡ ਹਨ ਅਤੇ ਇਨ੍ਹਾਂ ਕਮਰਿਆਂ ਵਿਚ ਫਰਿੱਜ,ਟੀ.ਵੀ., ਡਬਲ ਬੈਡ, ਡਾਈਨਿੰਗ ਹਾਲ , ਰਿਕਰੇਸ਼ਨ ਰੂਮ ਆਦਿ ਸਮੇਤ ਸਾਰੀਆਂ ਆਧੁਨਿਕ ਸਹੂਲਤਾਂ ਉਪਲਬੱਧ ਹਨ। ਉਨ੍ਹਾਂ ਦੱਸਿਆ ਕਿ ਇਸ ਹੋਸਟਲ ਵਿਚ ਸੂਰਜੀ ਊਰਜਾ ਰਾਹੀਂ ਬਿਜਲੀ, ਪਾਣੀ ਅਤੇ ਗਰਮ ਪਾਣੀ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਹੋਸਟਲ ਦੀ ਉਸਾਰੀ ਦਾ ਕੰਮ ਸਾਲ 2010 ਵਿਚ ਸੁਰੂ ਕੀਤਾ ਗਿਆ ਸੀ ਜੋ ਦਸੰਬਰ 2012 ਵਿਚ ਨਿਰਧਾਰਿਤ ਸਮੇਂ ਵਿਚ ਮੁਕੰਮਲ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਇਹ ਖੇਡ ਹੋਸਟਲ ਖਿਡਾਰੀਆਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਦਾ ਬਿਹਤਰੀਨ ਕੌਮਾਂਤਰੀ ਖੇਡ ਹੋਸਟਲ ਹੈ ਜਿਥੇ ਰਾਸ਼ਟਰੀ,ਅੰਤਰ ਰਾਸ਼ਟਰੀ ਖਿਡਾਰੀਆਂ ਦੇ ਕੈਂਪ ਲਗਾਏ ਜਾਣਗੇ ਅਤੇ ਦੇਸੀ, ਵਿਦੇਸ਼ੀ ਖਿਡਾਰੀਆਂ ਦੇ ਠਹਿਰਣ ਲਈ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਇੰਡੀਅਨ ਹਾਕੀ ਲੀਗ ਦੇ ਖਿਡਾਰੀਆਂ ਨੂੰ ਇਸ ਹੋਸਟਲ ਵਿਚ ਠਹਿਰਾਇਆ ਗਿਆ ਸੀ ਜਿਨ੍ਹਾਂ ਨੇ ਖਿਡਾਰੀਆਂ ਦੀ ਸਹੂਲਤ ਲਈ ਬਣਾਏ ਗਏ ਇਸ ਅਤਿ ਆਧੁਨਿਕ ਹੋਸਟਲ ਲਈ ਪੰਜਾਬ ਸਰਕਾਰ ਦੇ ਇਸ ਸੁਚੱਜੇ ਉਪਰਾਲੇ ਦੀ ਸ਼ਲਾਘਾ ਕੀਤੀ। ਸ੍ਰੀ ਰਾਕੇਸ਼ ਕੌਸ਼ਲ ਜ਼ਿਲ੍ਹਾ ਖੇਡ ਅਫਸਰ ਜਲੰਧਰ ਨੇ ਦੱਸਿਆ ਕਿ ਇਸ ਕੌਮਾਂਤਰੀ ਖੇਡ ਹੋਸਟਲ ਨੂੰ ‘ਪ੍ਰਗਟਸ ਬੇਬੀ’ ਕਿਹਾ ਜਾਂਦਾ ਹੈ ਜੋ ਸ੍ਰ.ਪ੍ਰਗਟ ਸਿੰਘ ਦੇ ਅਣਥੱਕ ਯਤਨਾਂ, ਲਗਨ,ਮਿਹਨਤ ਸਦਕਾ ਹੋਂਦ ਵਿਚ ਆਇਆ ਹੈ। ਉਨ੍ਹਾਂ ਦੱਸਿਆ ਕਿ ਇਸ ਹੋਸਟਲ ਦੀ ਸਮੁੱਚੀ ਰੂਪ ਰੇਖਾ ਤੋਂ ਲੈ ਕੇ ਫੰਡਾਂ ਦਾ ਪ੍ਰਬੰਧ ਕਰਨ ਤੱਕ ਸਮੁੱਚੇ ਕੰਮ ਕਾਜ ਨੂੰ ਨੇਪਰੇ ਚੜਾਉਣ ਵਿਚ ਸ੍ਰ.ਪ੍ਰਗਟ ਸਿੰਘ ਨੇ ਵਿਸ਼ੇਸ਼ ਦਿਲਚਸਪੀ ਲੈਂਦੇ ਹੋਏ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਇਸ ਹੋਸਟਲ ਦੇ ਉਦਘਾਟਨ ਤੋਂ ਬਾਅਦ ਖਿਡਾਰੀਆਂ ਦੇ ਇਥੇ ਠਹਿਰਣ ਅਤੇ ਹੋਸਟਲ ਦੀ ਸਾਂਭ ਸੰਭਾਲ ਅਤੇ ਸਟਾਫ ਸਬੰਧੀ ਸਮੁੱਚੇ ਪ੍ਰਬੰਧ ਖੇਡ ਵਿਭਾਗ ਪੰਜਾਬ ਵਲੋਂ ਕੀਤੇ ਜਾਣਗੇ।
ਜਲੰਧਰ ਦੇ ਬਰਲਟਨ ਪਾਰਕ ‘ਚ 2 ਕਰੋੜ ਦੀ ਲਾਗਤ ਨਾਲ ਬਣਿਆ ਕੌਮਾਂਤਰੀ ਖੇਡ ਹੋਸਟਲ



