ਚੰਡੀਗੜ੍ਹ, 11 ਨਵੰਬਰ (ਪੀ. ਟੀ.)- ਪੰਜਾਬ ਦੇ ਗੈਰ-ਰਿਵਾਇਤੀ ਉਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਨਵਿਆਉਣਯੋਗ ਉਰਜਾ ਸ੍ਰੋਤਾਂ ਤੋਂ ਬਿਨਾਂ ਪ੍ਰਦੂਸ਼ਣ ਪੈਦਾ ਕੀਤੀ ਜਾਂਦੀ ਬਿਜਲੀ ਨੂੰ ਸਵੱਛ ਭਾਰਤ ਮਿਸ਼ਨ ਦਾ ਅਹਿੰਮ ਹਿੱਸਾ ਬਣਾਇਆ ਜਾਵੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਬਿਜਲੀ ਪੈਦਾ ਕਰਨ ਦੇ ਰਿਵਾਇਤੀ ਸ੍ਰੋਤਾਂ ਤੋਂ ਪੈਦਾ ਹੁੰਦੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ। ਅੱਜ ਇਥੇ ਕੰਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ) ਅਤੇ ਪੇਡਾ ਵਲੋਂ ਸੰਯੁਕਤ ਰੂਪ ਵਿਚ ਨਵੀਂ ਨੈਟ ਮੀਟਰਿੰਗ ਨੀਤੀ ਤਹਿਤ ਛੱਤਾਂ ’ਤੇ ਸੂਰਜੀ ਉਰਜਾ ਰਾਹੀਂ ਬਿਜਲੀ ਉਤਪਾਦਨ ਬਾਰੇ ਕਰਵਾਈ ਗਈ ਕਾਨਫਰੰਸ ਦੇ ਉਦਘਾਟਨੀ ਸੈਸ਼ਨ
ਦੀ ਪ੍ਰਧਾਨਗੀ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਹੁਣ ਸਾਡੇ ਲਈ ਇਹ ਲਾਜ਼ਮੀ ਬਣ ਗਿਆ ਹੈ ਕਿ ਸੂਰਜੀ ਉਰਜਾ, ਹਾਇਡਲ, ਪਵਣ ਚੱਕੀਆਂ ਅਤੇ ਖੇਤੀ ਰਹਿੰਦ-ਖੁਹੰਦ ਆਦਿ ਜ਼ਰੀਏ ਪੈਦਾ ਕੀਤੀ ਜਾਂਦੀ ਪ੍ਰਦੂਸ਼ਨ ਰਹਿਤ ਬਿਜਲੀ ਦੇ ਪ੍ਰਾਜੈਕਟਾਂ ਨੂੰ ਵੱਡੇ ਪੱਧਰ ’ਤੇ ਸ਼ੁਰੂ ਕਰੀਏ ਅਤੇ ਇਹ ਇੱਕ ਮਿਸ਼ਨ ਦੇ ਰੂਪ ਵਿਚ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਮਿਸ਼ਨ ਨੂੰ ਦੇਸ਼ ਭਰ ਵਿਚ ਸ਼ੁਰੂ ਕੀਤਾ ਹੈ, ਇਸ ਵਿੱਚ ਸਾਫ ਸੁਥਰੇ ਢੰਗ ਨਾਲ ਪੈਦਾ ਹੁੰਦੀ ਬਿਜਲੀ ਨੂੰ ਸ਼ਾਮਲ ਕਰਕੇ ਦੁਵੱਲੇ ਮੰਤਵ ਹਾਸਲ ਕੀਤੇ ਜਾ ਸਕਦੇ ਹਨ। ਇਸ ਨਾਲ ਜਿਥੇ ਦੇਸ਼ ਬਿਜਲੀ ਦੀ ਬਹੁਤਾਤ ਵਾਲਾ ਮੁਲਕ ਬਣੇਗਾ ਉਥੇ ਵਾਤਾਵਰਣ ਨੂੰ ਵੀ ਪ੍ਰਦੂਸ਼ਣ ਤੋਂ ਬਚਾਇਆ ਜਾ ਸਕਦਾ ਹੈ। ਇਨ੍ਹਾਂ ਪ੍ਰਾਜੈਕਟਾਂ ਨੂੰ ਆਰਥਿਕ ਤੌਰ ’ਤੇ ਲਾਹੇਵੰਦ ਬਣਾਉਣ ਲਈ ਖੁਲ ਦਿਲੀ ਵਾਲੀਆਂ ਕਰ ਰਿਆਇਤਾਂ ਅਤੇ ਘੱਟ ਵਿਆਜ ਦਰਾਂ ’ਤੇ ਕਰਜੇ ਉਪਲਭੱਧ ਕਰਾਉਣ ਦੀ ਵਕਾਲਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਸ ਦਿਸ਼ਾ ਵਿਚ ਪਹਿਲਕਦਮੀ ਕਰਕੇ ਹੀ ਦੇਸ਼ ਨੂੰ ਨਵਿਆਉਣਯੋਗ ਸ੍ਰੋਤਾਂ ਤੋਂ ਬਿਜਲੀ ਪੈਦਾ ਕਰਨ ਦੇ ਖੇਤਰ ਵਿਚ ਨੰਬਰ 1 ਮੁਲਕ ਬਣਾਇਆ ਜਾ ਸਕਦਾ ਹੈ। ਸ. ਮਜੀਠੀਆ ਨੇ ਡੇਰਾ ਬਿਆਸ ਵਲੋਂ ਸਿਰਫ 8 ਮਹੀਨਿਆਂ ਵਿਚ 7.5 ਮੈਗਾਵਾਟ ਸਮਰੱਥਾ ਵਾਲਾ ਵਿਸ਼ਵ ਦਾ ਸਭ ਤੋਂ ਵੱਡਾ ਇੱਕ ਛੱਤ ‘ਤੇ ਬਣਿਆ ਸੂਰਜੀ ਉਰਜਾ ਤੋਂ ਬਿਜਲੀ ਪੈਦਾ ਕਰਨ ਵਾਲਾ ਪ੍ਰਾਜੈਕਟ ਮੁਕੰਮਲ ਕਰਨ ਅਤੇ ਹੁਣ ਅੱਗੇ ਉਸ ਵਿਚ 27.5 ਮੈਗਾਵਾਟ ਹੋਰ ਸਮਰੱਥਾ ਦਾ ਵਾਧਾ ਕਰਨ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਸਫਲਤਾਵਾਂ ਦਾ ਵੱਡੇ ਪੱਧਰ ’ਤੇ ਪ੍ਰਚਾਰ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਨਵੀਂ ਅਤੇ ਨਵਿਆਉਣਯੋਗ ਉਰਜਾ ਮੰਤਰੀ ਸ਼੍ਰੀ ਪਿਯੂਸ਼ ਗੋਇਲ ਨੇ ਹਾਲੀਆ ਪੰਜਾਬ ਫੇਰੀ ਦੌਰਾਨ ਪੰਜਾਬ ਲਈ 2000 ਮੈਗਾਵਾਟ ਸੂਰਜੀ ਉਰਜਾ ਪ੍ਰਾਜੈਕਟਾਂ ਦੀ ਸਿਧਾਂਤਕ ਪ੍ਰਵਾਨਗੀ ਦਿੱਤੀ ਸੀ ਅਤੇ ਪੰਜਾਬ ਸਰਕਾਰ ਵਲੋਂ ਰਾਜ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਇਸ ਮਕਸਦ ਲਈ ਜ਼ਮੀਨ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਜਿਸ ਲਈ ਨਿਗਮਾਂ ਅਤੇ ਪੰਚਾਇਤਾਂ ਨੂੰ ਜਿੰਮੇਵਾਰੀ ਸੌਂਪੀ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਪੰਚਾਇਤਾਂ ਨੂੰ ਆਪਣੀ 75 ਫੀਸਦੀ ਤੱਕ ਜ਼ਮੀਨ ਅਜਿਹੇ ਪ੍ਰਾਜੈਕਟਾਂ ਲਈ ਪਟੇ ਦੇ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ ਦੌਰਾਨ ਰਾਜ ਦੀ ਸੂਰਜੀ ਉਰਜਾ ਤੋਂ ਪੈਦਾ ਹੁੰਦੀ ਬਿਜਲੀ ਦੀ ਸਮਰੱਥਾ ਵਿਚ 6 ਗੁਣਾ ਵਾਧਾ ਹੋਇਆ ਹੈ ਅਤੇ ਰਾਜ ਸਰਕਾਰ ਵਲੋਂ ਪ੍ਰਵਾਨ ਕੀਤੇ 250 ਮੈਗਾਵਾਟ ਸਮਰੱਥਾ ਦੇ ਅਜਿਹੇ ਪ੍ਰਾਜੈਕਟ ਜੋ ਮੁਕੰਮਲ ਹੋਣ ਦੇ ਵੱਖ ਵੱਖ ਪੜਾਵਾਂ ਵਿਚ ਹਨ, ਜਿਨ੍ਹਾਂ ਵਿਚੋਂ 40 ਮੈਗਾਵਾਟ ਦੇ ਪ੍ਰਾਜੈਕਟ ਪੰਜ ਮਹੀਨੇ ਪਹਿਲਾਂ ਹੀ ਮੁਕੰਮਲ ਹੋ ਗਏ ਹਨ। ਇਸ ਮੌਕੇ ਬੋਲਦਿਆਂ ਭਾਰਤ ਸਰਕਾਰ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਕੱਤਰ ਸ਼੍ਰੀ ਉਪੇਂਦਰ ਤ੍ਰਿਪਾਠੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਗਲੇ ਪੰਜ ਸਾਲਾਂ ਦੌਰਾਨ 1 ਲੱਖ ਮੈਗਾਵਾਟ ਬਿਜਲੀ ਸੂਰਜੀ ਉਰਜਾ ਤੋਂ ਪੈਦਾ ਕਰਨ ਦਾ ਟੀਚਾ ਰੱਖਿਆ ਹੈ ਅਤੇ ਅਜਿਹਾ ਵੱਖ ਵੱਖ ਰਾਜਾਂ ਦੇ ਸਰਗਰਮ ਸਹਿਯੋਗ ਨਾਲ ਹੀ ਸੰਭਵ ਹੋ ਸਕੇਗਾ। ਉਨ੍ਹਾਂ ਕਿਹਾ ਕਿ ਰਾਜ ਦੀ ਸੂਰਜੀ ਉਰਜਾ ਸਮਰੱਥਾ ਦਾ ਮੁੜ ਜਾਇਜਾ ਲਿਆ ਜਾ ਰਿਹਾ ਹੈ ਅਤੇ 15,000 ਆਈ.ਟੀ.ਆਈ ਸਿਖਿਅਤ ਵਿਦਿਆਰਥੀਆਂ ’ਤੇ ਅਧਾਰਿਤ ਸੋਲਰ ਆਰਮੀ ਦੇ ਗਠਨ ਦੀ ਵੀ ਤਜਵੀਜ਼ ਵਿਚਾਰ ਅਧੀਨ ਹੈ ਜੋ ਵੱਡੀਆਂ ਸੜਕਾਂ, ਰੇਲਵੇ ਲਾਈਨਾਂ, ਰੇਗੀਸਤਾਨੀ ਇਲਾਕਿਆਂ ਜਾਂ ਗੈਰ ਕਾਸ਼ਤਯੋਗ ਜ਼ਮੀਨਾਂ ਵਿਖੇ ਭਵਿੱਖ ਵਿਚ ਸਥਾਪਿਤ ਕੀਤੇ ਜਾਣ ਵਾਲੇ ਵੱਡੇ ਪ੍ਰਾਜੈਕਟਾਂ ਦੀ ਦੇਖ ਰੇਖ ਕਰਣਗੇ। ਉਨ੍ਹਾਂ ਕਿਹਾ ਕਿ 15 ਤੋਂ 17 ਫਰਵਰੀ, 2015 ਤੱਕ ਵਿਸ਼ਵ ਪੱਧਰੀ ਨਿਵੇਸ਼ਕ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਵਿਚ 300 ਵੱਡੇ ਨਿਵੇਸ਼ਕ ਭਾਗ ਲੈਣਗੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਸੰਮੇਲਨ ਨਵਿਆਉਣਯੋਗ ਉਰਜਾ ਪ੍ਰਾਜੈਕਟਾਂ ਲਈ ਵੱਡੇ ਪਲੇਟਫਾਰਮ ਦਾ ਕੰਮ ਕਰੇਗਾ। ਉਨ੍ਹਾਂ ਪੰਜਾਬ ਸਰਕਾਰ ਦੀ ਨਵਿਆਉਣਯੋਗ ਉਰਜਾ ਖੇਤਰ ਵਿਚ ਕਾਰਗੁਜ਼ਾਰੀ ਦੀ ਵੀ ਭਰਪੂਰ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਸ਼੍ਰੀ ਅਨਿਰੁੱਧ ਤਿਵਾੜੀ, ਸਕੱਤਰ ਬਿਜਲੀ ਅਤੇ ਗੈਰ ਰਿਵਾਇਤੀ ਉਰਜਾ ਨੇ ਨਵੀਂ ਨੈਟਮੀਟਰਿੰਗ ਨਿਤੀ ਬਾਰੇ ਵਿਸਥਾਰਤ ਪੇਸ਼ਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤਹਿਤ ਘਰਾਂ, ਸੰਸਥਾਵਾਂ, ਵਪਾਰਕ/ਨਿੱਜੀ/ਸਰਕਾਰੀ ਇਮਾਰਤਾਂ, ਗੋਦਾਮਾਂ ਅਤੇ ਸਨਅਤੀ ਇਕਾਇਆਂ ਦੇ ਸੈਡਾਂ ’ਤੇ ਸੂਰਜੀ ਉਰਜਾ ਪ੍ਰਾਜੈਕਟ ਲਾਏ ਜਾ ਸਕਣਗੇ ਅਤੇ ਇਸ ਤਹਿਤ ਪੈਦਾ ਹੋਣ ਵਾਲੀ ਬਿਜਲੀ ਕਿਸੇ ਵੀ ਵੇਲੇ ਗ੍ਰਿਡ ਵਿਚ ਦਿੱਲੀ ਜਾਂ ਲਈ ਜਾ ਸਕੇਗੀ। ਇਸ ਦਾ ਮਕਸਦ ਜਿਥੇ ਨਵਿਆਉਣਯੋਗ ਸ੍ਰੋਤਾਂ ਤੋਂ ਵੱਧ ਤੋਂ ਵੱਧ ਬਿਜਲੀ ਪੈਦਾ ਕਰਨਾ ਹੈ ਉਥੇ ਲੋਕਾਂ ਦੇ ਬਿਜਲੀ ਬਿਲਾਂ ਨੂੰ ਵੀ ਘੱਟ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ 1 ਕਿਲੋ ਵਾਟ ਤੋਂ ਲੈਕੇ 1000 ਕਿਲੋ ਵਾਟ ਤੱਕ ਦੀ ਸਮਰੱਥਾ ਦੇ ਪ੍ਰਾਜੈਕਟ ਲਾਏ ਜਾ ਸਕਦੇ ਹਨ। ਇਸ ਤੋਂ ਪਹਿਲਾਂ ਸ. ਮਜੀਠੀਆ ਅਤੇ ਸ਼੍ਰੀ ਤ੍ਰਿਪਾਠੀ ਨੇ ਉਪਰੋਕਤ ਨੀਤੀ ਨੂੰ ਰਸਮੀ ਤੌਰ ’ਤੇ ਜਾਰੀ ਕੀਤਾ। ਕਾਨਫਰੰਸ ਦੇ ਆਰੰਭ ਵਿਚ ਸ਼੍ਰੀ ਸੰਜੀਵ ਪਾਹਵਾ, ਚੇਅਰਮੈਨ, ਸੀ.ਆਈ.ਆਈ ਪੰਜਾਬ ਸਟੇਟ ਕੌਂਸਲ ਨੇ ਆਏ ਮਹਿਮਾਨਾਂ ਦਾ ਸੁਵਾਗਤ ਕੀਤਾ ਅਤੇ ਪੇਡਾ ਦੇ ਮੁੱਖ ਕਾਰਜਕਾਰੀ ਡਾ. ਅਮਰਪਾਲ ਸਿੰਘ ਨੇ ਧੰਨਵਾਦ ਕੀਤਾ।



